ਰਿਸ਼ਤਿਆਂ ਦਾ ਨਿੱਘ
ਬਦਲਦੇ ਹੋਏ ਸਮਾਜ ਵਿੱਚ ਭਾਵੇਂ ਪਰਿਵਾਰ ਛੋਟੇ ਹੁੰਦੇ ਜਾ ਰਹੇ ਨੇ ਪਰ ਰਿਸ਼ਤਿਆਂ ਦੀਆਂ ਤੰਦਾਂ ਕਦੇ ਵੀ ਟੁੱਟ ਨਹੀਂ ਸਕਦੀਆਂ। ਜਨਮ ਤੋਂ ਹੀ ਆਪਣੇ ਭਾਵਾਂ, ਇੱਛਾਵਾਂ ਤੇ ਲੋੜਾਂ ਦੀ ਪੂਰਤੀ ਦਾ ਸਾਧਨ ਪਰਿਵਾਰ ਹੀ ਰਿਹਾ ਹੈ। ਜਿਸ ਨੂੰ ਆਪਣੇ ਬਚਪਨ ਵਿੱਚ ਮਾਂ ਦੀ ਗੋਦੀ ਦਾ ਨਿੱਘ ਨਹੀਂ ਮਿਲਿਆ ਉਹ ਸਵਰਗ ਬਾਰੇ ਸਿਰਫ ਕਲਪਨਾ ਹੀ ਕਰ ਸਕਦਾ ਹੈ। ਮਾਂ ਬੱਚਿਆਂ ਦੀ ਸੰਭਾਲ ਹੀ ਨਹੀਂ ਕਰਦੀ ਸਗੋਂ ਪਹਿਲੇ ਅਧਿਆਪਕਾ, ਨਰਸ ਤੇ ਗੁਰੁ ਦਾ ਕੰਮ ਬਿਨਾਂ ਸੁਆਰਥ ਦੇ ਤਨਦੇਹੀ ਨਾਲ ਕਰਦੀ ਹੈ। ਇੱਕ ਪਿਤਾ ਬੱਚਿਆਂ ਨੂੰ ਸਿਰਫ ਪਾਲ਼ ਹੀ ਸਕਦਾ ਹੈ ਪਰ ਪਰਵਰਿਸ਼ ਤੇ ਸੰਭਾਲ ਤਾਂ ਮਾਂ ਹੀ ਕਰਦੀ ਹੈ ਜਿੱਥੇ ਮਾਂ ਪਰਿਵਾਰ ਲਈ ਇੱਕ ਘੜੀ ਵਾਂਗ ਕੰਮ ਕਰਦੀ ਹੈ, ਉੱਥੇ ਹੀ ਪਿਤਾ ਇੱਕ ਪਹਿਰੇਦਾਰ ਵਾਂਗ ਕੰਮ ਕਰਦਾ ਹੈ।
ਅਸਲ ਵਿੱਚ ਜਿਹੜੀ ਥੁੜ, ਦੁੱਖ, ਭੁੱਖ ਪਿਤਾ ਨੇ ਖੁਦ ਦੇਖੀ ਹੁੰਦੀ ਹੈ, ਉਹ ਚਾਹੁੰਦਾ ਹੈ ਉਸ ਦੇ ਬੱਚੇ ਕਦੇ ਵੀ ਨਾ ਦੇਖਣ ਸ਼ਾਇਦ ਇਸੇ ਲਈ ਉਹ ਨਰਮਾਈ ਦੀ ਥਾਂ ਸਖ਼ਤੀ ਤੇ ਕਠੋਰਤਾ ਨੂੰ ਆਪਣੇ ਵਿਵਹਾਰ ਦਾ ਹਿੱਸਾ ਬਣਾ ਲੈਂਦਾ ਹੈ। ਜਦੋਂ ਕੋਈ ਵਿਅਕਤੀ ਖੁਦ ਪਿਤਾ ਬਣਦਾ ਹੈ ਫਿਰ ਉਸ ਨੂੰ ਆਪਣੇ ਪਿਤਾ ਬਾਰੇ ਅਸਲੀ ਸਮਝ ਆਉਂਦੀ ਹੈ। ਸ਼ਾਇਦ ਇਸੇ ਲਈ ਲੋਕ ਕਹਾਵਤ ਬਣੀ ਹੈ ਕਿ ਆਪਣੀ ਕਮਾਈ ਨਾਲ਼ ਤਾਂ ਸਿਰਫ ਲੋੜਾਂ ਹੀ ਪੂਰੀਆਂ ਹੁੰਦੀਆਂ, ਸ਼ੌਂਕ ਤਾਂ ਪਿਉ ਦੇ ਸਿਰ ‘ਤੇ ਪੂਰੇ ਕੀਤੇ ਜਾ ਸਕਦੇ ਹਨ।
ਉਹ ਭੈਣ-ਭਰਾ ਹੀ ਵੱਡੇ ਹੋ ਕੇ ਸ਼ਰੀਕ ਬਣਦੇ ਨੇ ਜਿਨ੍ਹਾਂ ਦੀ ਪਰਵਰਿਸ਼ ਮਾਂ-ਪਿਉ ਚੰਗੀ ਤਰ੍ਹਾਂ ਨਹੀਂ ਕਰਦੇ ਜਾਂ ਫਿਰ ਮਾਂ-ਪਿਉ ਵਿੱਚ ਖ਼ੁਦ ਹੀ ਲੜਾਈ ਜਾਂ ਕਲੇਸ਼ ਰਹਿੰਦਾ ਹੋਵੇ, ਨਹੀਂ ਤਾਂ ਭੈਣ-ਭਰਾ ਇੱਕ-ਦੂਜੇ ਦੀਆਂ ਬਾਹਾਂ ਹੁੰਦੇ ਨੇ ਕਿਉਂਕਿ ਦੁੱਖ ਵਿੱਚ ਸਿਰਫ਼ ਆਪਣੇ ਹੀ ਖੜ੍ਹਦੇ ਨੇ। ਉਂਝ ਵੀ ਪਰਿਵਾਰ ਵਿੱਚ ਇੱਕ ਲੜਕੀ ਦਾ ਹੋਣਾ ਵੀ ਇੱਕ ਰੱਬੀ ਦਾਤ ਵਾਂਗ ਹੈ ਕਿਉਂਕਿ ਭੈਣ-ਭਰਾ ਇੱਕ-ਦੂਜੇ ਤੋਂ ਸਮਾਜ ਵਿੱਚ ਰਹਿਣ ਦਾ ਸਲੀਕਾ ਸਿੱਖਦੇ ਹਨ।
ਨਾਨਾ-ਨਾਨੀ, ਦਾਦਾ-ਦਾਦੀ ਦਾ ਪਿਆਰ ਉਹ ਝੂਟਾ ਜੋ ਅੰਕਲ-ਆਂਟੀਆਂ ਤੋਂ ਨਹੀਂ ਮਿਲ ਸਕਦਾ। ਇੱਕ ਸਮੇਂ ਪਿਉ ਪੁੱਤ ਨੂੰ ਦੁਰਕਾਰ ਸਕਦਾ ਪਰ ਆਪਣੇ ਪੋਤੇ-ਦੋਹਤਿਆਂ ਨੂੰ ਨਹੀਂ, ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਮੂਲ ਨਾਲ਼ੋ ਵਿਆਜ ਪਿਆਰਾ ਹੁੰਦਾ ਹੈ। ਅਜੋਕੇ ਸਮੇਂ ਵਿੱਚ ਯਾਰਾਂ-ਦੋਸਤਾਂ ਦੀ ਪਰਿਭਾਸ਼ਾ ਭਾਵੇਂ ਬਦਲ ਗਈ ਹੈ ਪਰ ਚੰਗਾ ਦੋਸਤ ਪ੍ਰੇਰਿਤ ਹੀ ਨਹੀਂ ਕਰਦਾ ਸਗੋਂ ਕਮੀਆਂ ਦੱਸ ਕੇ ਹਕੀਕਤ ਤੋਂ ਵੀ ਜਾਣੂ ਕਰਵਾਉਂਦਾ ਹੈ। ਸਿਆਣੇ ਕਹਿੰਦੇ ਨੇ ਦੁੱਖ ਦੱਸਣ ਨਾਲ਼ ਘਟਦਾ ਹੈ ਤੇ ਖ਼ੁਸ਼ੀ ਵੰਡਣ ਨਾਲ਼ ਵਧਦੀ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਆਧੁਨਿਕ ਸਮਾਜ ਨੇ ਪਰਿਵਾਰ ਛੋਟੇ ਕੀਤੇ ਨੇ, ਉੱਥੇ ਹੀ ਜਨਮ ਦਿਨ, ਐਨੀਵਰਸਰੀ, ਫਾਦਰ/ਮਦਰ ਡੇ ਮਨਾਉਣ ਦੇ ਰਿਵਾਜ਼ਾਂ ਨੇ ਰਿਸ਼ਤਿਆਂ ਦੇ ਨਿੱਘ ਨੂੰ ਗੂੜ੍ਹਾ ਕੀਤਾ ਹੈ। ਲੋੜ ਹੈ! ਇਨ੍ਹਾਂ ਰਿਸ਼ਤਿਆਂ ਨੂੰ ਸਾਂਭਣ ਤੇ ਕਦਰ ਕਰਨ ਦੀ।
ਮੋ. 98550-73710
ਮਾ. ਹਰਵਿੰਦਰ ਸਿੰਘ ਪੂਹਲੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.