ਪੀਜੀਆਈ ਚੰਡੀਗੜ੍ਹ ਰੈਫ਼ਰ, ਹਾਲਤ ਗੰਭੀਰ
(ਜਸਵੀਰ ਸਿੰਘ ਗਹਿਲ) ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਪਿੰਡ ਸੁਖਪੁਰਾ ਵਿਖੇ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਨੌਜਵਾਨ (Young Man) ਨੇ ਪਿੰਡ ਦੇ ਕਬਰਸਤਾਨ ’ਚ ਜਾ ਕੇ ਖੁਦ ਨੂੰ ਅੱਗ ਲਗਾ ਲਈ। ਅੱਗ ਲਗਾਉਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ। ਪਰ ਨੌਜਵਾਨ ਚੰਡੀਗੜ੍ਹ ਵਿਖੇ ਗੰਭੀਰ ’ਚ ਹਾਲਤ ’ਚ ਜ਼ੇਰੇ ਇਲਾਜ਼ ਹੈ।
ਪਿੰਡ ਦੇ ਪ੍ਰਤੱਖਦਰਸ਼ੀਆਂ ਅਨੁਸਾਰ ਅੱਗ ਲਗਾਉਣ ਵਾਲਾ ਨੌਜਵਾਨ ਪਰਮਜੀਤ ਸਿੰਘ (26) ਪੁੱਤਰ ਸੁਖਪਾਲ ਸਿੰਘ ਕਾਲ਼ਾ ਨੇ ਅੱਜ ਦੁਪਿਹਰ ਸਮੇਂ ਆਪਣੇ ਘਰ ਤੋਂ ਕਬਰਸਤਾਨ ’ਚ ਜਾ ਕੇ ਆਪਣੇ ਉਪਰ ਪੈਟਰੋਲ ਛਿੜਕ ਲਿਆ ਅਤੇ ਲਾਈਟਰ ਨਾਲ ਖੁਦ ਨੂੰ ਅੱਗ ਲਗਾ ਲਈ। ਅੱਗ ਲਗਾਉਣ ਤੋਂ ਬਾਅਦ ਨੌਜਵਾਨ ਕਬਰਸਤਾਨ ਦੇ ਅੰਦਰ ਗੇੜੇ ਦਿੰਦਾ ਰਿਹਾ ਅਤੇ ਅੱਗ ਬੁਝਣ ’ਤੇ ਲਿਟਣ ਲੱਗ ਪਿਆ। ਘਟਨਾ ਦਾ ਪਤਾ ਲੱਗਦਿਆਂ ਹੀ ਨੌਜਵਾਨ ਦੀ ਮਾਤਾ ਅਤੇ ਪਤਨੀ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਕਬਰਸਤਾਨ ’ਚ ਪੁੱਜ ਗਏ ਅਤੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਤਪਾ ਵਿਖੇ ਇਲਾਜ਼ ਲਈ ਦਾਖਲ ਕਰਵਾਇਆ। ਜਿੱਥੋਂ ਡਾਕਟਰਾਂ ਨੇ ਮੁੱਢਲੀ ਦੇ ਕੇ ਜਖ਼ਮੀ ਨੌਜਵਾਨ ਨੂੰ ਪੀਜੀਆਈ ਚੰਡੀਗੜ੍ਹ ਨੂੰ ਰੈਫ਼ਰ ਕਰ ਦਿੱਤਾ। ਜਿੱਥੇ ਨੌਜਵਾਨ ਪਰਮਜੀਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪਿੰਡ ਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਖ਼ਮੀ ਨੌਜਵਾਨ ਲੱਕੜ ਦਾ ਚੰਗਾ ਕਾਰੀਗਰ ਹੈ ਅਤੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਹੈ। ਪ੍ਰੰਤੂ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਅੱਗ ਲਗਾਉਣ ਦੀ ਘਟਨਾ ਨੂੰ ਇਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪਰਮਜੀਤ ਸਿੰਘ ਦੇ ਇੱਕ ਲੜਕੀ ਹੈ ਜਦੋਂਕਿ ਉਸ ਦੀ ਘਰਵਾਲੀ ਗਰਭਵਤੀ ਵੀ ਹੈ। ਥਾਣਾ ਸ਼ਹਿਣਾ ਦੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਨੇ ਦੱਸਿਆ ਕਿ ਨੌਜਵਾਨ ਨੂੰ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਜਿੱਥੇ ਉਸ ਦੇ ਬਿਆਨ ਲੈਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨਾਲ ਵੀ ਰਾਬਤਾ ਕਰਕੇ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ