ਇਕੋ ਰਾਤ ‘ਚ 11 ਤੇ ਦੂਜੀ ਰਾਤ ‘ਚ 6 ਮੋਟਰਾਂ ਦੀਆਂ ਤਾਰਾਂ ਚੋਰੀ
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਖੇਤ ਵਾਲਿਆਂ ਮੋਟਰਾਂ ਦੀਆਂ ਤਾਰਾਂ ( Motor Wires) ਚੋਰੀ ਕਰਨ ਵਾਲੇ ਚੋਰਾਂ ਤੋਂ ਕਿਸਾਨ ਡਾਹਢੇ ਪਰੇਸ਼ਾਨ ਹੋ ਰਹੇ ਹਨ। ਸੁਨਾਮ ਦੇ ਲਾਗਲੇ ਪਿੰਡ ਸ਼ੇਰੋਂ ਦੇ ਕਈ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਚੋਰ ਪਿਛਲੇ ਸਮੇਂ ਤੋਂ ਰਾਤ ਸਮੇ ਖੇਤ ਵਾਲੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਲੈ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਨੁਕਸਾਨ ਵੀ ਹੁੰਦਾ ਹੈ ਅਤੇ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀਆਂ 11 ਮੋਟਰਾਂ ਦੀਆਂ ਤਾਰਾਂ ਇਕੋ ਰਾਤ ਵਿਚ ਕੱਟੀਆਂ ਗਈਆਂ ਅਤੇ ਦੂਸਰੀ ਰਾਤ ਵਿੱਚ 6 ਮੋਟਰਾਂ ਦੀਆਂ ਤਾਰਾਂ ਕੱਟੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਤੰਗੀ-ਮੰਦੀ ਨਾਲ ਜੂਝ ਰਿਹਾ ਹੈ ਉੱਤੋਂ ਕਦੇ ਚੋਰਾਂ ਵੱਲੋਂ ਮੋਟਰਾਂ ਦੀਆਂ ਤਾਰਾਂ ਅਤੇ ਕਦੇ ਟਰਾਸਫਾਰਮ ਚੋਰੀ ਕੀਤੇ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਵਿੱਤੀ ਨੁਕਸਾਨ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੱਟੀਆਂ ਗਈਆਂ ਤਾਰਾਂ ਨਵੀਆਂ ਪਾਉਣ ਲਈ 7 ਹਜ਼ਾਰ ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਦਾ ਖਰਚਾ ਖੜੇ ਪੈਰੀਂ ਕਰਨਾ ਪੈ ਰਿਹਾ ਹੈ। ( Motor Wires)
ਇਹ ਵੀ ਪੜ੍ਹੋ : ਲੁੱਟਾਂ-ਖੋਹਾਂ ਕਰਨ ਵਾਲਾ ਅਤੇ ਫਿਰੋਤੀਆਂ ਲੈਣ ਵਾਲਾ ਗਿਰੋਹ ਕਾਬੂ
ਉਨ੍ਹਾਂ ਦੱਸਿਆ ਕਿ ਕਈ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਤਾਂ ਅਣਗਿਣਤ ਬਾਰ ਚੋਰ ਕੱਟ ਕੇ ਲੈ ਗਏ ਹਨ ਅਤੇ ਹੁਣ ਉਨ੍ਹਾਂ ਵੱਲੋਂ ਤਾਰਾਂ ਚੋਰੀ ਹੋਣ ਦੇ ਡਰ ਤੋਂ ਪੱਕੇ ਤੌਰ ’ਤੇ ਤਾਰਾਂ ਨਾ ਪਾ ਕੇ ਜਦੋਂ ਵੀਂ ਮੋਟਰ ਚਲਾਉਣੀ ਹੁੰਦੀ ਹੈ ਤਾਂ ਉਹ ਘਰ ਤੋਂ ਤਾਰਾਂ ਲੈ ਕੇ ਜਾਂਦੇ ਹਨ ਅਤੇ ਮੋਟਰ ਬੰਦ ਕਰਨ ਸਮੇਂ ਉਹ ਤਾਰਾਂ ਨੂੰ ਘਰ ਲੈ ਕੇ ਆਉਂਦੇ ਹਨ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੋਟਰਾਂ ’ਤੇ ਪਹਿਰੇ ਵੀ ਲਗਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੇ ਹੋ ਰਹੇ ਨੁਕਸਾਨ ਦਾ ਬਚਾਅ ਹੋ ਸਕੇ।
ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕੇ ਇਸ ਤਰ੍ਹਾਂ ਦੇ ਗ਼ਲਤ ਅਨਸਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਉਨ੍ਹਾਂ ਦੇ ਆਏ ਦਿਨ ਹੋ ਰਹੇ ਨੁਕਸਾਨ ਨੂੰ ਠੱਲ ਪੈ ਸਕੇ। ਇਸ ਮੌਕੇ ਪੰਚ ਜਸਪ੍ਰੀਤ ਸਿੰਘ ਬੱਬੀ, ਗੁਰਪ੍ਰੀਤ ਸਿੰਘ ਗੁਰੀ, ਰਮਨਦੀਪ ਸਿੰਘ ਰਮਣੀ, ਜਗਸੀਰ ਸਿੰਘ ਜੱਗਾ, ਗੁਰਪ੍ਰੀਤ ਸਿੰਘ ਪ੍ਰੀਤ, ਗੁਰਸੇਵਕ ਸਿੰਘ, ਰਾਜਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਮੰਗਾ, ਸਪਿੰਦਰ ਸਿੰਘ ਹਨੀ ਆਦਿ ਕਿਸਾਨ ਹਾਜ਼ਰ ਸਨ।