ਮਾਮਲਾ ਯੂਨੀਵਰਸਿਟੀ ਵਿਖੇ ਦੋ ਗਰੁੱਪਾਂ ਦੀ ਝੜਪ ਦਾ
- ਯੂਨੀਵਰਸਿਟੀ ਅੰਦਰ ਘਟਨਾ ਵਾਪਰੀ ਨੂੰ ਹੋਇਆ ਇੱਕ ਹਫਤਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਵਿਖੇ ਡੀਐਸਓ ਜਥੇਬੰਦੀ ਵੱਲੋਂ ਕੱਢੇ ਗਏ ਮਾਰਚ ਦੌਰਾਨ ਦੂਜੀ ਜਥੇਬੰਦੀ ਦੇ ਕਾਰਕੁੰਨਾਂ ਵਿਚਕਾਰ ਹੋਈ ਲੜਾਈ ਸਬੰਧੀ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਪਰ ਉਕਤ ਕਮੇਟੀ ਹਫ਼ਤਾ ਬੀਤਣ ਤੋਂ ਬਾਅਦ ਵੀ ਹੋਂਦ ਵਿੱਚ ਨਹੀਂ ਆਈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਮੇਟੀ ਨਿਯੁਕਤ ਨਾ ਕਰਨ ‘ਤੇ ਸਵਾਲ ਖੜ੍ਹੇ ਹੋਣ ਲੱਗੇ ਹਨ।
ਜਾਣਕਾਰੀ ਅਨੁਸਾਰ ਡੀਐਸਓ ਜਥੇਬੰਦੀ ਦੇ ਕਾਰਕੁੰਨ 18 ਸਤੰਬਰ ਤੋਂ ਵੀਸੀ ਦਫ਼ਤਰ ਅੱਗੇ ਆਪਣੀਆਂ ਮੰਗਾਂ ਲਈ ਡਟੇ ਸਨ ਅਤੇ 19 ਸਤੰਬਰ ਨੂੰ ਸ਼ਾਮ ਵੇਲੇ ਇਨ੍ਹਾਂ ਵੱਲੋਂ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਰਾਤ 10 ਵਜੇ ਦੇ ਕਰੀਬ ਇੱਕ ਹੋਰ ਜਥੇਬੰਦੀ ਦੇ ਕਾਰਕੁੰਨਾਂ ਨਾਲ ਝੜਪ ਹੋ ਗਈ ਸੀ ਅਤੇ ਯੂਨੀਵਰਸਿਟੀ ਦਾ ਮਹੌਲ ਪੂਰੀ ਤਰ੍ਹਾਂ ਤਨਾਅ ਪੂਰਨ ਹੋ ਗਿਆ। ਇਸ ਤੋਂ ਬਾਅਦ ਯੂਨੀਵਰਸਿਟੀ ਵੱਲੋਂ 20 ਅਤੇ 21 ਸਤੰਬਰ ਨੂੰ ਯੂਨੀਵਰਸਿਟੀ ‘ਚ ਛੁੱਟੀ ਦਾ ਐਲਾਨ ਕਰ ਦਿੱਤਾ।
ਪੁਲਿਸ ਵੱਲੋਂ ਕਈ ਵਿਦਿਆਰਥੀ ਆਗੂਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਇੱਧਰ ਡੀਐਸਓ ਦੇ ਧਰਨੇ ਦੀ ਹਰ ਇਨਸਾਫ਼ ਪਸੰਦ ਧਿਰਾਂ ਵੱਲੋਂ ਹਮਾਇਤ ਕੀਤੀ ਗਈ ਅਤੇ ਕੁੜੀਆਂ ਦੀ ਅਜ਼ਾਦੀ ਤੇ ਯੂਨੀਵਰਸਿਟੀ ਅੰਦਰ ਮੌਜੂਦਾ ਸਮੇਂ ਜੰਗ ਭਖੀ ਹੋਈ ਹੈ। ਚਾਰ ਦਿਨ ਪਹਿਲਾਂ ਯੂਨੀਵਰਸਿਟੀ ਦੇ ਵਾਈਸ ਚਾਂਲਸਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਸੀ ਕਿ ਦੋ ਵਿਦਿਆਰਥੀ ਗਰੁੱਪਾਂ ਵਿੱਚ ਹੋਈ ਘਟਨਾ ਦੀ ਨਿਰਪੱਖ ਜਾਂਚ ਹਿਤ ਜਾਂਚ ਕਮੇਟੀ ਬਣਾਈ ਜਾਵੇਗੀ, ਜਿਸ ਦੇ ਮੈਂਬਰ ਯੂਨੀਵਰਸਿਟੀ ਤੋਂ ਬਾਹਰ ਦੇ ਹੋਣਗੇ, ਜੋ ਤਿੰਨ ਮਹੀਨਿਆਂ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨਗੇ ਅਤੇ ਇਸ ਰਿਪੋਰਟ ਨੂੰ ਸਿੰਡੀਕੇਟ ਵਿੱਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਸੀ ਕਿ ਇਸ ਤਿੰਨ ਮੈਂਬਰੀ ਕਮੇਟੀ ਵਿੱਚ ਇੱਕ ਸੇਵਾਮੁਕਤ ਆਈ.ਏ.ਐੱਸ ਅਧਿਕਾਰੀ, ਇੱਕ ਆਈ.ਪੀ.ਐੱਸ ਅਧਿਕਾਰੀ ਅਤੇ ਇੱਕ ਸਿੱਖਿਆ ਨਾਲ ਸਬੰਧਿਤ ਮਾਹਿਰ ਹੋਵੇਗਾ ਪਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਹ ਕਮੇਟੀ ਹੀ ਨਹੀਂ ਬਣਾਈ ਗਈ ਜਦਕਿ ਯੂਨੀਵਰਸਿਟੀ ਅੰਦਰ ਗਰੁੱਪਾਂ ਵਿੱਚ ਹੋਈ ਆਪਸੀ ਝੜਪ ਸਬੰਧੀ ਇੱਕ ਹਫ਼ਤੇ ਦਾ ਸਮਾ ਬੀਤ ਚੁੱਕਿਆ ਹੈ। ਯੂਨੀਵਰਸਿਟੀ ਅਜੇ ਜਾਂਚ ਲਈ ਤਿੰਨ ਅਧਿਕਾਰੀਆਂ ਦੀ ਚੋਣ ਹੀ ਨਹੀਂ ਕਰ ਸਕਿਆ। ਯੂਨੀਵਰਸਿਟੀ ਦੀ ਢਿੱਲੀ ਕਾਰਵਾਈ ਤੋਂ ਨਜ਼ਰ ਆ ਰਿਹਾ ਹੈ ਕਿ ਉਹ ਇਸ ਮਾਮਲੇ ਨੂੰ ਲਮਕਾਉਣਾ ਚਾਹੁੰਦੀ ਹੈ ਤਾਂ ਜੋ ਅਗਲੇ ਦਿਨਾਂ ਵਿੱਚ ਇਹ ਮਾਮਲਾ ਠੰਢਾ ਹੋ ਜਾਵੇ।
ਇੱਧਰ ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਭਾਵੇਂ ਤਾਂ ਇੱਕ ਦਿਨ ਵਿੱਚ ਹੀ ਪਤਾ ਲੱਗ ਸਕਦਾ ਹੈ ਕਿ ਇਸ ਘਟਨਾ ਦੇ ਜਿੰਮੇਵਾਰ ਕੌਣ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅੰਦਰ ਮੁੱਖ ਗੇਟ ਤੇ ਸਕਿਊਰਟੀ ਹੈ ਅਤੇ ਕੋਈ ਵੀ ਬਾਹਰਲੀ ਗੱਡੀ ਚੈਕਿੰਗ ਤੋਂ ਬਿਨਾਂ ਅੰਦਰ ਨਹੀਂ ਆ ਸਕਦੀ। ਸੀਸੀਟੀਵੀ ਫੁਟੇਜ ਤੋਂ ਸਭ ਕੁਝ ਸਾਹਮਣੇ ਆ ਸਕਦਾ ਹੈ।
ਜਦੋਂ ਕਮੇਟੀ ਨਿਯੁਕਤ ਕੀਤੀ, ਦੱਸ ਦਿੱਤਾ ਜਾਵੇਗਾ : ਰਜਿਸਟਰਾਰ
ਇਸ ਮਾਮਲੇ ਸਬੰਧੀ ਜਦੋਂ ਯੂਨੀਵਰਸਿਟੀ ਦੇ ਰਜਿਸ਼ਟਰਾਰ ਡਾ. ਮਨਜੀਤ ਸਿੰਘ ਨਿੱਝਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਜਾਂਚ ਕਮੇਟੀ ਨਿਯੁਕਤ ਨਹੀਂ ਹੋਈ। ਜਦੋਂ ਕਮੇਟੀ ਨਿਯੁਕਤ ਹੋਵੇਗੀ ਤਾਂ ਉਹ ਉਨ੍ਹਾਂ ਦੇ ਨਾਂਅ ਦੱਸ ਦੇਣਗੇ। ਉਨ੍ਹਾਂ ਕਿਹਾ ਕਿ ਉਂਜ ਇਹ ਮਾਮਲਾ ਵਾਈਸ ਚਾਂਸਲਰ ਕੋਲ ਹੈ।