Punjabi Story : ਮਨੋਜ ਸਰਕਾਰੀ ਸਕੂਲ ਦਾ ਪੰਜਾਬੀ ਅਧਿਆਪਕ ਸੀ। ਉਸ ਦੇ ਸਕੂਲ ਦੇ ਬੱਚੇ ਦੂਜੇ ਸਰਕਾਰੀ ਸਕੂਲਾਂ ਦੇ ਬੱਚਿਆਂ ਵਾਂਗ ਬਹੁਤ ਹੀ ਸਾਧਾਰਨ ਤੇ ਗਰੀਬ ਪਰਿਵਾਰਾਂ ਨਾਲ਼ ਸਬੰਧਤ ਸਨ। ਉਸ ਦੇ ਸਕੂਲ ਦੇ ਬੱਚਿਆਂ ਦੇ ਮਾਤਾ ਪਿਤਾ ਜਾਂ ਤਾਂ ਮਨਰੇਗਾ ਤਹਿਤ ਕੰਮ ਵਿੱਚ ਲੱਗੇ ਹੋਏ ਸਨ ਜਾਂ ਉਹ ਦਿਹਾੜੀਦਾਰ ਸਨ। ਜਦ ਉਹ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਦੇ ਲਿੱਬੜੇ, ਪਾਟੇ-ਪੁਰਾਣੇ ਕੱਪੜੇ ਅਤੇ ਉਹਨਾਂ ਦੇ ਮੁਰਝਾ ਚੁੱਕੇ ਚਿਹਰਿਆਂ ਨੂੰ ਵੇਖਦਾ ਤਾਂ ਉਹ ਬਹੁਤ ਨਿਰਾਸ਼ ਹੋ ਜਾਂਦਾ।
ਉਹ ਸਿਰਫ ਵਿੱਦਿਆ ਨੂੰ ਹੀ ਅਜਿਹਾ ਹਥਿਆਰ ਮੰਨਦਾ ਸੀ ਜਿਸ ਨਾਲ਼ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੇ ਮੁਰਝਾ ਚੁੱਕੇ ਚਿਹਰਿਆਂ ਉੱਤੇ ਰੌਣਕ ਲਿਆਂਦੀ ਜਾ ਸਕਦੀ ਸੀ। ਉਹ ਆਪਣੇ ਖੁਦ ਦੇ ਬੱਚਿਆਂ ਨਾਲੋਂ ਆਪਣੇ ਸਕੂਲ ਦੇ ਬੱਚਿਆਂ ਦੀ ਪੜ੍ਹਾਈ ’ਤੇ ਜ਼ਿਆਦਾ ਜ਼ੋਰ ਲਾਉਂਦਾ ਤੇ ਉਸ ਕੋਸ਼ਿਸ਼ ਵਿੱਚ ਉਹ ਕਿਸੇ ਹੱਦ ਤੱਕ ਕਾਮਯਾਬ ਵੀ ਹੁੰਦਾ ਸੀ। ਉਹ ਹਰ ਸਮੇਂ ਇਹੀ ਸੋਚਦਾ ਰਹਿੰਦਾ ਕਿ ਗਰੀਬੀ ਤੇ ਨਰਕ ਵਰਗੀ ਹੋਈ ਪਈ ਬੱਚਿਆਂ ਦੀ ਜ਼ਿੰਦਗੀ ਨੂੰ ਉਹ ਇਸ ਦਲਦਲ ਵਿੱਚੋਂ ਕਿਵੇਂ ਕੱਢੇ। Punjabi Story
ਦੂਜੇ ਅਧਿਆਪਕ ਸਵੇਰੇ-ਸਵੇਰੇ ਜਿੱਥੇ ਰਾਜਨੀਤੀ, ਘਰ-ਪਰਿਵਾਰ ਦੀਆਂ ਗੱਲਾਂ ਵਿਚ ਕੀਮਤੀ ਸਮਾਂ ਲੰਘਾ ਰਹੇ ਹੁੰਦੇ, ਉੱਥੇ ਮਨੋਜ ਬਿਜਲੀ ਦੀ ਫੁਰਤੀ ਵਾਂਗ ਜਮਾਤ ਵਿਚ ਦਾਖ਼ਲ ਹੁੰਦਾ। ਉਸ ਨੂੰ ਹਰ ਇੱਕ ਮਿੰਟ ਕੀਮਤੀ ਲੱਗਦਾ। ਉਸ ਨੂੰ ਹਰ ਸਮੇਂ ਇਹੀ ਲੱਗਦਾ ਕਿ ਸ਼ਾਇਦ ਹਰ ਮਿੰਟ ਬੱਚਿਆਂ ਦੀ ਤਕਦੀਰ ਬਦਲ ਦੇਵੇ। ਹਰ ਦਿਨ ਨਵਾਂ ਜੋਸ਼ ਉਸ ਨੂੰ ਅੱਗੇ ਵੱਲ ਲੈ ਜਾਂਦਾ। ਉਸ ਦੇ ਸਕੂਲ ਦੇ ਜਿਆਦਾਤਰ ਅਧਿਆਪਕਾਂ ਨੇ ਪ੍ਰੋਜੈਕਟਰ ਜਾਂ ਨਵੀਂ ਤਕਨੀਕ ਦੇ ਇਸਤੇਮਾਲ ਨਾਲ ਵਿਹਲਾ ਰਹਿਣ ਦਾ ਤਰੀਕਾ ਲੱਭ ਲਿਆ ਸੀ। ਹੁਣ ਉਨ੍ਹਾਂ ਅਧਿਆਪਕਾਂ ਦੀ ਜਮਾਤ ਵਿਚਲੀ ਬੱਚਿਆਂ ਪ੍ਰਤੀ ਭੂਮਿਕਾ ਨਾ ਦੇ ਬਰਾਬਰ ਸੀ। ਮਨੋਜ ਨਵੀਂ ਤਕਨੀਕ ਦੇ ਇਸਤੇਮਾਲ ਨੂੰ ਅਧਿਆਪਕ ਦੇ ਵਿਹਲੇ ਰਹਿਣ ਦਾ ਢੰਗ ਦੱਸਦਾ ਤੇ ਉਸਦੀ ਤੁਲਨਾ ਉਸ ਮਾਂ ਨਾਲ਼ ਕਰਦਾ, ਜਿਸ ਨੇ ਆਪਣੀ ਖੇਚਲ ਅਤੇ ਔਖ ਨੂੰ ਸੌਖਾ ਕਰਨ ਲਈ, ਆਪਣਾ ਬੱਚਾ ਪਾਲਣ ਲਈ ਕਿਸੇ ਦੂਜੀ ਔਰਤ ਨੂੰ ਕਿਰਾਏ ’ਤੇ ਰੱਖ ਲਿਆ ਹੋਵੇ।
Punjabi Story
ਇਹ ਸੁਭਾਵਿਕ ਹੈ ਕਿ ਕੰਮ ਕਰਨ ਵਾਲੇ ਲੋਕਾਂ ਦੇ ਆਲੋਚਕ ਬਹੁਤ ਹੁੰਦੇ ਹਨ, ਕਿਉਂਕਿ ਬਹੁਗਿਣਤੀ ਅਧਿਆਪਕ ਆਪਣਾ ਜ਼ਿਆਦਾਤਰ ਸਮਾਂ, ਗੱਪਾਂ ਮਾਰ ਕੇ, ਮੋਬਾਈਲ ਵਰਤਣ ’ਤੇ ਲਾਉਂਦੇ। ਮਨੋਜ ਨੂੰ ਹਰ ਅਧਿਆਪਕ ਦੇ ਕੰਮ ਬਾਰੇ ਪਤਾ ਸੀ ਕਿ ਜਿਆਦਾਤਰ ਅਧਿਆਪਕਾਂ ਦਾ ਕੰਮ ਟਾਈਮਪਾਸ ਕਰਨ ਵਾਲਾ ਸੀ। ਉਹ ਸੋਚਦਾ ਸੀ ਕਿ ਉਸ ਬੰਦੇ ਨੂੰ ਸਮਝਾਉਣਾ ਸਭ ਤੋਂ ਔਖਾ ਹੁੰਦਾ ਹੈ, ਜਿਸ ਦਾ ਜ਼ਮੀਰ ਮਰ ਚੁੱਕਾ ਹੋਵੇ। ਉਹ ਆਪਣੀ ਜਿੰਮੇਵਾਰੀ ਪੂਰੀ ਤਰ੍ਹਾਂ ਨਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਮਰੀ ਰੂਹ ਵਾਲਾ ਦੱਸਦਾ। ਬਹੁਗਿਣਤੀ ਸਾਥੀ ਅਧਿਆਪਕ ਉਸ ਤੋਂ ਅੱਖ ਬਚਾ ਕੇ ਹੀ ਲੰਘਣਾ ਮੁਨਾਸਿਬ ਸਮਝਦੇ, ਪਰ ਮੌਕਾ ਮਿਲਣ ’ਤੇ ਉਹ ਸਭ ਦੀ ਆਪਣੇ ਸ਼ਬਦਾਂ ਨਾਲ ਪੂਰੀ ਝਾੜ-ਝੰਬ ਕਰਦਾ।
Read Also : ਭਾਰਤੀ ਦਰਸ਼ਨ ਤੇ ਸਿਆਸੀ ਨਜ਼ਰੀਆ
ਇੱਕ ਦਿਨ ਦੂਜੇ ਅਧਿਆਪਕ ਸਾਥੀਆਂ ਨਾਲ ਉਸ ਦੀ ਝਾੜ-ਝੰਬ ਜ਼ਿਆਦਾ ਹੀ ਤਿੱਖੀ ਹੋ ਗਈ। ਇੱਕ ਅਧਿਆਪਕ ਕਹਿਣ ਲੱਗਾ ਕਿ ਮਨੋਜ ਸਿਆਂ, ਜੇਕਰ ਤੈਨੂੰ ਤੇਰੇ ਵੱਲੋਂ ਕਰਵਾਈ ਪੜ੍ਹਾਈ ਦਾ ਇੰਨਾ ਹੀ ਘੁਮੰਡ ਹੈ ਤਾਂ ਤੂੰ ਆਪਣੇ ਬੱਚੇ ਨੇੜੇ ਦੇ ਪ੍ਰਾਈਵੇਟ ਸਕੂਲ ਵਿੱਚ ਕਿਉਂ ਦਾਖਲ ਕਰਵਾਏ ਨੇ। ਮਨੋਜ ਮੁਸਕਰਾਇਆ ਤੇ ਕਹਿਣ ਲੱਗਾ ਕਿ ਇੱਕ ਇਮਾਰਤ ’ਤੇ ਚੜ੍ਹਨ ਲਈ ਇੱਕ ਪੌੜੀ ਦੀ ਜ਼ਰੂਰਤ ਹੁੰਦੀ ਹੈ। ਉਸ ਇਮਾਰਤ ’ਤੇ ਚੜ੍ਹਨ ਲਈ ਉਸ ਪੌੜੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਸਾਰੇ ਟੰਬੇ (ਕੜੀਆਂ) ਠੀਕ ਹਾਲਾਤ ਵਿੱਚ ਹੋਣ। ਖਰਾਬ ਟੰਬਿਆਂ ਵਾਲੀ ਪੌੜੀ ਕਦੇ ਇਮਾਰਤ ’ਤੇ ਚੜ੍ਹਨਾ ਸੰਭਵ ਨਹੀਂ ਕਰ ਸਕਦੀ।
ਉਸੇ ਤਰ੍ਹਾਂ ਤੁਹਾਡੇ ਵਰਗੇ ਅਧਿਆਪਕ ਇਸ ਵਿਭਾਗ ਦੇ ਘੁਣ ਤੇ ਖਰਾਬ ਹੋ ਚੁੱਕੀਆਂ ਕੜੀਆਂ ਨੇ। ਇਹਨਾਂ ਖਰਾਬ ਕੜੀਆਂ ਕਾਰਨ ਸਫ਼ਲਤਾ ਬੱਚਿਆਂ ਦੀ ਪਹੁੰਚ ਤੋਂ ਕੋਸਾਂ ਦੂਰ ਹੋ ਚੁੱਕੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਵੀ ਇਹਨਾਂ ਖਰਾਬ ਹੋ ਚੁੱਕੀਆਂ ਕੜੀਆਂ ਦੇ ਸਹਾਰੇ ਸਫਲਤਾ ਦਾ ਰਾਹ ਦੇਖਣ ਦਾ ਸੁਪਨਾ ਲੈਣ। ਇੰਨਾ ਕਹਿੰਦਾ ਹੋਇਆ ਮਨੋਜ ਉਸੇ ਬਿਜਲੀ ਵਾਲੀ ਰਫ਼ਤਾਰ ਨਾਲ ਜਮਾਤ ਵਿੱਚ ਵੜ ਗਿਆ। ਸ਼ਾਇਦ ਕਮਜ਼ੋਰ ਕੜੀਆਂ ਕੋਲ ਮਨੋਜ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ।
ਚੰਦਰਕਾਂਤ ਮੀਨਾ,
ਸਰਕਾਰੀ ਮਿਡਲ ਸਕੂਲ, ਗੋਰਖਨਾਥ (ਮਾਨਸਾ)
ਮੋ. 94636-97954