ਚੰਡੀਗੜ੍ਹ। ਸੂਬੇ ਵਿੱਚ ਪੈ ਰਹੇ ਬੇਮੌਸਮੇ ਮੀਂਹ ਨੇ ਸਭ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਤੇ ਗੜੇਮਾਰੀ ਨੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਕਈ ਜ਼ਿਲ੍ਹਿਆਂ ਵਿੱਚ ਆਏ ਭਿਆਨਕ ਝੱਖੜ ਨੇ ਫਸਲਾਂ ਦੇ ਨਾਲ-ਨਾਲ ਡੰਗਰਾਂ ਤੇ ਮਕਾਨਾਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ। ਪਿਛਲੇ ਇੱਕ ਹਫ਼ਤੇ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਕਣਕ ਦੀ ਖੜ੍ਹੀ ਫਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਉੱਥੇ ਹੀ ਮੌਸਮ ਵਿਭਾਗ ਨੇ ਵੀ ਯੈਲੋ ਅਲਰਟ ਜਾਰੀ ਕੀਤਾ ਸੀ ਕਿ 3 ਅਪਰੈਲ ਨੂੰ ਸੂਬੇ ਵਿੱਚ ਕਈ ਹਿੱਸਿਆਂ ਵਿੱਚ ਫਿਰ ਤੋਂ ਗੜੇਮਾਰੀ, ਤੇਜ਼ ਹਵਾਵਾਂ ਚੱਲਣ ਦੇ ਨਾਲ ਭਾਰੀ ਮੀਂਹ ਦੇ ਆਸਾਰ ਹਨ ਕਿਉਂਕਿ ਇੱਕ ਹੋਰ ਵੈਸਟਰਨ ਡਿਸਟਰਬੈਂਸ ਐਕਵਿਟ ਹੋਇਆ ਹੈ। ਜਿਸ ਦਾ ਅਸਰ ਪੰਜਾਬ ਵਿੱਚ ਵੀ ਕਾਫ਼ੀ ਪੈ ਰਿਹਾ ਹੈ, ਇਸ ਲਈ ਅਲਰਟ ਜਾਰੀ ਕੀਤਾ ਗਿਆ ਸੀ। ਮੌਸਮ ਵਿਭਾਗ ਅਨੁਸਾਰ ਇਸ ਵਾਰ ਮਾਲਵਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਵਿਭਾਗ ਵੱਲੋਂ ਗੜੇ ਪੈਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਤੋਂ ਬਾਅਦ ਕਿਸਾਨਾ ਦੇ ਚਿਹਰੇ ਮੁਰਝਾ ਗਏ ਹਨ।
ਉੱਥੇ ਹੀ ਦੱਸਣਯੋਗ ਹੈ ਕਿ ਅਪਰੈਲ ਦੇ ਸ਼ੁਰੂਆਤੀ ਦਿਨਾਂ ’ਚ ਹੀ 48 ਘੰਟਿਆਂ ਵਿੱਚ 11 ਮਿਲੀਮੀਟਰ ਵਰਖਾ ਰਿਕਾਰਡ ਹੋ ਚੁੱਕੀ ਹੈ। ਜਦਕਿ ਐਤਵਾਰ ਨੂੰ ਵੱਧ ਤੋਂ ਵੱਧ ਪਾਰੇ ਵਿੱਚ ਆਮ ਨਾਲੋਂ 4-5 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ 4 ਅਪਰੈਲ ਨੂੰ ਵੀ ਬੰਦ ਛਾਏ ਰਹਿਣਗੇ ਅਤੇ ਕੁਝ ਜ਼ਿਲ੍ਹਿਆਂ ਵਿੱਚ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ। ਇਸ ਤੋਂ ਬਾਅਦ 5 ਅਪਰੈਲ ਤੋਂ ਮੌਸਮ ਡਰਾਈ ਹੋਣਾ ਸ਼ੁਰੂ ਹੋਵੇਗਾ।
ਮੌਸਮ ਦੀਆਂ ਇਨ੍ਹਾਂ ਚੇਤਾਵਨੀਆਂ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਹੋਰ ਗੂੜ੍ਹੀਆਂ ਗਈਆਂ ਹਨ। ਜੇਕਰ ਇਹ ਮੀਂਹ ਦਾ ਮੌਸਮ ਇਸੇ ਤਰ੍ਹਾਂ ਹੀ ਗੜਬੜਾਉਂਦਾ ਰਿਹਾ ਤਾਂ ਹਾੜੀ ਦੇ ਮੌਸਮ ਵਿੱਚ ਵਾਢੀ ਕਰਨ ਵਿੱਚ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।