ਦੂਜੇ ਦਿਨ ਵੀ ਪਟਿਆਲਾ ’ਚ ਮੋਰਚੇ ’ਤੇ ਡਟੇ ਰਹੇ ਹਜ਼ਾਰਾਂ ਮਜ਼ਦੂਰ

ਪ੍ਰਸਾਸਨ ਦੀ ਨਲਾਇਕੀ ਕਾਰਨ ਮੋਰਚੇ ’ਚ ਬਜ਼ੁਰਗ ਔਰਤ ਦੀ ਹੋਈ ਮੌਤ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਚੋਣ ਵਾਅਦਾ ਖਿਲਾਫੀ ਦੇ ਤਿੱਖੇ ਵਿਰੋਧ ਵਜੋਂ ਪੇਂਡੂ ਅਤੇ ਖੇਤ ਮਜਦੂਰ ਜਥੇਬੰਦੀਆਂ ਵੱਲੋਂ ਤਿੰਨ ਦਿਨਾਂ ਮੋਰਚੇ ਦੇ ਅੱਜ ਦੂਜੇ ਦਿਨ ਵੀ ਹਜਾਰਾਂ ਮਜ਼ਦੂਰ ਮਰਦ ਔਰਤਾਂ ਕਰਜੇ ਤੇ ਬਿਜਲੀ ਬਿੱਲਾਂ ਦੀ ਮੁਆਫੀ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ,ਖੇਤੀ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਚ ਕੀਤੀਆਂ ਸੋਧਾਂ ਦੀ ਵਾਪਸੀ ਆਦਿ ਮੰਗਾਂ ਸਬੰਧੀ ਡਟੇ ਰਹੇ। ਮਜ਼ਦੂਰ ਆਗੂਆਂ ਨੇ ਇੱਕਜੁੱਟ ਹੋ ਕੇ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ ਜਾਰੀ ਰੱਖਿਆ ਜਾਵੇਗਾ ਅਤੇ ਇਸੇ ਕੜੀ ਤਹਿਤ 11 ਅਗਸਤ ਨੂੰ ਮੁੱਖ ਮੰਤਰੀ ਦੇ ਮਹਿਲ ਵੱਲ ਹਜਾਰਾਂ ਮਜਦੂਰਾਂ ਮਰਦ ਔਰਤਾਂ ਵੱਲੋਂ ਮਾਰਚ ਕੀਤਾ ਜਾਵੇਗਾ।

ਇਸੇ ਦੌਰਾਨ ਬੀਤੀ ਰਾਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੂੰਦੜ ਤੋਂ ਮੋਰਚੇ ’ਚ ਆਈ ਬਜੁਰਗ ਮਾਤਾ ਗੁਰਤੇਜ ਕੌਰ ਦੌਰਾ ਪੈਣ ਕਾਰਨ ਸ਼ਹੀਦ ਹੋ ਗਈ। ਅੱਜ ਮਜਦੂਰ ਮੋਰਚੇ ਵੱਲੋਂ ਗੁਰਤੇਜ ਕੌਰ ਨੂੰ ਮੋਰਚੇ ਦੀ ਸਹੀਦ ਕਰਾਰ ਦਿੰਦਿਆਂ ਉਨ੍ਹਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦੇ ਵਾਰਸਾਂ ਨੂੰ ਦਸ ਲੱਖ ਰੁਪਏ ਮੁਆਵਜਾ ਤੇ ਇੱਕ ਜੀਅ ਨੂੰ ਪੱਕੀ ਨੌਕਰੀ ਦੇਣ ਅਤੇ ਪਰਿਵਾਰ ਦਾ ਸਮੁੱਚਾ ਕਰਜਾ ਮੁਆਫ ਕਰਨ ਦੀ ਮੰਗ ਵੀ ਕੀਤੀ ਗਈ ਅਤੇ ਮੰਗਾਂ ਪੂਰਤੀ ਤੱਕ ਉਨ੍ਹਾਂ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਪੇਂਡੂ ਅਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਤੇ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਆਗੂ ਮਹੀਪਾਲ , ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਮਜਦੂਰ ਮੁਕਤੀ ਮੋਰਚਾ ਦੇ ਆਗੂ ਮੱਖਣ ਸਿੰਘ ਰਾਮਗੜ੍ਹ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਬਬਲੀ ਅਟਵਾਲ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੰਦੀਪ ਪੰਡੋਰੀ, ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਸੰਤੋਖ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦਲਿਤਾਂ ਨੂੰ ਤੀਜੇ ਹਿੱਸੇ ਦੀਆਂ ਪੰਚਾਇਤੀ ਜਮੀਨਾਂ ਅਮਲ ਵਿੱਚ ਦਿੱਤੀਆਂ ਜਾਣ, ਦਲਿਤਾਂ ਉਪਰ ਸਮਾਜਿਕ ਤੇ ਸਰਕਾਰੀ ਜਬਰ ਬੰਦ ਕਰਨ ਆਦਿ ਮੰਗਾਂ ਲਈ ਪੇਂਡੂ ਅਤੇ ਖੇਤ ਮਜਦੂਰ ਸੰਘਰਸ ਕਰ ਰਹੇ ਹਨ। ਹਰ ਰੰਗ ਦੀਆਂ ਸਰਕਾਰਾਂ ਵਾਂਗ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਚੋਣ ਵਾਅਦੇ ਵੀ ਹਵਾਈ ਗੋਲੇ ਸਾਬਤ ਹੋਏ ਹਨ ਜਿਸ ਕਾਰਨ ਹਜ਼ਾਰਾਂ ਨੂੰ ਮਜਦੂਰ ਮੁੱਖ ਮੰਤਰੀ ਦੇ ਸਹਿਰ ‘ਚ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ।

ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਪ੍ਰਗਟ ਸਿੰਘ ਜਾਮਾਰਾਏ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਜੀਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸਾਹਿਬ ਸਿੰਘ ਅਤੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਮੁੱਖ ਆਗੂ ਮੁਕੇਸ਼ ਮਲੌਦ ਨੇ ਸੰਬੋਧਨ ਦੌਰਾਨ ਮਜ਼ਦੂਰ ਮੰਗਾਂ ਤੇ ਮੋਰਚੇ ਦੀ ਡਟਵੀਂ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀ ਸਾਂਝੀ ਜੋਟੀ ਦੇ ਜ਼ੋਰ ਹੀ ਕਿਰਤ ਕਾਨੂੰਨਾਂ ’ਚ ਕੀਤੀਆਂ ਸੋਧਾਂ ਤੇ ਖੇਤੀ ਕਾਨੂੰਨਾਂ ਸਮੇਤ ਮਜ਼ਦੂਰਾਂ ਕਿਸਾਨਾਂ ਦੀ ਗਰੀਬੀ, ਬੇਰੁਜ਼ਗਾਰੀ ਤੇ ਖੁਦਕੁਸੀਆਂ ਦਾ ਸਾਧਨ ਬਣ ਰਹੀਆਂ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦਾ ਮੂੰਹ ਮੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਦੇ ਰਾਹ ’ਚ ਅੜਿੱਕਾ ਬਣਦੀ ਜਾਤ ਪਾਤੀ ਦੀ ਸਮੱਸਿਆ ਨੂੰ ਦੂਰ ਕਰਨਾ ਬੇਹੱਦ ਅਹਿਮ ਹੈ।

ਇਸ ਮੌਕੇ ਉੱਘੇ ਅਰਥ ਸਾਸਤਰੀ ਡਾਕਟਰ ਗਿਆਨ ਨੇ ਆਪਣੇ ਖੋਜ ਅਧਿਐਨਾਂ ਦੇ ਹਵਾਲੇ ਨਾਲ ਮਜਦੂਰਾਂ ਦੀ ਮੁਕਤੀ ਲਈ ਜ਼ਮੀਨ ਦੀ ਵੰਡ ਦੇ ਮੁੱਦੇ ਨੂੰ ਉਭਾਰਿਆ। ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੀਐਸਯੂ ਸ਼ਹੀਦ ਰੰਧਾਵਾ ਦੇ ਬਲਵਿੰਦਰ ਸਿੰਘ ਸੋਨੀ, ਕਰੋਨਾ ਵਲੰਟੀਅਰ ਯੂਨੀਅਨ ਦੇ ਆਗੂ ਚਮਕੌਰ ਸਿੰਘ, ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਮੀਤ ਸਿੰਘ ਦਾਊਦ ਤੋਂ ਇਲਾਵਾ ਮਜਦੂਰ ਮੋਰਚੇ ਦੇ ਆਗੂ ਪਰਮਜੀਤ ਸਿੰਘ ਰੰਧਾਵਾ, ਦੇਵੀ ਕੁਮਾਰੀ, ਹਰਮੇਸ਼ ਮਾਲੜੀ, ਨਿਰਮਲ ਸਿੰਘ, ਧਰਮਪਾਲ, ਬਲਵਿੰਦਰ ਸਿੰਘ ਜਲੂਰ, ਕ੍ਰਿਸ਼ਨ ਚੌਹਾਨ, ਦਰਸ਼ਨਾ ਜੋਸ਼ੀ, ਜੋਰਾ ਸਿੰਘ ਨਸਰਾਲੀ ਤੇ ਕਸਮੀਰ ਸਿੰਘ ਘੁੱਗਸੋਰ ਨੇ ਵੀ ਸੰਬੋਧਨ ਕੀਤਾ।

ਸਹੀਦ ਹੋਈ ਮਾਤਾ ਨਾਲ ਸਬੰਧਤ ਮੰਗਾਂ ਮੰਨਣ ਦਾ ਪ੍ਰਸਾਸਨ ਨੇ ਦਿੱਤਾ ਭਰੋਸਾ

ਜ਼ਿਲ੍ਹਾ ਪ੍ਰਸਾਸਨ ਦੀ ਤਰਫੋਂ ਐਸ ਡੀ ਐਮ ਪਟਿਆਲਾ ਵੱਲੋਂ ਮਜਦੂਰ ਆਗੂਆਂ ਨਾਲ ਮੀਟਿੰਗ ਉਪਰੰਤ ਮੋਰਚੇ ਦੀ ਸਟੇਜ ਤੋਂ ਆ ਕੇ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜਾ ਦੇਣ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੀਤੀ ਮੁਤਾਬਕ ਨੌਕਰੀ ਦੇਣ ਤੇ ਕਰਜਾ ਖਤਮ ਕਰਨ ਅਤੇ ਰਾਤ ਸਮੇਂ ਧਰਨਾਕਾਰੀਆਂ ਨਾਲ ਬਦਸਲੂਕੀ ਕਰਨ ਵਾਲੇ ਥਾਣੇਦਾਰ ਖਿਲਾਫ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ