ਭਾਰਤ ਨੇ ਚੀਨ ਦੇ ਰਾਜਦੂਤ ਦੇ ਤ੍ਰਿਪੱਖੀ ਗੱਲਬਾਤ ਦੇ ਸੁਝਾਅ ਨੂੰ ਠੁਕਰਾਇਆ
ਨਵੀਂ ਦਿੱਲੀ, (ਏਜੰਸੀ)। ਭਾਰਤ ਨੇ ਇਹ ਕਹਿੰਦੇ ਹੋਏ ਚੀਨ ਦੇ ਰਾਜਦੂਤ ਲੂਅੋ ਝਾਓਹੋਈ ਦੇ ਤ੍ਰਿਪੱਖੀ ਗੱਲਬਾਤ ਦਾ ਸੁਝਾਅ ਸੋਮਵਾਰ ਨੂੰ ਠੁਕਰਾ ਦਿੱਤਾ ਕਿ ਪਾਕਿਸਤਾਨ ਨਾਲ ਉਸ ਦੇ ਸਬੰਧ ਪੂਰੀ ਤਰ੍ਹਾਂ ਨਾਲ ਦੋਪੱਖੀ ਹਨ ਅਤੇ ਇਸ ‘ਚ ਕਿਸੇ ਵੀ ਤੀਜੇ ਦੇਸ਼ ਨੂੰ ਦਖਲ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਚੀਨ ਦੇ ਇਸ ਸੁਝਾਅ ਦੀ ਪ੍ਰ੍ਰਤੀਕਿਰਿਆ ‘ਚ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨਾਲ ਜੁੜੇ ਮਸਲੇ ਪੂਰੀ ਤਰ੍ਹਾਂ ਨਾਲ ਦੋਪੱਖੀ ਹਨ ਅਤੇ ਇਸ ਵਿੱਚ ਕਿਸੇ ਤੀਜੇ ਦੇਸ਼ ਦੇ ਦਖਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਸ੍ਰੀ ਕੁਮਾਰ ਨੇ ਕਿਹਾ ਕਿ ਅਸੀਂ ਇਸ ਸਬੰਧੀ ਚੀਨ ਦੇ ਰਾਜਦੂਤ ਦੀਆਂ ਟਿੱਪਣੀਆਂ ਦੀਆਂ ਰਿਪੋਰਟਾਂ ਦੇਖੀਆਂ ਹਨ ਪਰ ਸਾਨੂੰ ਚੀਨ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਸੁਝਾਅ ਨਹੀਂ ਮਿਲਿਆ। ਅਸੀਂ ਸਮਝਦੇ ਹਾਂ ਕਿ ਇਹ ਰਾਜਦੂਤ ਦਾ ਨਿੱਜੀ ਵਿਚਾਰ ਹੈ। ਭਾਰਤ ‘ਚ ਚੀਨ ਦੇ ਰਾਜਦੂਤ ਨੇ ਅੱਜ ਸੁਝਾਅ ਦਿੱਤਾ ਕਿ ਸ਼ੰਘਾਈ ਸਹਿਯੋਗ ਸੰਗਠਨ ਤੋਂ ਬਿਨਾ ਭਾਰਤ-ਪਾਕਿਸਤਾਨ ਅਤੇ ਚੀਨ ਨੂੰ ਤ੍ਰਿਪੱਖੀ ਗੱਲਬਾਤ ਕਰਨੀ ਚਾਹੀਦੀ ਹੈ। ਸ੍ਰੀ ਲੁਅੋ ਨੇ ਇੱਕ ਸੈਮੀਨਾਰ ‘ਚ ਕਿਹਾ ਕਿ ਉਹਨਾਂ ਨੂੰ ਕੁਝ ਭਾਰਤੀ ਦੋਸਤਾਂ ਨੇ ਸੁਝਾਅ ਦਿੱਤਾ ਹੈ ਕਿ ਭਾਰਤ, ਚੀਨ ਅਤੇ ਪਾਕਿਸਤਾਨ ਸ਼ੰਘਾਈ ਸਹਿਯੋਗ ਸੰਗਠਨ ਤੋਂ ਇਲਾਵਾ ਆਪਣੀ ਤ੍ਰਿਪੱਖੀ ਗੱਲਬਾਤ ਕਰ ਸਕਦੇ ਹਨ।