ਨਾਬਾਲਗ ਨੂੰ ਜਿਉਂਦਾ ਸਾੜਨ ਦੇ ਮਾਮਲੇ ‘ਚ ਤਿੰਨ ਗ੍ਰਿਫ਼ਤਾਰ
ਮਾਨਸਾ (ਸੱਚ ਕਹੂੰ ਨਿਊਜ਼)। ਸ਼ਹਿਰ ਦੇ ਮੂਸਾ ਚੂੰਗੀ ਇਲਾਕੇ ‘ਚ ਨਾਬਾਲਗ ਨੂੰ ਜਿਉਂਦਾ ਸਾੜਣ ਦੇ ਮਾਮਲੇ ‘ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਪੁਲਸ ਰਿਮਾਂਡ ਦੌਰਾਨ ਉਨ੍ਹਾਂ ਤੋਂ ਇਸ ਕਤਲ ਨੂੰ ਲੈ ਕੇ ਕਈ ਹੋਰ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਥਾਣਾ ਸਿਟੀ 1 ਮਾਨਸਾ ਦੀ ਪੁਲਿਸ ਨੂੰ ਮੂਸਾ ਚੂੰਗੀ ਇਲਾਕੇ ‘ਚ ਇੱਕ ਨਾਬਾਲਿਗ ਲੜਕੇ ਜਸਪ੍ਰੀਤ ਸਿੰਘ ਦੀ ਅੱਧ-ਸੜੀ ਲਾਸ਼ ਬਰਾਮਦ ਹੋਈ ਸੀ। ਮੌਕੇ ‘ਤੇ ਪਹੁੰਚੀ ਫੋਰੈਂਸਿਕ ਟੀਮ ਨੇ ਨਿਰੀਖਣ ਦੌਰਾਨ ਪਾਇਆ ਕਿ ਮ੍ਰਿਤਕ ਦਾ ਕਤਲ ਕਰਨ ਤੋਂ ਪਹਿਲਾਂ ਉਸ ਦੇ ਹੱਥ ਪੈਰ ਬੰਨ੍ਹੇ ਗਏ ਸਨ।
ਸਿਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਸਿਵਲ ਹਸਪਤਾਲ ਮਾਨਸਾ ਦੇ ਮੋਰਚਰੀ ਰੂਮ ਵਿੱਚ ਰਖਵਾ ਦਿੱਤਾ ਸੀ। ਜਿਸ ਦਾ ਬਾਅਦ ਦੁਪਹਿਰ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਉਥੇ ਹੀ ਸਿਟੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਸੂਰਤ ਸਿੰਘ ਦੇ ਬਿਆਨ ‘ਤੇ ਉਸ ਦੇ ਵੱਡੇ ਬੇਟੇ ਕੁਲਵਿੰਦਰ ਸਿੰਘ ਨਾਲ ਵਿਆਹ ਕਰਵਾਉਣ ਵਾਲੀ ਲੜਕੀ ਰਾਜੂ ਕੌਰ ਦੇ ਭਰਾ ਜਸ਼ਨ ਸਿੰਘ, ਮਾਸੀ ਦੇ ਲੜਕੇ ਗੁਰਜੀਤ ਸਿੰਘ ਅਤੇ ਇੱਕ ਹੋਰ ਨੌਜਵਾਨ ਰਾਜੂ ਵਾਸੀ ਮਾਨਸਾ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਡੀ. ਐੱਸ. ਪੀ. ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ ‘ਤੇ ਸਿਟੀ 1 ਪੁਲਸ ਨੂੰ ਸੌਂਪ ਦਿੱਤਾ ਹੈ।
- ਮ੍ਰਿਤਕ ਦਾ ਕਤਲ ਕਰਨ ਤੋਂ ਪਹਿਲਾਂ ਬੰਨ੍ਹੇ ਗਏ ਸਨ ਉਸ ਦੇ ਹੱਥ-ਪੈਰ
- ਅਦਾਲਤ ਨੇ ਤਿੰਨ ਦਿਨ ਦੇ ਪੁਲਸ ਰਿਮਾਂਡ ‘ਤੇ ਸਿਟੀ 1 ਪੁਲਸ ਨੂੰ ਸੌਂਪ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।