ਸ਼੍ਰੋਮਣੀ ਅਕਾਲੀ ਦਲ ਨੇ ਰਾਜਪੁਰਾ ’ਚ 4 ਐਸ ਸੀ ਬੱਚਿਆਂ ਦੀ ਮੌਤ ਹੋਣ ਤੇ ਦਰਜਨ ਤੋਂ ਵੱਧ ਦੀ ਮੌਤ ਦੇ ਮਾਮਲੇ ’ਚ ਡੀ ਸੀ ਨੂੰ ਸੌਂਪਿਆ ਮੰਗ ਪੱਤਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼੍ਰੋਮਣੀ ਅਕਾਲੀ ਦਲ ਬਸਪਾ ਨੇ ਰਾਜਪੁਰਾ ਵਿੱਚ ਗੰਦਾ ਪਾਣੀ ਪੀਣ ਕਾਰਨ ਉਲਟੀਆਂ ਤੇ ਦਸਤ ਲੱਗਣ ਨਾਲ ਐਸ ਸੀ ਪਰਿਵਾਰਾਂ ਦੇ ਚਾਰ ਬੱਚਿਆਂ ਦੀ ਮੌਤ ਹੋਣ ਤੇ ਢਾਈ ਦਰਜਨ ਤੋਂ ਵੱਧ ਹੋਰਨਾਂ ਦੇ ਗੰਭੀਰ ਬਿਮਾਰ ਹੋ ਜਾਣ ਦੇ ਮਾਮਲੇ ਵਿੱਚ ਉਨ੍ਹਾਂ ਪਰਿਵਾਰਾ ਨੂੰ ਨਾਲ ਲੈ ਕੇ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਅੱਜ ਇੱਥੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਸਾਬਕਾ ਮੰਤਰੀ ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਕੇਸਰ ਸਿੰਘ ਪ੍ਰਧਾਨ ਬੀਐਸਪੀ ਅਤੇ ਅਕਾਲੀ ਦਲ ਦੇ ਬੁਲਾਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਓ ਐਸ ਡੀ ਸ. ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਮਿਲੇ ਵਫਦ ਨੇ ਦੱਸਿਆ ਕਿ ਰਾਜਪੁਰਾ ਵਿੱਚ ਐਸ ਸੀ ਭਾਈਚਾਰੇ ਦੀ ਆਬਾਦੀ ਵਾਲੇ ਇਲਾਕਿਆਂ ਵਿੱਚ ਪੀਣ ਵਾਲਾ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜੋ ਪੀਣ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚਰਨਜੀਤ ਸਿੰਘ ਦੀ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗਰੀਬ ਹਮਾਇਤੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਇਹ ਮਾਮਲਾ ਸਥਾਨਕ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਧਿਆਨ ਵਿੱਚ ਲਿਆਉਣ ’ਤੇ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਹ ਨਜਾਇਜ਼ ਪਾਣੀ ਦੇ ਕੁਨੈਕਸ਼ਨ ਹਨ।
ਵਫਦ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਪੰਜ ਸਾਲ ਦਾ ਰਾਜਕਾਲ ਤਕਰੀਬਨ ਪੂਰਾ ਹੋਣ ਵਾਲਾ ਹੈ, ਅਜਿਹੇ ਵਿੱਚ ਹੋਰ ਸਹੂਲਤਾਂ ਦੀ ਗੱਲ ਤਾਂ ਕੀ ਕਰਨੀ ਸਗੋਂ ਸਰਕਾਰ ਐਸ ਸੀ ਆਬਾਦੀ ਵਾਲੇ ਗਰੀਬ ਘਰਾਂ ਵਿੱਚ ਪੀਣ ਦਾ ਪਾਣੀ ਵੀ ਸਪਲਾਈ ਨਹੀਂ ਕਰ ਸਕੀ। ਵਫਦ ਨੇ ਮੰਗ ਕੀਤੀ ਕਿ ਗਰੀਬ ਐਸ ਸੀ ਬੱਚਿਆਂ ਦੀ ਮੌਤ ਹੋਣ ਤੇ ਦਰਜਨਾਂ ਹੋਰ ਦੇ ਗੰਭੀਰ ਬਿਮਾਰ ਹੋਣ ਦੇ ਮਾਮਲੇ ਦੀ ਕਿਸੇ ਸੀਟਿੰਗ ਜੱਜ ਕੋਲੋਂ ਉਚ ਪੱਧਰੀ ਜਾਂਚ ਕਰਵਾਈ ਜਾਵੇ। ਜਿਹੜੇ ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਹਰੇਕ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਬਿਮਾਰ ਹੋਏ ਬੱਚਿਆਂ ਦਾ ਮੁਫਤ ਇਲਾਜ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸਾਰੇ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸੈਂਪਲਿੰਗ ਕਰਵਾਈ ਜਾਵੇ ਤੇ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਰੱਖੜਾ ਤੇ ਚਰਨਜੀਤ ਸਿੰਘ ਬਰਾੜ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸਨੇ ਇਸ ਗਰੀਬ ਮਾਰ ਵਾਲੀ ਘਟਨਾ ਵੱਲ ਧਿਆਨ ਕਰਦਿਆਂ ਦੋਸ਼ੀ ਅਧਿਕਾਰੀਆਂ ਤੇ ਰਾਜਨੀਤਕ ਲੋਕਾਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਸੰਘਰਸ਼ ਕਰੇਗਾ ਅਤੇ ਸਥਾਨਕ ਵਿਧਾਇਕ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੰਗਾ ਪ੍ਰਸ਼ਾਸਨ ਦੇਣ ਵਿੱਚ ਵਿਧਾਇਕ ਦੀ ਵੱਡੀ ਭੂਮਿਕਾ ਹੁੰਦੀ ਹੈ ਤੇ ਹਰਦਿਆਲ ਕੰਬੋਜ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਦੇ ਕਿ ਨਜਾਇਜ਼ ਪਾਣੀ ਦੇ ਕੁਨੈਕਸ਼ਨ ਹਨ। ਉਨ੍ਹਾਂ ਕਿਹਾ ਕਿ ਜੇਕਰ ਅੱਜ ਕੰਬੋਜ ਨੂੰ ਕੁਨੈਕਸ਼ਨ ਨਜਾਇਜ਼ ਲੱਗ ਰਹੇ ਹਨ ਤਾਂ ਪੰਜ ਸਾਲ ਉਹ ਕਿੱਥੇ ਸਨ।
ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਚੰਨੀ ਲੋਕਾਂ ਨੂੰ ਮੁਫਤ ਪਾਣੀ ਦੇਣ ਦੇ ਦਾਅਵੇ ਕਰ ਰਹੇ ਹਨ, ਉਦੋਂ ਕਾਂਗਰਸੀ ਵਿਧਾਇਕ ਦਾ ਬਿਆਨ ਆਪਣੀ ਹੀ ਸਰਕਾਰ ਦਾ ਮਖੌਲ ਉਡਾਉਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਨੀ ਜਿੰਨ੍ਹਾਂ ਦੀ 13 ਸਾਲਾ ਲੜਕੀ ਦੀ ਮੌਤ ਹੋਈ, ਰਾਜਕੁਮਾਰੀ ਜਿੰਨ੍ਹਾਂ ਦੀ ਦੋਹਤੀ ਦੀ ਮੌਤ ਹੋਈ, ਮਨੋਜ ਜਿੰਨ੍ਹਾਂ ਦਾ ਬੱਚਾ 8 ਸਾਲ ਦਾ ਸੀ, ਰੌਕੀ ਜਿਸ ਦੀ ਬੱਚੀ 5 ਸਾਲ ਦੀ ਸੀ, ਦੀ ਮੌਤ ਹੋਈ ਅਤੇ ਜਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਰਣਜੀਤ ਰਾਣਾ, ਮਹਿੰਦਰ ਕੁਮਾਰ ਪੱਪੂ, ਸੁਸੀਲ ਉਤਰੇਜਾ, ਕਿ੍ਰਸ਼ਨ ਕੁਕਰੈਜਾ, ਵਿਕਰਮ ਸਿੰਘ, ਪ੍ਰਧਾਨ ਬਲਵਿੰਦਰ ਕੌਰ ਚੀਮਾ, ਹਰਪ੍ਰੀਤ ਕਲਕੱਤਾ, ਕਰਮਜੀਤ ਕੀਰ, ਸਿਵਰਾਜ ਅਬਲੋਵਾਲ, ਸੁਖਬੀਰ ਸਿੰਘ, ਹੈਪੀ ਖੈਰਾਜਪੁਰ ਵੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ