ਵਿਧਾਨ ਸਭਾ ਰੂਲ ਬੁੱਕ ਦੀਆਂ ਸਪੀਕਰ ਨੇ ਧੱਜੀਆਂ ਉਡਾਈਆਂ: ਅਮਨ ਅਰੋੜਾ
‘ਆਪ’ ਵਿਧਾਇਕਾਂ ਨੇ ਮੀਡੀਆ ਰਾਹੀਂ ਘੇਰੀ ਸਰਕਾਰ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਅੱਜ ਸ਼ੁਰੂ ਹੋਏ ਸਮਾਗਮ (ਸੈਸ਼ਨ) ਨੂੰ ਤਿੰਨ ਦਿਨਾਂ ਤੋਂ ਸਿਰਫ਼ ਡੇਢ ਦਿਨ ਤੱਕ ਸੀਮਤ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ ਤੇ ਕੁਲਵੰਤ ਸਿੰਘ ਪੰਡੋਰੀ ਨੇ ਸਰਦ ਰੁੱਤ ਸੈਸ਼ਨ ਦੇ ਨਾਂਅ ‘ਤੇ ਕੈਪਟਨ ਸਰਕਾਰ ‘ਤੇ ਕੋਝਾ ਮਜ਼ਾਕ ਕਰਨ ਦੇ ਦੋਸ਼ ਲਗਾਏ। ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਰੂਲ ਬੁੱਕ (ਨਿਯਮਾਂਵਲੀ) ਦੀ 14-ਏ ਮੱਦ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇੱਕ ਸਾਲ ‘ਚ ਘੱਟੋ-ਘੱਟ 40 ਬੈਠਕਾਂ ਲਾਜ਼ਮੀ ਹਨ, ਪਰੰਤੂ ਪਿਛਲੇ ਲੰਮੇ ਸਮੇਂ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਨੇ ਡੇਢ ਦਰਜਨ ਤੋਂ ਵੱਧ ਬੈਠਕਾਂ ਨਹੀਂ ਕੀਤੀਆਂ।
ਅਰੋੜਾ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ‘ਤੇ ਸਪੀਕਰ ਰਾਣਾ ਕੇਪੀ ਸਿੰਘ ਵਿਧਾਨ ਸਭਾ ਦੇ ਨਿਯਮਾਂ-ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਧਿਆਨ ਦਿਵਾਊ ਮਤਿਆਂ ਨੂੰ ਬੇਤੁਕੇ ਕਾਰਨਾਂ ਦਾ ਹਵਾਲਾ ਦੇ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤਾ ਜਾਂਦਾ ਹੈ। ਜਦਕਿ ਧਿਆਨ ਦਿਵਾਊ ਨਿਯਮਾਂਵਲੀ ਨੰਬਰ 66 ‘ਚ ਇਸ ਤਰ੍ਹਾਂ ਦੇ ਬੇਤੁਕੇ ਤੇ ਬੇਬੁਨਿਆਦ ਹਵਾਲਿਆਂ ਦਾ ਕੋਈ ਜ਼ਿਕਰ ਨਹੀਂ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਇਸ ਵਾਰ ਕਰੀਬ 250 ਸਵਾਲ ਲੱਗੇ ਹੋਏ ਸਨ, ਜਿਨ੍ਹਾਂ ‘ਚ ਲਗਭਗ ਸਵਾ ਸੋ ਸਵਾਲ ‘ਆਪ’ ਵਿਧਾਇਕਾਂ ਦੇ ਸਨ ਜਦਕਿ ਅਣਸਟਾਰਡ ਸਵਾਲਾਂ ਦੀ ਗਿਣਤੀ ਅਲੱਗ ਹੈ। ਇਸੇ ਤਰ੍ਹਾਂ 23 ਧਿਆਨ ਦਿਵਾਊ ਮਤੇ ਸਨ।
ਇਨ੍ਹਾਂ ਸਵਾਲਾਂ ਤੇ ਧਿਆਨ ਦਿਵਾਊ ਮਤਿਆਂ ਰਾਹੀਂ ‘ਆਪ’ ਵੱਲੋਂ ਕਿਸਾਨੀ, ਖੇਤ-ਮਜ਼ਦੂਰ, ਦਲਿਤਾਂ, ਦਲਿਤ ਸਟੂਡੈਂਟਸ, ਵਪਾਰੀਆਂ-ਕਾਰੋਬਾਰੀਆਂ, ਸੜਕ ਹਾਦਸੇ, ਬੇਰੁਜ਼ਗਾਰੀ, ਨਸ਼ੇ, ਸਿੱਖਿਆ, ਸਿਹਤ ਸੇਵਾਵਾਂ, ਪਾਣੀ, ਵਾਤਾਵਰਨ ਸਮੇਤ ਬਰਗਾੜੀ ਤੇ ਕਾਨੂੰਨ ਵਿਵਸਥਾ ਆਦਿ ਦਰਜਨਾਂ ਮੁੱਦਿਆਂ ‘ਤੇ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰਨਾ ਸੀ ਪਰੰਤੂ ਸਰਕਾਰ ਸਾਹਮਣਾ ਕਰਨ ਤੋਂ ਭੱਜ ਗਈ। ਪ੍ਰੋ. ਬਲਜਿੰਦਰ ਕੌਰ ਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਤੇ ਪੰਜਾਬ ਦੇ ਲੋਕਾਂ ਬਾਰੇ ਸੱਚਮੁੱਚ ਸੁਹਿਰਦ ਹੁੰਦੀ ਤਾਂ ਖੁੱਲ੍ਹੇ ਦਿਲ ਨਾਲ ਹਰ ਭਖਵੇਂ ਮੁੱਦੇ ‘ਤੇ ਬਹਿਸ-ਵਿਚਾਰ ਕਰਦੀ ਤਾਂ ਕਿ ਹਰੇਕ ਮਸਲੇ ਦਾ ਠੋਸ ਹੱਲ ਨਿਕਲ ਸਕੇ।
ਉਨ੍ਹਾਂ ਕਿਹਾ ਕਿ ਅੱਜ ਦੀ ਬੈਠਕ ਸਿਰਫ਼ 11 ਮਿੰਟਾਂ ‘ਚ ਸ਼ਰਧਾਂਜਲੀਆਂ ਨਾਲ ਨਿਪਟਾ ਦਿੱਤੀ, ਜਦਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਦੱਸਦੇ ਹਨ ਕਿ ਇੱਕ ਦਿਨ ਦੇ ਸੈਸ਼ਨ ‘ਤੇ ਕਰੀਬ 70 ਲੱਖ ਰੁਪਏ ਦਾ ਖ਼ਰਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਜੇਕਰ ਅੱਜ ਹੀ 10 ਮਿੰਟ ਦੇ ਵਕਫ਼ੇ ਉਪਰੰਤ ਅਗਲੀ ਬੈਠਕ ਸ਼ੁਰੂ ਕਰ ਦਿੱਤੀ ਜਾਂਦੀ। ਅਮਰਜੀਤ ਸਿੰਘ ਸੰਦੋਆ ਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਜਦ ਕਾਂਗਰਸੀ ਤੇ ਅਕਾਲੀ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਲੰਮੇ ਸੈਸ਼ਨਾਂ ਦੀ ਮੰਗ ਕਰਦੇ ਹਨ ਪਰੰਤੂ ਸੱਤਾ ‘ਚ ਆਉਣ ਉਪਰੰਤ ਸੈਸ਼ਨ ਛੋਟਾ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੇਰਲ ਅਸੈਂਬਲੀ ਨੇ 2017-18 ‘ਚ 151 ਬੈਠਕਾਂ ਕੀਤੀਆਂ ਜਦਕਿ ਪੰਜਾਬ ‘ਚ ਸਿਰਫ 19 ਬੈਠਕਾਂ ਹੋਈਆਂ ਜਿਨ੍ਹਾਂ ‘ਚ 3 ਸ਼ਰਧਾਂਜਲੀਆਂ ਤੱਕ ਸੀਮਤ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।