ਆਪ ਦੇ ਤਿੰਨ ਵਿਧਾਇਕਾਂ ਫੜਿਆ ਕਾਂਗਰਸ ਦਾ ਹੱਥ, ਚਲਦੇ ਚਲਦੇ ਸੜਕ ‘ਤੇ ਕਰਵਾਇਆ ਗਿਆ ਸ਼ਾਮਲ
- ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਸੁਖਪਾਲ ਖਹਿਰਾ, ਪਿਰਮਲ ਸਿੰਘ ਅਤੇ ਜਗਦੇਵ ਕਮਾਲੂ ਨੂੰ ਕੀਤਾ ਸ਼ਾਮਲ
ਅਸ਼ਵਨੀ ਚਾਵਲਾ, ਚੰਡੀਗੜ੍ਹ। ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ ਹੈ। ਸੁਖਪਾਲ ਖਹਿਰਾ ਅਤੇ ਪਿਰਮਲ ਸਿੰਘ ਸਣੇ ਜਗਦੇਵ ਕਮਾਲੂ ਨੂੰ ਚੰਡੀਗੜ੍ਹ ਵਿਖੇ ਅਮਰਿੰਦਰ ਸਿੰਘ ਵਲੋਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਹੈ। ਇਥੇ ਹੈਰਾਨੀ ਵਾਲੀ ਗਲ ਤਾਂ ਇਹ ਰਹੀ ਕਿ ਆਮ ਆਦਮੀ ਪਾਰਟੀ ਦੇ ਇਨ੍ਹਾਂ ਤਿੰਨ ਵਿਧਾਇਕਾਂ ਨੂੰ ਕਾਂਗਰਸ ਪਾਰਟੀ ਨੇ ਕੋਈ ਪ੍ਰੋਗਰਾਮ ਕਰਨ ਦੀ ਥਾਂ ’ਤੇ ਸੜਕ ’ਤੇ ਚਲਦੇ ਚਲਦੇ ਹੀ ਜੁਆਇੰਨ ਕਰਵਾ ਲਿਆ ਹੈ। ਹੁਣ ਤੱਕ ਇਤਿਹਾਸ ਵਿੱਚ ਕੋਈ ਵੀ ਵਿਧਾਇਕ ਇਸ ਤਰ੍ਹਾਂ ਚਲਦੇ ਚਲਦੇ ਸੜਕ ’ਤੇ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋਇਆ ਹੋਣਾ ਪਰ ਕਾਂਗਰਸ ਵਿੱਚ ਇੱਕ ਨਹੀਂ ਸਗੋਂ ਤਿੰਨ ਤਿੰਨ ਵਿਧਾਇਕ ਚਲਦੇ ਚਲਦੇ ਸੜਕ ਵਿਚਕਾਰ ਹੀ ਪਾਰਟੀ ਵਿੱਚ ਸ਼ਾਮਲ ਕਰਵਾ ਲਏ ਗਏ ਹਨ।
ਜਾਣਕਾਰੀ ਅਨੁਸਾਰ ਭੁੱਲਥ ਤੋਂ ਵਿਧਾਇਕ ਸੁਖਪਾਲ ਖਹਿਰਾ ਪਹਿਲਾਂ ਕਾਂਗਰਸ ਪਾਰਟੀ ਤੋਂ ਹੀ ਵਿਧਾਇਕ ਰਹੇ ਹਨ ਪਰ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਵਿਧਾਇਕ ਦਲ ਦਾ ਲੀਡਰ ਵੀ ਬਣਾਇਆ ਪਰ ਸੁਖਪਾਲ ਖਹਿਰਾ ਦੇ ਨਖਰੇ ਜਿਆਦਾ ਹੋਣ ਅਤੇ ਪਾਰਟੀ ਦੀ ਲੀਡਰਸ਼ਿਪ ’ਤੇ ਹੀ ਉਂਗਲ ਚੁੱਕਣ ਦੇ ਚਲਦੇ ਉਨ੍ਹਾਂ ਨੂੰ ਵਿਧਾਇਕ ਦਲ ਦੇ ਲੀਡਰ ਤੋਂ ਹਟਾ ਦਿੱਤਾ ਗਿਆ। ਜਿਸ ਤੋਂ ਬਾਅਦ ਹੀ ਸੁਖਪਾਲ ਖਹਿਰਾ ਨੇ ਆਪ ਨਾਲ ਬਗਾਵਤ ਕਰਦੇ ਹੋਏ ਆਪਣਾ ਵੱਖਰਾ ਗੁੱਟ ਬਣਾ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਦੀ ਪਾਰਟੀ ਵੀ ਬਣਾਈ ਪਰ ਉਹ ਕਾਮਯਾਬ ਨਹੀਂ ਹੋਏ। ਹੁਣ ਉਨ੍ਹਾਂ ਨੇ ਆਪਣੇ ਦੋ ਸਾਥੀ ਵਿਧਾਇਕਾਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਵਾਪਸੀ ਕਰ ਲਈ ਹੈ। ਸੁਖਪਾਲ ਖਹਿਰਾ ਨਾਲ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਅਤੇ ਮੌੜ ਮੰਡੀ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਸੁਖਪਾਲ ਖਹਿਰਾ ਅਤੇ ਪਿਰਮਲ ਸਿੰਘ ਸਣੇ ਜਗਦੇਵ ਕਮਾਲੂ ਕਾਂਗਰਸ ਪਾਰਟੀ ਵਿੱਚ ਚੰਡੀਗੜ੍ਹ ਪੁੱਜੇ ਤਾਂ ਅਮਰਿੰਦਰ ਸਿੰਘ ਦਿੱਲੀ ਲਈ ਰਵਾਨਾ ਹੋਣ ਲਈ ਹੈਲੀਕਾਪਟਰ ਨੇੜੇ ਖੜ੍ਹੇ ਸਨ। ਇਨ੍ਹਾਂ ਨੂੰ ਸੜਕ ’ਤੇ ਹੀ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਉਂਦੇ ਹੋਏ ਕੁਝ ਫੋਟੋ ਕਰਵਾਈ ਅਤੇ ਅਮਰਿੰਦਰ ਸਿੰਘ ਦਿੱਲੀ ਰਵਾਨਾ ਹੋ ਗਏ। ਇਸ ਮੌਕੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਵੀ ਮੌਕੇ ’ਤੇ ਹਾਜ਼ਰ ਸਨ। ਪਰਨੀਤ ਕੌਰ ਹੀ ਇਨ੍ਹਾਂ ਨੂੰ ਸੜਕ ’ਤੇ ਸ਼ਾਮਲ ਕਰਵਾਉਣ ਤੋਂ ਬਾਅਦ ਚਾਹ ਪਾਣੀ ਲਈ ਮੁੱਖ ਮੰਤਰੀ ਦੀ ਕੋਠੀ ਵਿੱਚ ਲੈ ਕੇ ਗਏ ਸਨ।
ਆਪ ਬਾਗੀਆਂ ਨੂੰ ਟਿਕਟ ਦੇਣ ਤੋਂ ਇਨਕਾਰੀ ਤਾਂ ਨਹੀਂ ਸ਼ਾਮਲ ਹੋਏ ਬਾਕੀ ਵਿਧਾਇਕ
ਸੁਖਪਾਲ ਖਹਿਰਾ ਦੇ ਨਾਲ ਆਮ ਆਦਮੀ ਪਾਰਟੀ ਤੋਂ ਬਾਗੀ ਹੋਣ ਵਾਲੇ 7 ਵਿਧਾਇਕਾਂ ਵਿੱਚੋਂ 2 ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੋਹੇ ਵਿਧਾਇਕਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਸਬੰਧੀ ਕੋਈ ਫੈਸਲਾ ਨਹੀਂ ਲਿਆ ਹੈ, ਜਦੋਂ ਕਿ 2 ਵਿਧਾਇਕ ਆਮ ਆਦਮੀ ਪਾਰਟੀ ਵਿੱਚ ਵਾਪਸ ਆ ਗਏ ਹਨ ਤਾਂ 1 ਨੇ ਕਾਂਗਰਸ ਪਾਰਟੀ ਦਾ ਹੱਥ ਪਹਿਲਾਂ ਹੀ ਫੜ ਲਿਆ ਸੀ।
ਕਾਂਗਰਸ ’ਚ ਸ਼ਾਮਲ ਹੋਣ ਤੋਂ ਪਹਿਲਾਂ ਬੋਲਿਆ ਖਹਿਰਾ ਨੇ ਝੂਠ
ਸੁਖਪਾਲ ਖਹਿਰਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ ਵਲ ਜਾ ਰਹੇ ਸਨ ਤਾਂ ਉਨ੍ਹਾਂ ਨੇ ਮੀਡੀਆ ਅੱਗੇ ਝੂਠ ਬੋਲਿਆ। ਉਨ੍ਹਾਂ ਨੂੰ ਰੋਕ ਕੇ ਜਦੋਂ ਪੁੱਛਿਆ ਕਿ ਉਹ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ ਤਾਂ ਉਨ੍ਹਾਂ ਨੇ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਵਿਧਾਨ ਸਭਾ ਹਲਕੇ ਦੇ ਕੁਝ ਕੰਮਾਂ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਹਨ, ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।