ਭਾਕਿਯੂ ਏਕਤਾ ਉਗਰਾਹਾਂ ਦਾ ਧਰਨਾ ਲਗਾਤਾਰ ਜਾਰੀ
(ਗੁਰਪ੍ਰੀਤ ਸਿੰਘ) ਸੰਗਰੂਰ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੱਕੇ ਮੋਰਚੇ ਦੇ 19ਵੇਂ ਦਿਨ ਵੱਡੀ ਗਿਣਤੀ ’ਚ ਕਿਸਾਨ ਔਰਤਾਂ ਤੇ ਕਿਸਾਨਾਂ ਨੇ ਹਾਜ਼ਰੀ ਲਵਾਈ ਅੱਜ ਦੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ (Joginder Singh Ugrahan) ਨੇ 29 ਅਕਤੂਬਰ ਦੇ ਇਕੱਠ ਸਬੰਧੀ ਕਿਹਾ ਕਿ ਇਹ ਲੜਾਈ ਨਿੱਜੀਕਰਨ ਦੀ ਨੀਤੀ ਦੇ ਨਾਲ ਹੈ।
ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਡੀਆਂ ਮੌਜ਼ੂਦਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ’ਤੇ ਨਿੱਜੀਕਰਨ ਦੀ ਨੀਤੀ ਦਾ ਕੁਹਾੜਾ ਸਾਡੇ ਕਿਰਤੀ ਲੋਕਾਂ ’ਤੇ ਵਰ੍ਹਾ ਰਹੀਆਂ ਹਨ ਸਰਕਾਰ ਨਿੱਜੀਕਰਨ ਦੀ ਨੀਤੀ ’ਤੇ ਚਲਦੀ ਹੋਈ ਪਹਿਲਾਂ ਲੋਕਾਂ ਦੀ ਸਹੂਲਤ ਖਾਤਰ ਬਣੇ ਪਬਲਿਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ ਪਰ ਹੁਣ ਉਸੇ ਕੜੀ ਵਿੱਚ ਅੱਗੇ ਵਧਿਆ ਖ਼ੁਰਾਕੀ ਵਸਤੂਆਂ ਦਾ ਪੂਰਾ ਅਧਿਕਾਰ ਵੀ ਕਾਰਪੋਰੇਟ ਤੇ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ।
ਉਦਾਹਰਨ ਵਜੋਂ ਕਿਸਾਨ ਆਪਣੇ ਖੇਤ ਵਿੱਚ ਸਰ੍ਹੋਂ ਤਾਂ ਪੈਦਾ ਕਰ ਸਕਦਾ ਹੈ ਪਰ ਆਪਣੇ ਘਰ ਵਿੱਚ ਕੋਹਲੂ ਲਾ ਕੇ ਉਸ ਵਿੱਚੋਂ ਤੇਲ ਕੱਢ ਕੇ ਬਾਜ਼ਾਰ ਵਿੱਚ ਨਹੀਂ ਵੇਚ ਸਕਦਾ ਇਸੇ ਤਰ੍ਹਾਂ ਹੋਰ ਖ਼ੁਰਾਕੀ ਵਸਤੂਆਂ ’ਤੇ ਵੀ ਨਿੱਜੀਕਰਨ ਦੀ ਨੀਤੀ ਰਾਹੀਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਇਸ ਦੇ ਉਲਟ ਨਿੱਜੀਕਰਨ ਦੀ ਨੀਤੀ ਰਾਹੀਂ ਕਾਰਪੋਰੇਟ ਘਰਾਣਿਆਂ ਨੂੰ ਤੁਹਾਡਾ ਕੱਚਾ ਮਾਲ ਲੁਟਾ ਕੇ ਉਸ ਨੂੰ ਪਕਾ ਕੇ ਵੱਡੇ ਮੁਨਾਫ਼ੇ ਕਮਾਉਣ ਲਈ ਖੁੱਲ੍ਹੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ।
ਕਿਸਾਨਾਂ ਦੀ ਜ਼ਮੀਨ ਸਸਤੇ ਭਾਵਾਂ ’ਤੇ ਖੋਹੀ ਜਾ ਰਹੀ ਹੈ
ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਕੱਢੀਆਂ ਜਾ ਰਹੀਆਂ ਸੜਕਾਂ ’ਤੇ ਬੋਲਦਿਆਂ ਕਿਹਾ ਕਿ ਜਿਸ ਵਿੱਚ ਦਸ ਹਜ਼ਾਰ ਏਕੜ ਕਰੀਬ ਕਿਸਾਨਾਂ ਦੀ ਜ਼ਮੀਨ ਸਸਤੇ ਭਾਵਾਂ ’ਤੇ ਖੋਹ ਕੇ ਸੜਕ ਬਣਾਉਣ ਵਾਸਤੇ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਜ਼ਮੀਨ ਦੇ ਉਚਿਤ ਮੁੱਲ ਦੇਣ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ ਸਵਾਲ ਕੱਲਾ ਪੈਸੇ ਦਾ ਨਹੀਂ ਸਗੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਉਦਾਹਰਨ ਲਈ ਬਠਿੰਡਾ ਵਿਖੇ ਛਾਉਣੀ ਬਣਾਉਣ ਲਈ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਜਿਸ ਵਿੱਚ ਪਿੰਡ ਮਹਿਣਾ ਦੀ ਸਾਰੀ ਜ਼ਮੀਨ ਆਉਣ ਕਰਕੇ ਪਿੰਡ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ।
ਇਸ ਤੋਂ ਵੀ ਅੱਗੇ ਪੰਜਾਬ ਵਿੱਚ ਜ਼ਮੀਨਾਂ ਦੀ ਕਾਣੀ ਵੰਡ ਹੋਣ ਕਰਕੇ ਆਮਦਨ ਦੇ ਵਸੀਲੇ ਪਹਿਲਾਂ ਹੀ ਘੱਟ ਹਨ ਇਹ ਆਮਦਨ ਦੇ ਵਸੀਲੇ ਵੀ ਕਿਸਾਨਾਂ ਦੇ ਖੋਹੇ ਜਾ ਰਹੇ ਹਨ ਤੇ ਦਸ ਹਜ਼ਾਰ ਏਕੜ ਜ਼ਮੀਨ ਤਾਂ ਸਿੱਧੀ ਸੜਕਾਂ ਹੇਠ ਰੋਕੀ ਜਾਣੀ ਹੈ ਇਸ ਤੋਂ ਇਲਾਵਾ ਇੰਨੀ ਹੀ ਹੋਰ ਪਾਸੇ ਆਉਣ ਨਾਲ ਪੰਜਾਬ ਵਿੱਚ ਅੰਨ ਦਾ ਸੰਕਟ ਹੋਰ ਵਧੇਗਾ। ਅੱਜ ਦੀ ਸਟੇਜ ਤੋਂ ਧਰਮਕੋਟ ਬਲਾਕ ਦੇ ਪ੍ਰਧਾਨ ਡਾ. ਗੁਰਦੇਵ ਸਿੰਘ ਕਿਸ਼ਨਪੁਰਾ ਮੁਕਤਸਰ ਜ਼ਿਲ੍ਹੇ ਤੋਂ ਮਲਕੀਤ ਸਿੰਘ ਅਘੜ ਨੇ ਵੀ ਸੰਬੋਧਨ ਕੀਤਾ ਅੱਜ ਸਟੇਜ ਸਕੱਤਰ ਦੀ ਭੂਮਿਕਾ ਮਾਨਸਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਨਿਭਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ