ਚੌਂਕੀਦਾਰ ਨੇ ਸ਼ੱਕੀ ਹਾਲਾਤ ‘ਚ ਕੀਤੀ ਆਤਮ ਹੱਤਿਆ
ਬਰਨਾਲਾ, (ਜਸਵੀਰ ਸਿੰਘ ਗਹਿਲ) ਬਰਨਾਲਾ ਵਿਖੇ ਰਾਤ ਸਮੇਂ ਕਚਿਹਰੀਆਂ ਦੀ ਚੌਂਕੀਦਾਰੀ ਕਰਨ ਵਾਲੇ 42 ਸਾਲਾ ਵਿਅਕਤੀ ਨੇ ਆਪਣੇ ਕਮਰੇ ‘ਚ ਸ਼ਨੀਵਾਰ- ਐਤਵਾਰ ਦੀ ਦਰਮਿਆਨੀ ਰਾਤ ਸ਼ੱਕੀ ਹਾਲਾਤਾਂ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਸਿਟੀ- 2 ਦੇ ਏਐਸਆਈ ਹਾਕਮ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ ਉਨਾਂ ਨੂੰ ਸੂਚਨਾ ਮਿਲੀ ਕਿ ਸਥਾਨਕ ਕੋਰਟ ‘ਚ ਰਾਤ ਦੀ ਰਖਵਾਲੀ ਲਈ ਤਾਇਨਾਤ ਪਰਮਿੰਦਰ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ, ਬਰਨਾਲਾ ਨੇ ਖੁਦਕੁਸ਼ੀ ਕਰ ਲਈ ਹੈ। ਮੌਕੇ ‘ਤੇ ਪੁੱਜਣ ‘ਤੇ ਹਾਜਰੀਨ ਮ੍ਰਿਤਕ ਦੇ ਸਾਥੀਆਂ ਨੇ ਦੱਸਿਆ ਕਿ ਉਹ ਅੱਜ ਸਵੇਰ ਸਾਢੇ ਕੁ ਸੱਤ ਵਜੇ ਦੇ ਕਰੀਬ ਜਦ ਰੋਜਾਨਾਂ ਦੀ ਤਰਾਂ ਚਾਹ ਲੈ ਕੇ ਕੋਰਟ ਦੇ ਬਖ਼ਸੀਖਾਨੇ ਦੇ ਲਾਗੇ ਬਣੇ ਕਮਰੇ ‘ਚ ਪੁੱਜੇ ਤਾਂ ਦੇਖਿਆ ਕਿ ਪਰਮਿੰਦਰ ਸਿੰਘ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ।
ਜਿਸ ਦੀ ਸੂਚਨਾ ਉਨ੍ਹਾਂ ਤੁਰੰਤ ਪੁਲਿਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪਰਿਵਾਰਕ ਮੈਂਬਰਾਂ ਦੇ ਪੁੱਜਦਿਆਂ ਹੀ ਮੁਢਲੀ ਤਫ਼ਤੀਸ ਪਿੱਛੋਂ ਲਾਸ਼ ਨੂੰ ਉਤਾਰ ਕੇ ਸਥਾਨਕ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਉਣ ਵਾਰਸਾਂ ਦੇ ਹਵਾਲੇ ਕਰ ਦਿੱਤਾ। ਕਾਰਵਾਈ ਸਬੰਧੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਮਨੋਹਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ। ਪਰਿਵਾਰਕ ਮੈਂਬਰਾਂ ਮੁਤਾਬਿਕ ਨਾ ਹੀ ਘਰ ‘ਚ ਕੋਈ ਕਲੇਸ਼ ਸੀ ਅਤੇ ਨਾ ਹੀ ਪਰਮਿੰਦਰ ਸਿੰਘ ਨੂੰ ਵਿਭਾਗ ‘ਚ ਕੋਈ ਪ੍ਰੇਸ਼ਾਨੀ ਸੀ। ਪ੍ਰੰਤੂ ਸੂਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਪਰਮਿੰਦਰ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.