ਇੱਕ ਨੌਜਵਾਨ ਤੋਂ ਜ਼ਬਰੀ ਵਸੂਲੇ 27 ਹਜ਼ਾਰ ਰੁਪਏ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲਾ ਸੰਗਰੂਰ ਦੇ ਵਸਨੀਕ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਸੀਆਈਏ- 1 ਦੀ ਪੁਲਿਸ ਵੱਲੋਂ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਵਿਅਕਤੀਆਂ ਵੱਲੋਂ ਗਊ ਸੇਵਾ ਦੇ ਨਾਂਅ ’ਤੇ ਸ਼ਿਕਾਇਤਕਰਤਾ ਵਿਅਕਤੀ ਪਾਸੋਂ ਆਨਲਾਇਨ 27 ਹਜ਼ਾਰ ਰੁਪਏ ਵੱਖ ਵੱਖ ਖਾਤਿਆਂ ’ਚ ਪਵਾਏ ਸਨ। (Gang Of Thugs)
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਕੁਲਵੰਤ ਸਿੰਘ ਕਰਾਇਮ ਬ੍ਰਾਂਚ 1 ਲੁਧਿਆਣਾ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਕੱਟੂ ਬਾਲੀਆਂ (ਸੰਗਰੂਰ) ਵੱਲੋਂ ਸੀਆਈਏ- 1 ਲੁਧਿਆਣਾ ਵਿਖੇ ਸ਼ਿਕਾਇਤ ਦਿੱਤੀ ਗਈ ਸੀ ਕਿ ਕੁੱਝ ਵਿਅਕਤੀਆਂ ਨੇ ਗਊਆਂ ਦੀ ਸੇਵਾ ਦੇ ਨਾਂਅ ’ਤੇ ਉਸ ਪਾਸੋਂ ਜ਼ਬਰੀ 27 ਹਜ਼ਾਰ ਰੁਪਏ ਵਸੂਲੇ ਹਨ ਜੋ ਉਸਨੇ ਵੱਖ-ਵੱਖ ਸਮੇਂ ਉਕਤਾਨ ਵਿਅਕਤੀਆਂ ਵੱਲੋਂ ਦਿੱਤੇ ਗਏ ਗੂਗਲ ਪੇ ਨੰਬਰਾਂ ’ਤੇ ਟਰਾਂਸਫਰ ਕੀਤੇ ਹਨ। (Gang Of Thugs)
ਇਹ ਵੀ ਪੜ੍ਹੋ : ਮੇਰੀ ਮਾਟੀ-ਮੇਰਾ ਦੇਸ਼ ਤਹਿਤ ਸ਼ਹੀਦ ਚੰਦ ਸਿੰਘ ਫੈਜੁੱਲਾਪੁਰ ਦੇ ਘਰੋਂ ਇਕੱਤਰ ਕੀਤੀ ਮਿੱਟੀ
ਲਖਵੀਰ ਸਿੰਘ ਮੁਤਾਬਕ ਤਕਰੀਬਨ 15-20 ਕੁ ਦਿਨ ਪਹਿਲਾਂ ਉਸਨੂੰ ਇਸੇ ਅਣਜਾਣ ਮੋਬਾਇਨ ਨੰਬਰ ਤੋਂ ਫੋਨ ਆਇਆ। ਜਿਸ ਦੀ ਵਾਟਸਐਪ ਪ੍ਰੋਫਾਇਲ ’ਤੇ ਕਿਸੇ ਪੁਲਿਸ ਅਫ਼ਸਰ ਦੀ ਫੋਟੋ ਸ਼ੋਅ ਹੋ ਰਹੀ ਸੀ, ਨੇ ਖੁਦ ਨੂੰ ਸਮਾਜ ਸੇਵੀ ਕੰਮ ਕਰਨ ਦੇ ਨਾਲ ਹੀ ਗਊਆਂ ਦੀ ਸੇਵਾ ਕਰਨ ਵਾਲਾ ਵਿਅਕਤੀ ਬਿਆਨ ਕੀਤਾ ਅਤੇ ਉਸ ਪਾਸੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਲਖਵੀਰ ਸਿੰਘ ਮੁਤਾਬਕ ਉਸਨੇ ਉਕਤ ਅਣਜਾਣ ਗੂਗਲ ਪੇ ਨੰਬਰ ’ਤੇ 4 ਹਜ਼ਾਰ ਰੁਪਏ ਟਰਾਂਸਫ਼ਰ ਕਰ ਦਿੱਤੇ ਪਰ ਮੁੜ ਉਸ ਨੂੰ ਸਬੰਧਿਤ ਵਿਅਕਤੀ ਦੇ ਵੱਖ ਵੱਖ ਮੋਬਾਇਲ ਨੰਬਰਾਂ ਤੋਂ ਫੋਨ ਆਏ ਜਿਸ ਵਿੱਚ ਉਸਨੇ ਉਸਨੂੰ ਧਮਕੀਆਂ ਦੇ ਕੇ ਆਪਣੇ ਦੋਸਤਾਂ ਦੇ ਮੋਬਾਇਲ ਨੰਬਰਾਂ ’ਤੇ ਕੁੱਲ 27 ਹਜ਼ਾਰ ਰੁਪਏ ਗੂਗਲ ਪੇ ਕਰਵਾ ਲਏ।
ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵੱਲੋਂ ਤਫ਼ਤੀਸ ਉਪਰੰਤ ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਹਰਵੀਰ ਸਿੰਘ, ਮੁਕੇਸ਼ ਕੁਮਾਰ ਉਰਫ਼ ਡਬਲੂ ਤੇ ਬਾਦਲ ਕੁਮਾਰ ਨੂੰ ਕਾਬੂ ਕਰਕੇ ਉਨਾਂ ਪਾਸੋਂ ਫ਼ਿਰੌਤੀ ਦੇ 15 ਹਜ਼ਾਰ ਰੁਪਏ, 3 ਮੋਬਾਇਲ ਅਤੇ ਪੀਬੀ 10 ਸੀਐਨ – 0014 ਨੰਬਰੀ ਇੱਕ ਇੰਡੈਵਰ ਗੱਡੀ ਵੀ ਬਰਾਮਦ ਕੀਤੀ ਗਈ। ਉਨਾਂ ਦੱਸਿਆ ਕਿ ਸ਼ਿਕਾਇਤ ਦੇ ਅਧਾਰ ’ਤੇ ਗ੍ਰਿਫਤਾਰ ਕੀਤੇ ਗਏ ਉਕਤਾਨ ਤਿੰਨੋਂ ਵਿਅਕਤੀਆਂ ਪਾਸੋਂ ਹੋਰ ਵੀ ਪੁੱਛਗਿੱਛ ਜਾਰੀ ਹੈ।
ਲੁਧਿਆਣਾ ਵਿਖੇ ਗਊ ਸੇਵਾ ਦੇ ਨਾਂਅ ’ਤੇ ਜ਼ਬਰੀ ਵਸੂਲੀ ਕਰਨ ਦੇ ਦੋਸ਼ ’ਚ ਕਾਬੂ ਵਿਅਕਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਕੁਲਵੰਤ ਸਿੰਘ।