ਬਰਨਾਲਾ ਜ਼ਿਲ੍ਹੇ ਦੇ ‘ਆਪ’ ਉਮੀਦਵਾਰ ਇਸ ਵਾਰ ਸੌਖਿਆਂ ਹੀ ਨਹੀਂ ਚੜ੍ਹ ਸਕਣਗੇ ਵਿਧਾਨ ਸਭਾ ਦੀਆਂ ਪੌੜੀਆਂ
(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਪੰਜਾਬ ਅੰਦਰ ਅਗਾਮੀ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੇ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿੰਨੇ ਕੁ ਕਾਮਯਾਬ ਹੁੰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਪਰ ਸੋਚਣ ਵਾਲੀ ਗੱਲ ਹੈ ਕਿ ਪੰਜ ਸਾਲ ਪਹਿਲਾਂ 2017 ’ਚ ਸੂਬੇ ਅੰਦਰ ਪਾਰਟੀ ਦੇ ਹੱਕ ’ਚ ਚੱਲੀ ਹਨੇ੍ਹਰੀ ਦੇ ਬਾਵਜੂਦ ‘ਆਪ’ ਸੂਬੇ ਅੰਦਰਲੀਆਂ ਕੁਝ ਕੁ ਸੀਟਾਂ ’ਤੇ ਹੀ ਆਪਣੇ ਉਮੀਦਵਾਰਾਂ ਨੂੰ ਜਿੱਤ ਦਿਵਾ ਸਕੀ ਜੋ ਆਪਣੇ ਕਾਰਜ਼ਕਾਲ ਦੌਰਾਨ ਆਪਣੇ ਹਲਕਿਆਂ ਅੰਦਰ ਬਹੁਤੀ ਵਧੀਆ ਕਾਰਗੁਜਾਰੀ ਪੇਸ਼ ਕਰਨ ’ਚ ਅਸਫ਼ਲ ਸਾਬਤ ਹੋਏ।
ਜ਼ਿਲ੍ਹਾ ਬਰਨਾਲਾ ਦੇ ਹਲਕਾ ਬਰਨਾਲਾ ਦੀ ਤਾਂ ਇੱਥੋਂ ਦੇ ਮੌਜੂਦਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਲਈ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਰਾਹ ਇਸ ਵਾਰ ਸੁਖਾਲਾ ਨਹੀਂ ਜਾਪ ਰਿਹਾ ਕਿਉਂਕਿ ਇਸੇ ਜਨਰਲ ਹਲਕਾ ਬਰਨਾਲਾ ’ਚ ਪਾਰਟੀ ਦੇ ਅਹੁਦੇਦਾਰਾਂ ਦੁਆਰਾ ਵੱਖ-ਵੱਖ ਮਾਮਲਿਆਂ ’ਚ ਢੁਕਵੇਂ ਕਦਮ ਨਾ ਚੁੱਕਣਾ ਪਾਰਟੀ ਲਈ ਸਿਰਦਰਦੀ ਖੜ੍ਹੀ ਕਰ ਸਕਦਾ ਹੈ। ਲੰਘੇ ਸਮੇਂ ਅੰਦਰ ਇਸੇ ਹਲਕੇ ਵਿਚਲੀ ਮਿਉਂਸਪਲ ਕਮੇਟੀ ਬਰਨਾਲਾ ਦੇ ਮੌਜੂਦਾ ਕੁੱਝ ਕੌਂਸਲਰਾਂ ਨੇ ਮਿਉਂਸਪਲ ਕਮੇਟੀ ਵੱਲੋਂ ਸ਼ਾਇਨ ਬੋਰਡ ਲਗਾਉਣ ਤੇ ਸਾਂਝੀਆਂ ਥਾਵਾਂ ’ਤੇ ਬੈਂਚ ਰੱਖਣ ਦੇ ਮਾਮਲੇ ’ਚ ਕਥਿੱਤ ਭ੍ਰਿਸ਼ਟਾਚਾਰ ਹੋਣ ਦੇ ਖੁਲਾਸੇ ਕੀਤੇ ਗਏ ਸਨ ਜਿਸ ਕਾਰਨ ਭਾਵੇਂ ਸ਼ਾਇਨ ਬੋਰਡ ਮਾਮਲਿਆਂ ’ਚ ਮਿਉਂਸਪਲ ਕਮੇਟੀ ਨੂੰ ਪੈ੍ਰਸ ਕਾਨਫਰੰਸ ਕਰਕੇ ਆਪਣਾ ਸਪੱਸ਼ਟੀਕਰਨ ਦੇਣ ਦੇ ਨਾਲ-ਨਾਲ ਪ੍ਰਤੀ ਸ਼ਾਇਨ ਬੋਰਡ ਦਾ ਭਾਅ ਵੀ ਰਿਕਾਰਡ ’ਚ ਪਹਿਲਾਂ ਦਰਜ਼ ਕੀਤੇ ਗਏ ਭਾਅ ਦੇ ਮੁਕਾਬਲੇ ਘਟਾਉਣਾ ਪਿਆ ਸੀ ਪਰ ਪਾਰਟੀ ਦੇ ਮੌਜੂਦਾ ਵਿਧਾਇਕ ਦੀ ਸ਼ਾਇਨ ਬੋਰਡ ਮਾਮਲੇ ’ਚ ਕੀਤੀ ਗਈ ਹਲਕੀ- ਫੁਲਕੀ ਕਾਰਵਾਈ ਤੋਂ ਹਲਕੇ ਦੇ ਵੋਟਰ ਨਿਰਾਸ਼ਾ ’ਚ ਹਨ ਕਿਉਂਕਿ ਪਾਰਟੀ ਦੇ ਆਗੂਆਂ ਨੇ ਲੰਘੀਆਂ ਚੋਣਾਂ ਭਿ੍ਰਸ਼ਟਾਚਾਰ ਨੂੰ ਖ਼ਤਮ ਕਰਨ ਦੇ ਮੁੱਦੇ ’ਤੇ ਹੀ ਲੜੀਆਂ ਸਨ।
ਇਸ ਦੇ ਨਾਲ ਹੀ ਇਸੇ ਹਲਕੇ ਦੇ ਪਾਰਟੀ ਦੇ ਸੀਨੀਅਰ ਆਗੂਆਂ ’ਚ ਸ਼ੁਮਾਰ ਬਲਜੀਤ ਸਿੰਘ ਬਡਬਰ ਵੀ ਅਜ਼ਾਦ ਚੋਣ ਲੜਨ ਦਾ ਮਨ ਬਣਾ ਕੇ ਮੈਦਾਨ ’ਚ ਨਿੱਤਰ ਚੁੱਕਾ ਹੈ ਜੋ ਹੋਰਨਾਂ ਪਾਰਟੀਆਂ ਦੇ ਮੁਕਾਬਲੇ ‘ਆਪ’ ਦੇ ਵੋਟ ਬੈਂਕ ਨੂੰ ਵਧੇਰੇ ਖੋਰਾ ਲਗਾਏਗਾ। ਲੰਘੇ ਸਮੇਂ ਅੰਦਰ ਮਿਉਂਸਪਲ ਕਮੇਟੀ ਬਰਨਾਲਾ ਅਧੀਨ ਆਉਂਦੇ ਵੱਖ ਵੱਖ ਦੋ ਵਾਰਡਾਂ ਦੇ ਕੌਂਸਲਰ ਵੀ ਪਾਰਟੀ ਨੂੰ ਅਲਵਿਦਾ ਆਖ਼ ਚੁੱਕੇ ਹਨ ਜੋ ਕਿਤੇ ਨਾ ਕਿਤੇ ਪਾਰਟੀ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੇ ਹਨ। ਹਲਕੇ ਦੇ ਮੌਜੂਦਾ ਵਿਧਾਇਕ ਵੱਲੋਂ ਹਲਕਾ ਵਿਧਾਇਕ ਦੇ ਨਾਲ-ਨਾਲ ਪਾਰਟੀ ਵੱਲੋਂ ਮਿਲੀ ਸਟੇਟ ਪੱਧਰ ਦੀ ਜਿੰਮੇਵਾਰੀ ਕਾਰਨ ਹਲਕੇ ਅੰਦਰ ਨਾ ਵਿਚਰਨਾ ਵੀ ਪਾਰਟੀ ਲਈ ਨੁਕਸਾਨ ਦਾ ਕਾਰਨ ਬਣ ਸਕਦਾ ਹੈ।
ਜ਼ਿਲ੍ਹੇ ਅੰਦਰ ਦੂਜੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਕਾਰਗੁਜ਼ਾਰੀ ਵੀ ਹਲਕੇ ਦੇ ਵੋਟਰਾਂ ਲਈ ਨਿਰਾਸ਼ਾਜਨਕ ਹੀ ਰਹੀ। ਤੀਜੇ ਰਿਜ਼ਰਵ ਹਲਕੇ ਭਦੌੜ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਲੰਘੀਆਂ ਚੋਣਾਂ ’ਚ ਜਿੱਤੇ ਵਿਧਾਇਕ ਪਿਰਮਲ ਸਿੰਘ ਦਲ ਬਦਲ ਕੇ ਕਾਂਗਰਸ ’ਚ ਸ਼ਾਮਲ ਹੋ ਚੁੱਕੇ ਹਨ ਜਿਸ ਕਾਰਨ ਇਸ ਹਲਕੇ ’ਚ ਪਾਰਟੀ ਨਵੇਂ ਚਿਹਰੇ ਲਾਭ ਸਿੰਘ ਉੱਗੋਕੇ ’ਤੇ ਦਾਅ ਖੇਡਣ ਜਾ ਰਹੀ ਹੈ। ਦੱਸ ਦਈਏ ਕਿ ‘ਆਪ’ ਵੱਲੋਂ ਹਲਕਾ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਤੇ ਹਲਕਾ ਭਦੌੜ ਤੋਂ ਲਾਭ ਸਿੰਘ ਉੱਗੋਕੇ ਨੂੰ ਆਪਣਾ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ, ਜਿੰਨ੍ਹਾ ਲਈ ਕੁੱਲ ਮਿਲਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਰਾਹ ਸੁਖਾਲਾ ਨਜ਼ਰ ਨਹੀ ਆ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ