ਖ਼ਤਮ ਹੋ ਰਹੀ ਰਿਸ਼ਤਿਆਂ ਵਿਚਲੀ ਨਿੱਘ ਤੇ ਤਾਂਘ
ਰਿਸ਼ਤੇ ਮਨੁੱਖੀ ਜੀਵਨ ਦਾ ਅਧਾਰ ਹਨ। ਰਿਸ਼ਤਿਆਂ ਲਈ ਸਮਾਂ ਦੇਣਾ ਜ਼ਰੂਰੀ ਹੈ ਜੇਕਰ ਸਮਾਂ ਨਾ ਮਿਲੇ ਤਾਂ ਰਿਸ਼ਤਿਆਂ ਵਿੱਚ ਦੂਰੀ ਬਣ ਜਾਂਦੀ ਹੈ। ਸਿਆਣੇ ਠੀਕ ਹੀ ਕਹਿੰਦੇ ਹਨ ਕਿ ਰਿਸ਼ਤੇ ਵੀ ਰੋਟੀ ਵਰਗੇ ਹੀ ਹਨ ਮਾੜੀ ਜਿਹੀ ਅੱਗ ਤੇਜ ਹੋਈ ਨਹੀਂ ਕਿ ਸੜ ਕੇ ਸੁਆਹ ਹੋ ਜਾਂਦੇ ਹਨ। ਕਹਿੰਦੇ ਹਨ ਜਦੋਂ ਰੂਹ ਦੇ ਰਿਸ਼ਤੇ ਟੁੱਟ ਜਾਂਦੇ ਹਨ ਤਾਂ ਬੰਦਾ ਸੌਣਾ ਤੇ ਜਿਉਣਾ ਭੁੱਲ ਜਾਂਦਾ ਹੈ। ਜੇ ਪਰਿਵਾਰ ਦਾ ਇੱਕ ਵੀ ਮੈਂਬਰ ਸਵਾਰਥ ਜਾਂ ਤੇਰ-ਮੇਰ ਦੀ ਭਾਵਨਾ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਪਰਿਵਾਰ ਵਿਚ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ, ਪਰਿਵਾਰ ਮੋਤੀਆ ਵਾਂਗ ਬਿਖਰ ਜਾਂਦਾ ਹੈ ਅਤੇ ਪਰਿਵਾਰ ਦਾ ਵਿਕਾਸ ਰੁਕ ਜਾਂਦਾ ਹੈ।
ਇਹ ਦੁਨੀਆ ਰਿਸ਼ਤਿਆਂ ਨਾਲ ਹੀ ਬੱਝੀ ਹੋਈ ਹੈ। ਸੱਚ ਤਾਂ ਇਹ ਹੈ ਕਿ ਜੋ ਘਰ ਵਿਚ ਖ਼ੁਸ਼ ਹੁੰਦੇ ਹਨ, ਉਹ ਬਾਹਰ ਵੀ ਖ਼ੁਸ਼ ਹੁੰਦੇ ਹਨ ਅਤੇ ਘਰ ਬਣਦਾ ਹੀ ਪਰਿਵਾਰ ਨਾਲ ਹੈ, ਨਹੀਂ ਤਾਂ ਇਹ ਮਕਾਨ ਹੀ ਰਹਿੰਦਾ ਹੈ- ਇੱਟ, ਪੱਥਰ, ਲੋਹੇ, ਲੱਕੜ, ਸੀਮਿੰਟ ਅਤੇ ਰੇਤ ਆਦਿ ਤੋਂ ਬਣਿਆ ਇੱਕ ਢਾਂਚਾ ਰੂਹ-ਹੀਣ ਅਤੇ ਸਾਹ-ਹੀਣ!
ਇਸ ਸਬੰਧ ਵਿਚ ਪਿ੍ਰੰਸੀਪਲ ਤੇਜਾ ਸਿੰਘ ਦੇ ਸ਼ਬਦ ਬਹੁਤ ਢੁੱਕਵੇਂ ਹਨ : ‘ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। ਘਰ ਤੋਂ ਭਾਵ ਉਹ ਥਾਂ ਹੈ ਜਿੱਥੇ ਮਨੁੱਖ ਦਾ ਪਿਆਰ ਤੇ ਸੱਧਰਾਂ ਪਲਦੀਆਂ ਹਨ; ਜਿੱਥੇ ਬਚਪਨ ਵਿਚ ਮਾਂ-ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ; ਜਿੱਥੇ ਜਵਾਨੀ ਵਿਚ ਸਾਰੇ ਜਹਾਨ ਨੂੰ ਗਾਹ ਕੇ, ਲਤਾੜ ਕੇ, ਖੱਟੀ ਕਮਾਈ ਕਰ ਕੇ ਮੁੜ ਆਉਣ ਨੂੰ ਜੀਅ ਕਰਦਾ ਹੈ ਅਤੇ ਜਿੱਥੇ ਬੁਢਾਪੇ ਵਿਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕੱਟਣ ਵਿਚ ਇਉਂ ਸੁਆਦ ਆਉਂਦਾ ਹੈ, ਜਿਵੇਂ ਬਚਪਨ ਵਿਚ ਮਾਂ ਦੀ ਝੋਲ਼ੀ ਵਿਚ ਆਉਂਦਾ ਸੀ।’
ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਮਨੁੱਖ ਦੀ ਮਨੁੱਖ ਨਾਲ ਸਾਂਝ ਰਿਸ਼ਤਿਆਂ ਦਾ ਰੂਪ ਲੈ ਲੈਂਦੀ ਹੈ। ਜੋ ਇਨਸਾਨ ਮੁਸ਼ਕਲਾਂ ਵਿੱਚ ਕਦੇ ਵੀ ਆਪਣਿਆਂ ਦਾ ਸਾਥ ਨਹੀਂ ਛੱਡਦੇ ਉਹ ਹੀ ਰਿਸ਼ਤਿਆਂ ਨੂੰ ਚਿਰ ਸਥਾਈ ਬਣਾਉਣ ਵਿੱਚ ਸਫਲ ਹੁੰਦੇ ਹਨ। ਕਈ ਰਿਸ਼ਤਿਆਂ ਵਿਚ ਅੰਤਾਂ ਦਾ ਨਿੱਘ ਹੁੰਦਾ ਹੈ ਅਪਣੱਤ ਭਰਿਆ ਵਤੀਰਾ ਤੇ ਇੱਕ-ਦੂਜੇ ਨਾਲ ਖੁਸ਼ੀਆਂ-ਗ਼ਮੀਆਂ ਦਿਲੀਸਾਂਝ ਹੁੰਦੀ ਹੈ। ਪਰ ਸਮਾਂ ਬਦਲਣ ਨਾਲ ਇਨ੍ਹਾਂ ਰਿਸ਼ਤਿਆਂ ਵਿਚ ਵੀ ਤਬਦੀਲੀ ਆ ਗਈ ਹੈ। ਰਿਸ਼ਤਿਆਂ ਵਿਚ ਬਨਾਵਟੀਪਣ ਆ ਗਿਆ ਹੈ। ਪੈਸੇ ਦੀ ਹੋੜ ਨੇ ਤੇ ਸੁਆਰਥੀਪੁਣੇ ਨੇ ਰਿਸ਼ਤਿਆਂ ਵਿਚਲ਼ੀ ਆਪਸੀ ਖਿੱਚ, ਤਾਂਘ ਤੇ ਨਿੱਘ ਨੂੰ ਖਤਮ ਕਰ ਦਿੱਤਾ ਹੈ। ਇਮਾਨਦਾਰੀ ਨਾਲ ਨਿਭਾਉਣ ਵਾਲੇ ਰਿਸ਼ਤੇ ਬਹੁਤ ਘੱਟ ਹਨ। ਜੋ ਕਿ ਇਨਸਾਨੀਅਤ ਨੂੰ ਰਿਸ਼ਤਿਆਂ ਦੇ ਬੰਧਨਾਂ ਵਿੱਚ ਬੰਨ੍ਹ ਕੇ ਰੱਖਦੇ ਹਨ।
ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਵਿਸ਼ਵਾਸ ਤੇ ਪਿਆਰ ਦਾ ਹੋਣਾ ਜ਼ਰੂਰੀ ਹੈ। ਜੋ ਮੁਸੀਬਤ ਸਮੇਂ ਵੀ ਨਾਲ ਖੜ੍ਹਦਾ ਹੈ ਉਹੀ ਅਸਲ ਰਿਸ਼ਤਾ ਹੁੰਦਾ ਹੈ। ਖ਼ੁਦਗਰਜ਼ੀ ਦਾ ਸ਼ਿਕਾਰ ਵਿਅਕਤੀ ਕਿਸੇ ਨਾਲ ਕੋਈ ਹਮਦਰਦੀ ਵੀ ਨਹੀਂ ਰੱਖਦਾ ਤੇ ਸਿਰਫ਼ ਉਨ੍ਹਾਂ ਨਾਲ ਹੀ ਮੇਲ-ਜੋਲ ਵਧਾਇਆ ਜਾਂਦਾ ਹੈ ਜਿਨ੍ਹਾਂ ਕੋਲ ਪੈਸਾ, ਸ਼ੌਹਰਤ ਜਾਂ ਕੋਈ ਰਾਜਨੀਤਕ ਪਹੁੰਚ ਹੋਵੇ। ਅਸਲ ਵਿੱਚ ਮਨੁੱਖੀ ਰਿਸ਼ਤਿਆਂ ਨੂੰ ਅਸੀਂ ਦੋ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ: ਪਰਿਵਾਰਕ ਰਿਸ਼ਤੇ ਅਤੇ ਸਮਾਜਿਕ ਰਿਸ਼ਤੇ। ਪਰਿਵਾਰਕ ਰਿਸ਼ਤਿਆਂ ਵਿਚ ਦਾਦਕਿਆਂ, ਨਾਨਕਿਆਂ ਅਤੇ ਸਹੁਰਿਆਂ ਦੇ ਰਿਸ਼ਤੇ ਸ਼ਾਮਲ ਹੁੰਦੇ ਹਨ। ਪਰਿਵਾਰਕ ਰਿਸ਼ਤਿਆਂ ਵਿੱਚੋਂ ਸਭ ਤੋਂ ਨੇੜੇ ਸਾਡਾ ਆਪਣਾ ਪਰਿਵਾਰ ਹੁੰਦਾ ਹੈ- ਉਹ ਪਰਿਵਾਰ ਜਿਸ ਵਿਚ ਦਾਦਾ-ਦਾਦੀ, ਮਾਤਾ-ਪਿਤਾ ਤੇ ਉਨ੍ਹਾਂ ਦੇ ਸਮੂਹ ਬੱਚੇ ਸ਼ਾਮਲ ਹੁੰਦੇ ਹਨ।
ਨਿਰਸੰਦੇਹ, ਅਸੀਂ ਕਦੀ-ਕਦਾਈਂ ਬਾਕੀ ਰਿਸ਼ਤੇਦਾਰਾਂ ਨੂੰ ਵੀ ਮਿਲਦੇ-ਗਿਲਦੇ ਰਹਿੰਦੇ ਹਾਂ ਅਤੇ ਉਹ ਸਾਡੇ ਦੁੱਖ-ਸੁੱਖ ਵਿਚ ਸ਼ਾਮਲ ਵੀ ਹੁੰਦੇ ਰਹਿੰਦੇ ਹਨ ਪਰ ਸਾਡੀ ਅਸਲੀ ਸ਼ਕਤੀ ਅਤੇ ਸਮਰੱਥਾ ਸਾਡਾ ਆਪਣਾ ਪਰਿਵਾਰ ਹੀ ਹੁੰਦਾ ਹੈ। ਪਰ ਅੱਜ-ਕੱਲ੍ਹ ਇਹ ਰਿਸ਼ਤੇ ਸਿਰਫ ਨਾਂਅ ਦੇ ਰਹਿ ਗਏ ਹਨ, ਇਨ੍ਹਾਂ ਵਿਚਲੀ ਆਪਸੀ ਨਿੱਘ-ਖਿੱਚ ਖਤਮ ਹੁੰਦੀ ਜਾ ਰਹੀ ਹੈ। ਦੂਜਿਆਂ ਦੇ ਕੰਮਾਂ ਵਿਚ ਦਖ਼ਲਅੰਦਾਜ਼ੀ ਕਰਨਾ ਤੇ ਲੱਤਾਂ ਖਿੱਚਣੀਆਂ ਹਰ ਵਿਅਕਤੀ ਦਾ ਸ਼ੌਂਕ ਬਣ ਗਿਆ ਹੈ। ਕਈ ਵਾਰ ਮਨੁੱਖ ਨੂੰ ਪੈਸਿਆਂ ਦੀ ਨਹੀਂ ਬਲਕਿ ਹਮਦਰਦੀ ਦੀ ਲੋੜ ਹੁੰਦੀ ਹੈ ਜਿਹੜੀ ਕਿ ਅੱਜ ਕਿਧਰੇ ਵੀ ਨਜ਼ਰ ਨਹੀਂ ਆਉਂਦੀ।
ਰਿਸ਼ਤੇ ਦੀ ਹੋਂਦ ਮਨੁੱਖੀ ਜੀਵਨ ’ਤੇ ਹੀ ਟਿਕੀ ਹੋਈ ਹੈ ਜੇਕਰ ਉਹ ਇਹ ਇਨ੍ਹਾਂ ਨੂੰ ਨਿਭਾਵੇਗਾ ਤਾਂ ਇਹ ਚਿਰ ਸਥਾਈ ਕਾਇਮ ਰਹਿਣਗੇ ਨਹੀਂ ਤਾਂ ਇਨ੍ਹਾਂ ਨੂੰ ਟੁੱਟਦਿਆਂ ਬਹੁਤੀ ਦੇਰ ਨਹੀਂ ਲੱਗਦੀ। ਇਨ੍ਹਾਂ ਤੋਂ ਬਗ਼ੈਰ ਜੀਵਨ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ। ਇਨ੍ਹਾਂ ਰਾਹੀਂ ਸਾਡਾ ਜਨਮ ਹੁੰਦਾ ਹੈ, ਅਸੀਂ ਵਧਦੇ-ਫ਼ੁੱਲਦੇ ਹਾਂ, ਸਮਾਜ ਨਾਲ ਜੁੜਦੇ ਹਾਂ। ਸੱਚ ਤਾਂ ਇਹ ਹੈ ਕਿ ਇਨ੍ਹਾਂ ਬਗ਼ੈਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਹਾਂ, ਇਹ ਜ਼ਰੂਰ ਹੈ ਕਿ ਜੇ ਸਾਡੇ ਰਿਸ਼ਤਿਆਂ ਵਿਚ ਅਪਣੱਤ ਦੀ ਭਾਵਨਾ, ਮੁਹੱਬਤ ਦੀ ਖ਼ੁਸ਼ਬੂ, ਮਿਲਣ ਦੀ ਤਾਂਘ ਅਤੇ ਅਹਿਸਾਸਾਂ ਦਾ ਨਿੱਘ ਹੋਵੇ ਤਾਂ ਇਹ ਜੀਵਨ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਖ਼ੁਸ਼ੀਆਂ-ਖੇੜਿਆਂ ਵਿਚ ਰੱਖਦੇ ਹਨ।
ਇਸਦੇ ਉਲਟ, ਜੇ ਅਸੀਂ ਆਪਣੇ ਰਿਸ਼ਤਿਆਂ ਨੂੰ ਕੇਵਲ ਇੱਕ ਦਿਖਾਵੇ ਵਜੋਂ ਵਰਤ ਰਹੇ ਹਾਂ ਅਤੇ ਇਹ ਮੋਹ, ਮੁਹੱਬਤ ਅਤੇ ਨਿੱਘ ਤੋਂ ਕੋਰੇ ਹਨ ਤਾਂ ਸਾਡਾ ਜੀਵਨ ਖ਼ੁਸ਼ਕ ਅਤੇ ਨੀਰਸ ਹੀ ਹੋਵੇਗਾ। ਪੰਜਾਬੀ ਦੀ ਇਕ ਪ੍ਰਸਿੱਧ ਕਹਾਵਤ ਹੈ: ‘ਖੇਤ ਵਾਹੁੰਦਿਆਂ ਦੇ, ਸਕੀਰੀਆਂ (ਰਿਸ਼ਤੇਦਾਰੀਆਂ) ਵਰਤਦਿਆਂ ਦੀਆਂ’। ਇਸ ਦਾ ਭਾਵ ਹੈ ਕਿ ਜੇ ਸਾਡਾ ਕਿਸੇ ਰਿਸ਼ਤੇਦਾਰ ਨਾਲ ਮੇਲ-ਜੋਲ ਅਤੇ ਵਰਤ-ਵਰਤਾਵਾ ਹੀ ਨਹੀਂ, ਫਿਰ ਉਹ ਰਿਸ਼ਤਾ ਹੀ ਕਾਹਦਾ। ਰਿਸ਼ਤਾ ਸ਼ਬਦ ਸੁਣਨ ਵਿੱਚ ਹੀ ਦਿਲ ਨੂੰ ਸਕੂਨ ਦਿੰਦਾ ਹੈ ਤਾਂ ਸੋਚੋ ਜਦੋਂ ਇਹ ਦਿਲ ਤੋਂ ਨਿਭਾਇਆ ਜਾਵੇ ਤਾਂ ਫਿਰ ਕਿੰਨਾ ਸਕੂਨ ਪ੍ਰਾਪਤ ਹੋਵੇਗਾ
ਸ਼ਾਇਦ ਉਸਦਾ ਅੰਦਾਜ਼ਾ ਸਿਰਫ ਉਹੀ ਇਨਸਾਨ ਲਾ ਸਕਦੇ ਹਨ ਜੋ ਰਿਸ਼ਤਿਆਂ ਦੇ ਬੰਧਨ ਵਿੱਚ ਬੱਝੇ ਹਨ ਤੇ ਪੂਰੀ ਸ਼ਿੱਦਤ ਨਾਲ ਨਿਭਾ ਰਹੇ ਹਨ। ਪਰ ਅੱਜ-ਕੱਲ੍ਹ ਰਿਸ਼ਤਿਆਂ ਨੂੰ ਨਿਭਾਉਣਾ ਹਰ ਇੱਕ ਵਿਅਕਤੀ ਨੂੰ ਬੋਝ ਜਾਪਦਾ ਹੈ ਜਿਵੇਂ ਕਿ ਮਾਂ-ਬਾਪ, ਪਤੀ-ਪਤਨੀ, ਨੂੰਹ-ਸੱਸ, ਭੈਣ -ਭਰਾ, ਨਣਾਨ-ਭਰਜਾਈ, ਇੱਥੋ ਤੱਕ ਕਿ ਬਹੁਤ ਪਰਿਵਾਰਾਂ ਵਿੱਚ ਬੱਚਿਆਂ ਤੇ ਉਨ੍ਹਾਂ ਦੇ ਮਾਂ-ਬਾਪ ਦੇ ਰਿਸ਼ਤੇ ਤਣਾਅਪੂਰਨ ਹੋ ਰਹੇ ਹਨ। ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ, ਦੂਸਰਿਆਂ ਦਾ ਸਤਿਕਾਰ, ਸਹਿਣਸ਼ੀਲਤਾ, ਮਿਲਵਰਤਣ ਤੇ ਭਾਈਚਾਰਕ ਸਾਂਝਾਂ ਵਰਗੇ ਗੁਣ ਜੇਕਰ ਅਸੀਂ ਆਪ ਅਪਣਾਵਾਂਗੇ ਤਾਂ ਜਿਸ ਨਾਲ ਸਮਾਜ ਤੇ ਮਨੁੱਖ ਦੀ ਹੋਂਦ ਨੂੰ ਬਚਾਇਆ ਜਾ ਸਕੇਗਾ।
ਹੁਣ ਕੁੱਝ ਇਸ ਤਰ੍ਹਾਂ ਦੇ ਰਿਸ਼ਤੇ ਬਣ ਰਹੇ ਹਨ:-
- ਕੁੱਝ ਰਿਸ਼ਤੇ ਸੱਚ ਹੁੰਦੇ ਨੇ
- ਕੁੱਝ ਰਿਸ਼ਤੇ ਕੱਚ ਹੁੰਦੇ ਨੇ
- ਕੁੱਝ ਰਿਸ਼ਤੇ ਗਰਮ ਹੁੰਦੇ ਨੇ
- ਕੁੱਝ ਰਿਸ਼ਤੇ ਨਰਮ ਹੁੰਦੇ ਨੇ
- ਕੁੱਝ ਰਿਸ਼ਤੇ ਨਰਕ ਹੁੰਦੇ ਨੇ
- ਕੁੱਝ ਰਿਸ਼ਤੇ ਸਵਰਗ ਹੁੰਦੇ ਨੇ
- ਕੁੱਝ ਰਿਸ਼ਤੇ ਪਰਖ ਹੁੰਦੇ ਨੇ
- ਕੁੱਝ ਰਿਸ਼ਤੇ ਰੜਕ ਹੁੰਦੇ ਨੇ
- ਕੁੱਝ ਰਿਸ਼ਤੇ ਜਖਮ ਹੁੰਦੇ ਨੇ
- ਕੁੱਝ ਰਿਸ਼ਤੇ ਮਰਹਮ ਹੁੰਦੇ ਨੇ
- ਕੁੱਝ ਰਿਸ਼ਤੇ ਅਸਲ ਹੁੰਦੇ ਨੇ
- ਕੁੱਝ ਰਿਸ਼ਤੇ ਨਕਲ ਹੁੰਦੇ ਨੇ
- ਕੁੱਝ ਰਿਸ਼ਤੇ ਸੰਤੋਖ ਹੁੰਦੇ ਨੇ
- ਕੁੱਝ ਰਿਸ਼ਤੇ ਸਬਰ ਹੁੰਦੇ ਨੇ
- ਕੁੱਝ ਰਿਸ਼ਤੇ ਜ਼ਹਿਰ ਹੁੰਦੇ ਨੇ
- ਕੁੱਝ ਰਿਸ਼ਤੇ ਕਹਿਰ ਹੁੰਦੇ ਨੇ
- ਕੁੱਝ ਰਿਸ਼ਤੇ ਸ਼ਿੰਗਾਰ ਹੁੰਦੇ ਨੇ
- ਕੁੱਝ ਰਿਸ਼ਤੇ ਅੰਗਿਆਰ ਹੁੰਦੇ ਨੇ
- ਕੁੱਝ ਰਿਸ਼ਤੇ ਸਫ਼ਲ ਹੁੰਦੇ ਨੇ
- ਕੁੱਝ ਰਿਸ਼ਤੇ ਅਸਫ਼ਲ ਹੁੰਦੇ ਨੇ
- ਕੁੱਝ ਰਿਸ਼ਤੇ ਮਿਠਾਸ ਹੁੰਦੇ ਨੇ
- ਕੁੱਝ ਰਿਸ਼ਤੇ ਖਟਾਸ ਹੁੰਦੇ ਨੇ
- ਗਗਨ ਅੱਜ-ਕੱਲ੍ਹ ਇਨ੍ਹਾਂ ਰਿਸ਼ਤਿਆਂ ਦਾ ਹੀ ਦੌਰ ਹੈ
- ਧਾਲੀਵਾਲ ਇਹ ਸਭ ਦੇ ਆਸ-ਪਾਸ ਹੁੰਦੇ ਨੇ
ਜਨਰਲ ਸਕੱਤਰ,
ਮਹਿਲਾ ਕਾਵਿ ਮੰਚ, ਪੰਜਾਬ।
ਗਗਨਦੀਪ ਧਾਲੀਵਾਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.