ਸਾਕਾਹਾਰੀ ਲੋਕਾਂ ਦੀ ਗਿਣਤੀ ‘ਚ ਵੀ ਵਾਧਾ ਹੋਇਆ
ਅਮਰੀਕਾ ਜਾਂ ਯੂਰਪ ਵਾਲੇ ਭਾਰਤੀਆਂ ਵੱਲੋਂ ਉੱਥੋਂ ਦੀਆਂ ਸੁਪਰ ਮਾਰਕੀਟਾਂ ਵਿੱਚ ਪਈਆਂ ਸਬਜ਼ੀਆਂ ਵੇਖ ਕੇ ਹੈਰਾਨ ਹੋਣਾ ਸੁਭਾਵਿਕ ਹੀ ਹੈ, ਪਰ ਵਤਨ ਪਰਤਣ ‘ਤੇ ਉਹ ਮੰਨਦੇ ਹਨ ਕਿ ਭਾਰਤੀ ਸਬਜ਼ੀਆਂ ਕਮਜ਼ੋਰ ਤੇ ਬਦਰੰਗ ਜਿਹੀਆਂ ਲੱਗਣ ਦੇ ਬਾਵਜੂਦ ਵੀ ਸੁਆਦਲੀਆਂ ਹੁੰਦੀਆਂ ਹਨ। ਇਸ ਦੇ ਬਾਵਜੂਦ ਵੱਡੀਆਂ ਕੰਪਨੀਆਂ (hybrid vegetable) ਹਾਈਬ੍ਰਿਡ ਤੇ ਜੀ. ਐਮ. ਬੀਜ਼ਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ।
ਹਾਈਬ੍ਰਿਡ ਬੀਜ ਪੈਦਾ ਕਰਨ ਵਾਲੀਆਂ ਕੰਪਨੀਆਂ ਦਾ ਦਾਅਵਾ ਹੈ ਕਿ ਉਹ ਇਨ੍ਹਾਂ ਬੀਜਾਂ ਰਾਹੀਂ ਜਿੱਥੇ ਭਾਰਤ ਦਾ ਖੁਰਾਕੀ ਸੰਕਟ ਦੂਰ ਕਰਨ ਵਿੱਚ ਮੱਦਦ ਦੇ ਰਹੀਆਂ ਹਨ, ਉੱਥੇ ਹੀ ਕਾਸ਼ਤਕਾਰਾਂ ਦੀ ਆਮਦਨ ਵੀ ਵਧਾ ਰਹੀਆਂ ਹਨ।
The use of hybrid vegetable seeds increased rapidly
ਭਾਰਤੀ ਬੀਜ ਮੰਡੀ ਛੇ ਤੋਂ ਸੱਤ ਹਜ਼ਾਰ ਕਰੋੜ ਰੁਪਏ ਦੇ ਵਿਚਕਾਰ ਹੈ ਤੇ ਇਹ ਕੰਪਨੀਆਂ ਇਸ ਮਾਰਕੀਟ ਵਿੱਚ ਆਪਣੀ ਮੌਜੂਦਗੀ ਤੇ ਦਬਦਬਾ ਲਗਾਤਾਰ ਵਧਾਉਂਦੀਆਂ ਜਾ ਰਹੀਆਂ ਹਨ। ਹਰ ਕਿਸਾਨ ਚਾਹੁੰਦਾ ਹੈ ਕਿ ਉਸ ਦੀ ਕਮਾਈ ‘ਚ ਵਾਧਾ ਹੋਵੇ। ਬੇਸ਼ੱਕ, ਉਹ ਦੇਸੀ ਬੀਜਾਂ ਦੀ ਥਾਂ ਹਾਈਬ੍ਰਿਡ ਬੀਜਾਂ ਨੂੰ ਤਰਜ਼ੀਹ ਦਿੰਦਾ ਹੈ। ਹਾਈਬ੍ਰਿਡ ਬੀਜਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਅਜਿਹੇ ਬੀਜ ਇੱਕ ਵਾਰ ਵਧੀਆ ਝਾੜ ਦਿੰਦੇ ਹਨ। ਇਨ੍ਹਾਂ ਬੀਜਾਂ ਤੋਂ ਤਿਆਰ ਫਸਲ ਤੋਂ ਮਿਲੇ ਬੀਜ ਦੀ ਵਰਤੋਂ ਕਰਨ ‘ਤੇ ਝਾੜ ਕਾਫੀ ਘਟ ਜਾਂਦਾ ਹੈ। ਤੀਸਰੀ ਵਾਰ ਤਾਂ ਫਸਲ ਨਾ ਮਾਤਰ ਹੀ ਹੁੰਦੀ ਹੈ। ਸਬਜ਼ੀਆਂ ਦੇ ਕਾਸ਼ਤਕਾਰਾਂ ਨੂੰ ਹਰ ਵਾਰੀ ਨਵਾਂ ਬੀਜ ਖਰੀਦਣਾ ਪੈਂਦਾ ਹੈ ਜਦੋਂਕਿ ਦੇਸੀ ਬੀਜਾਂ ਦੇ ਮਾਮਲੇ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ। ਉਨ੍ਹਾਂ ਦੀ ਹਰ ਫਸਲ ਤੋਂ ਨਵਾਂ ਬੀਜ਼ ਤਿਆਰ ਹੋ ਜਾਂਦਾ ਹੈ। ਝਾੜ ਵੱਧ ਮਿਲਣ ਦੇ ਬਾਵਜੂਦ ਹਾਈਬ੍ਰਿਡ ਬੀਜ ਲੰਬੇ ਸਮੇਂ ਲਈ ਬੱਚਤਕਾਰੀ ਨਹੀਂ ਹਨ।
ਹਾਈਬ੍ਰਿਡ ਬੀਜਾਂ ਦਾ ਰੁਝਾਨ ਤੇਜੀ ਨਾਲ ਵਧ ਰਿਹਾ ਹੈ
ਫਿਰ ਵੀ ਇੱਕ ਗੱਲ ਵੇਖੀ ਗਈ ਹੈ ਕਿ ਹਾਈਬ੍ਰਿਡ ਬੀਜਾਂ ਦਾ ਰੁਝਾਨ ਤੇਜੀ ਨਾਲ ਵਧ ਰਿਹਾ ਹੈ ਅਤੇ ਦੇਸੀ ਬੀਜਾਂ ਦੀ ਵਰਤੋਂ ਹਰ ਸਾਲ ਘਟ ਰਹੀ ਹੈ। ਦੇਸੀ ਬੀਜ ਵੇਚਣ ਵਾਲੀਆਂ ਕੰਪਨੀਆਂ ਵੀ ਬਜਾਰ ਵਿੱਚੋਂ ਗਾਇਬ ਹੁੰਦੀਆਂ ਜਾ ਰਹੀਆਂ ਹਨ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਮੰਨਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸ਼ਿਮਲਾ ਮਿਰਚ ਵਿੱਚੋਂ ਨਾ ਸੁਗੰਧ ਆਵੇਗੀ ਤੇ ਨਾ ਹੀ ਪਹਿਲਾਂ ਵਰਗੀ ਸੁਆਦਲੀ ਰਹੇਗੀ। ਇਹੋ ਕੁਝ ਦੇਸੀ ਮਟਰਾਂ ਬਾਰੇ ਵੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਦੀ ਮਿਠਾਸ ਤੇ ਨਰਮ ਛਿਲਕਾ ਪਿਛਲੇ ਪੰਜ ਸਾਲਾਂ ਦੌਰਾਨ ਲਗਭਗ ਗਾਇਬ ਹੀ ਹੋ ਗਿਆ ਹੈ। ਪਹਿਲਾਂ ਸਰਦੀਆਂ ਦੌਰਾਨ ਲੋਕ ਘਰਾਂ ਵਿੱਚ ਫਲੀਆਂ ਵਿਚੋਂ ਮਟਰਾਂ ਦੇ ਦਾਣੇ ਕੱਢਦਿਆਂ ਉਨ੍ਹਾਂ ਨੂੰ ਨਾਲੋ-ਨਾਲ ਕੱਚੇ ਹੀ ਖਾ ਜਾਇਆ ਕਰਦੇ ਸਨ। ਹੁਣ ਮਟਰ ਦਾ ਦਾਣਾ ਮੂੰਹ ਵਿੱਚ ਜਾਂਦਿਆਂ ਹੀ ਪੱਕੇ ਹੋਣ ਦਾ ਅਹਿਸਾਸ ਹੁੰਦਾ ਹੈ। ਇਹ ਸਭ ਹਾਈਬ੍ਰਿਡ ਬੀਜਾਂ ਦਾ ਕਮਾਲ ਹੈ।
ਵਿਦੇਸ਼ੀ ਕੰਪਨੀਆਂ ਵੱਲੋਂ ਤਿਆਰ ਬੀ. ਟੀ. ਬੀਜਾਂ ਦਾ ਜ਼ਿਆਦਾਤਰ ਰਾਜਾਂ ਵੱਲੋਂ ਵਿਰੋਧ
ਪਿਛਲੇ ਸਾਲਾਂ ਦੌਰਾਨ ਬੀ. ਟੀ. ਬੈਂਗਣ ਦੇ ਮਾਮਲੇ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਕਾਰਨ ਗੋਭੀ ਅਤੇ ਟਮਾਟਰ ਵਰਗੀਆਂ ਹੋਰ ਵੀ ਕਈ ਸਬਜ਼ੀਆਂ ਦਾ ਬਚਾਉ ਹੋ ਗਿਆ। ਇਸ ਦੇ ਨਾਲ ਹੀ ਖਾਧ ਸੁਰੱਖਿਆ ਦੇ ਮੱਦੇਨਜ਼ਰ ਜੀ. ਐਮ. ਫਸਲਾਂ ਨੂੰ ਤਿਆਰ ਕਰਨ ਦੀ ਯੋਜਨਾ ਵੀ ਖਤਮ ਹੋ ਗਈ ਹੈ। ਰਾਜ ਸਰਕਾਰਾਂ ਵੱਲੋਂ ਕੀਤੇ ਸਖਤ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਨੂੰ ਬੀ. ਟੀ. ਬੈਂਗਣ ਦੀ ਖੋਜ ਦਾ ਮਾਮਲਾ ਠੰਢੇ ਬਸਤੇ ਵਿੱਚ ਪਾਉਣਾ ਪਿਆ।
ਇਸ ਦੇ ਨਾਲ ਹੀ ਬੀ. ਟੀ. ਟਮਾਟਰ, ਫੁੱਲ ਗੋਭੀ, ਅਤੇ ਚੌਲਾਂ ਦੀਆਂ ਕਈ ਕਿਸਮਾਂ ਨੂੰ ਤਿਆਰ ਕਰਨ ਵਾਲਾ ਕੰਮ ਵੀ ਅੱਧ ਵਿਚਕਾਰ ਲਟਕ ਗਿਆ ਸੀ। ਲੋਕ ਸਭਾ ਵਿੱਚ ਇੱਕ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਖੇਤੀ ਰਾਜ ਮੰਤਰੀ ਪ੍ਰੋ. ਕੇ. ਵੀ. ਥਾਮਸ ਨੇ ਮੰਨਿਆ ਸੀ ਕਿ ਵਿਦੇਸ਼ੀ ਕੰਪਨੀਆਂ ਵੱਲੋਂ ਤਿਆਰ ਬੀ. ਟੀ. ਬੀਜਾਂ ਦਾ ਜ਼ਿਆਦਾਤਰ ਰਾਜਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਕਰਕੇ ਸਰਕਾਰ ਨੇ ਅਗਲੀਆਂ ਸਾਰੀਆਂ ਕਾਰਵਾਈਆਂ ਬੰਦ ਕਰ ਦਿੱਤੀਆਂ ਹਨ। ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਉੜੀਸਾ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਆਦਿ ਨੇ ਬੀ. ਟੀ. ਬੀਜਾਂ ਦਾ ਸਖਤ ਵਿਰੋਧ ਕੀਤਾ ਸੀ। ਇਸ ਤੋਂ ਬਿਨਾਂ ਕੇਰਲ ਅਤੇ ਉੱਤਰਾਖੰਡ ਸਰਕਾਰ ਨੇ ਵੀ ਇਨ੍ਹਾਂ ਬੀਜਾਂ ਦਾ ਵਿਰੋਧ ਕੀਤਾ ਸੀ
ਖੀਰਾ ਜਾਂ ਤਰ ਨਾ ਹੋਣ ਤਾਂ ਸਲਾਦ ਵਧੀਆ ਨਹੀਂ ਲੱਗਦਾ
ਜੇਕਰ ਸਲਾਦ ਵਿੱਚ ਖੀਰਾ ਜਾਂ ਤਰ ਨਾ ਹੋਣ ਤਾਂ ਸਲਾਦ ਵਧੀਆ ਨਹੀਂ ਲੱਗਦਾ। ਪਰ ਗਰਮ ਰੁੱਤ ਦੀਆਂ ਫਸਲਾਂ ਨੂੰ ਠੰਢਾ ਮੌਸਮ ਉੱਗਣ ਨਹੀਂ ਦਿੰਦਾ। ਜੇਕਰ ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰਕੇ ਸਿਆਲ ਵਿੱਚ ਵੇਚਿਆ ਜਾਵੇ ਤਾਂ ਕਿਸਾਨਾਂ ਨੂੰ ਵਧੀਆ ਮੁੱਲ ਮਿਲ ਸਕਦਾ ਹੈ। ਗਰਮੀ ਰੁੱਤ ਦੀਆਂ ਸਬਜੀਆਂ ਨੂੰ ਠੰਢ ਦੇ ਮੌਸਮ ਵਿੱਚ ਪੈਦਾ ਕਰਨ ਦੀ ਵਿਗਿਆਨਕਾਂ ਨੇ ਖੋਜ ਕੀਤੀ ਹੈ। ਜਿਸ ਦੌਰਾਨ ਕੱਦੂ ਜਾਤੀ ਦੀਆਂ ਸਬਜ਼ੀਆਂ ਸਿਆਲ ਵਿੱਚ ਪੈਦਾ ਕੀਤੀਆਂ ਜਾ ਸਕਦੀਆਂ ਹਨ। ਸਬਜੀਆਂ ਪੈਦਾ ਕਰਨ ਦਾ ਤਜ਼ਰਬਾ ਜੈਪੁਰ ਵਿਖੇ ਕੀਤਾ ਗਿਆ।
ਇਸ ਤਕਨੀਕ ਰਾਹੀਂ ਕਿਸਾਨ ਸਰਦੀ ਦੇ ਮੌਸਮ ਵਿੱਚ ਖੀਰਾ, ਕੱਕੜੀ, ਤਰਬੂਜ, ਖਰਬੂਜਾ, ਟੀਂਡਾ ਆਦਿ ਵਰਗੀਆਂ ਕੁੱਦੂ ਜਾਤੀ ਦੀਆਂ ਸਬਜੀਆਂ ਦੀ ਕਾਸ਼ਤ ਕਰ ਸਕਦੇ ਹਨ। ਆਮ ਤੌਰ ‘ਤੇ ਕਿਸਾਨ ਸਰਦੀਆਂ ਵਿੱਚ ਕੱਦੂ ਜਾਤੀ ਦੀਆਂ ਵੇਲਾਂ ਨੂੰ ਠੰਢ ਤੋਂ ਬਚਾਉਣ ਲਈ ਖਾਦਾਂ ਤੇ ਪਰਾਲੀ ਬਗੈਰਾ ਦਾ ਪ੍ਰਬੰਧ ਕਰਦੇ ਹਨ। ਜਿਹੜੇ ਜਿਆਦਾ ਖਰਚ ਤੇ ਮਿਹਨਤ ਵਾਲਾ ਕੰਮ ਹੈ। ਇਹ ਢੰਗ ਜਿਆਦਾ ਵਧੀਆ ਨਾ ਹੋਣ ਕਰਕੇ ਵੇਲਾਂ ਦਾ ਵਿਕਾਸ ਥੋੜ੍ਹਾ ਹੁੰਦਾ ਹੈ। ਜਿਸ ਕਰਕੇ ਕਿਸਾਨਾਂ ਨੂੰ ਅਗੇਤੀ ਫਸਲ ਲੈਣ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ।
The use of hybrid vegetable seeds increased rapidly
ਖੇਤੀ ਖੋਜਕਾਰਾਂ ਨੇ ਪਲਾਸਟਿਕ ਸ਼ੀਟ ਦੇ ਅੰਦਰ ਗਰਮੀ ਰੁੱਤ ਦੀਆਂ ਸਬਜੀਆਂ ਬੀਜਣ ਨੂੰ ਤਰਜੀਹ ਦਿੱਤੀ ਹੈ। ਇਸ ਨੂੰ ਆਮ ਤੌਰ ‘ਤੇ ਪੋਲੀਥੀਨ ਹਾਊਸ ਕਿਹਾ ਜਾਂਦਾ ਹੈ। ਅਗੇਤੀਆਂ ਸਬਜੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਪੋਲੀਥੀਨ ਦੀ ਵਰਤੋਂ ਕਰਨ ਲੱਗੇ ਹੋਏ ਹਨ। ਗਰਮੀ ਰੁੱਤ ਦੀਆਂ ਸਬਜੀਆਂ ਬੀਜਣ ਲਈ ਅੱਧਾ ਫੁੱਟ ਡੂੰਘੀ ਤੇ ਦੋ ਫੁੱਟ ਚੌੜੀ ਕਿਆਰੀ ਤਿਆਰ ਕੀਤੀ ਜਾਂਦੀ ਹੈ। ਜਿਸ ਵਿੱਚ 10 ਤੋਂ ਲੈ ਕੇ 20 ਦਸੰਬਰ ਤੱਕ ਬੀਜ ਬੀਜੇ ਜਾਂਦੇ ਹਨ। ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿਆਰੀਆਂ ਵਿੱਚ ਲੋੜੀਂਦੀ ਦੇਸੀ ਖਾਦ ਜਰੂਰ ਪਾ ਦੇਣੀ ਚਾਹੀਦੀ ਹੈ। ਜੇਕਰ ਪੋਲੀਥੀਨ ਹਾਊਸ ਪੱਕੇ ਤੌਰ ‘ਤੇ ਨਾ ਬਣਾਇਆ ਹੋਵੇ ਤਾਂ 6 ਐਮ. ਐਮ. ਦੇ ਸਰੀਏ ਗੋਲ ਮੋੜ ਕੇ ਡੇਢ ਮੀਟਰ ਦੇ ਫਾਸਲੇ ‘ਤੇ ਲਾ ਕੇ 40 ਮਾਈਕ੍ਰੋਨ ਦੀ ਪਾਰਦਰਸ਼ੀ ਸ਼ੀਟ ਉੱਤੇ ਪਾ ਦੇਣੀ ਚਾਹੀਦੀ ਹੈ।
ਅਗੇਤੀਆਂ ਸਬਜ਼ੀਆਂ ਪੈਦਾ ਕਰਕੇ ਵੱਧ ਮੁਨਾਫਾ ਲੈ ਸਕਦੇ ਹਨ
ਧਿਆਨ ਰੱਖਣ ਯੋਗ ਗੱਲ ਹੈ ਕਿ Àੁੱਤਰ ਦਿਸ਼ਾ ਵਾਲੇ ਪਾਸਿਉਂ ਸ਼ੀਟ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਦੱਬ ਦੇਣਾ ਚਾਹੀਦਾ ਹੈ ਤੇ ਦੱਖਣ ਵਾਲਾ ਪਾਸਾ ਕੁਝ ਦਿਨ ਬਾਅਦ ਦੱਬ ਦਿਉ। ਜ਼ਿਆਦਾਤਰ ਠੰਢੀਆਂ ਹਵਾਵਾਂ ਉੱਤਰ ਵਾਲੇ ਪਾਸਿਉਂ ਆਉਂਦੀਆਂ ਹਨ। ਜਿਸ ਕਰਕੇ ਪੋਲੀਥੀਨ ਸ਼ੀਟ ਚੰਗੀ ਤਰ੍ਹਾਂ ਦੱਬ ਦੇਣੀ ਚਾਹੀਦੀ ਹੈ। ਸ਼ੀਟ ਦੇ ਕਿਆਰਿਆਂ ‘ਤੇ ਪੈਣ ਨਾਲ ਤਾਪਮਾਨ ਵਧਣ ਕਰਕੇ ਵੇਲਾਂ ਵਿੱਚ ਵਾਧਾ ਬਹੁਤ ਛੇਤੀ ਹੁੰਦਾ ਹੈ। ਫਰਵਰੀ ਮਹੀਨੇ ਵਿੱਚ ਮੌਸਮ ਤਬਦੀਲ ਹੋਣ ਕਰਕੇ ਦਿਨ ਸਮੇਂ ਸ਼ੀਟ ਚੱਕ ਦੇਣੀ ਚਾਹੀਦੀ ਹੈ ਅਤੇ ਰਾਤ ਨੂੰ ਦੁਬਾਰਾ ਫੇਰ ਪਾ ਦਿਉ। ਇਸ ਢੰਗ ਨਾਲ ਕਿਸਾਨ ਫਰਵਰੀ-ਮਾਰਚ ਦੇ ਮਹੀਨੇ ਕੱਦੂ ਜਾਤੀ ਦੀਆਂ ਅਗੇਤੀਆਂ ਸਬਜ਼ੀਆਂ ਪੈਦਾ ਕਰਕੇ ਵੱਧ ਮੁਨਾਫਾ ਲੈ ਸਕਦੇ ਹਨ। ਪਲਾਸਟਿਕ ਸ਼ੀਟ ਦੀ ਵਰਤੋਂ ਕਰਨ ਨਾਲ ਗਰਮੀ ਰੁੱਤ ਦੀਆਂ ਸਬਜੀਆਂ ਖੀਰਾ, ਕੱਕੜੀਆਂ ਆਦਿ ਆਮ ਫਸਲ ਨਾਲੋਂ 45 ਦਿਨ ਪਹਿਲਾਂ ਤਿਆਰ ਹੋ ਜਾਂਦੀਆਂ ਹਨ।
ਖੇਤੀ, ਖਾਣ ਤੇ ਵੇਚਣ ਦੇ ਪੱਖ ਤੋਂ ਟਮਾਟਰ ਨੂੰ ਸਬਜ਼ੀ ਕਿਹਾ ਜਾਂਦਾ ਹੈ
ਟਮਾਟਰ ਦੀ ਖੇਤੀ ਸੋਲ੍ਹਵੀਂ ਸਦੀ ਦੇ ਅਖੀਰ ਤੋਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣੀ ਸ਼ੁਰੂ ਹੋਈ ਸੀ। ਚੀਨ ਵਿੱਚ ਟਮਾਟਰ ਸਭ ਤੋਂ ਵੱਧ ਉਗਾਏ ਜਾਂਦੇ ਹਨ। ਭਾਰਤ ਚੌਥੇ ਨੰਬਰ ‘ਤੇ ਹੈ। ਟਮਾਟਰ ਦੁਨੀਆਂ ਭਰ ਵਿੱਚ ਬੀਜੀਆਂ ਜਾਂਦੀਆਂ ਪਹਿਲੀਆਂ ਤਿੰਨ ਸਬਜੀਆਂ ਵਿੱਚੋਂ ਆਉਂਦਾ ਹੈ। ਆਲੂ ਦਾ ਸਥਾਨ ਪਹਿਲਾ ਹੈ। ਖੇਤੀ, ਖਾਣ ਤੇ ਵੇਚਣ ਦੇ ਪੱਖ ਤੋਂ ਟਮਾਟਰ ਨੂੰ ਸਬਜ਼ੀ ਕਿਹਾ ਜਾਂਦਾ ਹੈ ਪਰ ਬਨਾਸਪਤੀ ਵਿਗਿਆਨ ਦੇ ਅਨੁਸਾਰ ਟਮਾਟਰ ਫਲ ਹੈ। ਇਸ ਨੂੰ ਸੌਲੇਨੇਸੀ ਪਰਿਵਾਰ ਵਿੱਚੋਂ ਗਿਣਿਆ ਜਾਂਦਾ ਹੈ। ਇਸ ਦਾ ਬਨਸਪਤੀ ਨਾਂਅ ਸੌਲੇਨਮ ਲਾਈਕੋਪਰਸੀਕਮ ਹੈ। ”ਗਿਆਨ ਦੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਟਮਾਟਰ ਫ਼ਲ ਹੈ। ਸਿਆਣਪ ਦੀ ਗੱਲ ਇਹ ਹੈ ਕਿ ਇਸ ਨੂੰ ਰਸੋਈ ਵਿੱਚ ਫਲਾਂ ਨਾਲ ਨਹੀਂ ਸਬਜ਼ੀਆਂ ਵਿੱਚ ਵਰਤੋ” ਇਹ ਇੱਕ ਕਹਾਵਤ ਹੈ।
ਟਮਾਟਰ ਵਿੱਚ ਖੱਟਾ ਤੇਜਾਬੀ ਤੱਤ ਸਿਟਰਿਕ ਐਸਿਡ ਹੁੰਦਾ ਹੈ
ਦੁਨੀਆਂ ਵਿੱਚ ਸੌ ਕਿਸਮ ਦੇ ਟਮਾਟਰਾਂ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਐਨ. ਆਰ. ਐਸ.-7, 120, ਪੰਜਾਬ ਛੁਹਾਰਾ, ਪੰਜਾਬ ਕੇਸਰੀ ਕਿਸਮਾਂ ਮਸ਼ਹੂਰ ਹਨ। ਵਿਸ਼ਵ ਵਿੱਚ ਚਿੱਟੇ ਰੰਗ ਤੋਂ ਲੈ ਕੇ ਗੂੜ੍ਹੇ ਜਾਮਣੀ ਰੰਗ ਸਮੇਤ ਅਨੇਕਾਂ ਰੰਗਾਂ ਤੇ ਅਕਾਰਾਂ ਦੇ ਟਮਾਟਰ ਮਿਲਦੇ ਹਨ। ਪਰ ਅਸੀਂ ਗੋਲ ਪੀਲੇ-ਲਾਲ ਰੰਗ ਜਾਂ ਛੁਹਾਰੇ ਵਰਗੇ ਕਾਠੇ ਗੂੜ੍ਹੇ ਲਾਲ ਟਮਾਟਰ ਵਤਰਦੇ ਹਾਂ। ਟਮਾਟਰ ਵਿੱਚ ਖੱਟਾ ਤੇਜਾਬੀ ਤੱਤ ਸਿਟਰਿਕ ਐਸਿਡ ਹੁੰਦਾ ਹੈ। ਸਰੀਰ ਅੰਦਰ ਪਚਣ ਤੋਂ ਬਾਅਦ ਇਹ ਖਾਰਾਪਣ ਵਧਾਉਂਦਾ ਹੈ। ਜਿਸ ਕਰਕੇ ਟਮਾਟਰ ਪਿਸ਼ਾਬ ਤੇ ਪਸੀਨੇ ਵਿੱਚ ਕਈ ਜ਼ਹਿਰੀਲੇ ਤੱਤ ਅਤੇ ਯੂਰਿਕ ਐਸਿਡ ਬਾਹਰ ਕੱਢਦਾ ਹੈ। ਲਾਈਕੋਪੀਨ ਟਮਾਟਰ ਵਿੱਚ ਇੰਨਾ ਜਿਆਦਾ ਹੁੰਦਾ ਹੈ ਕਿ ਇਸ ਦਾ ਨਾਂਅ ਹੀ ਲਾਈਕੋਪਰਸਿਕਮ ਪੈ ਗਿਆ।
The use of hybrid vegetable seeds increased rapidly
ਲਾਲ ਤੇ ਗੋਲ-ਮਟੋਲ ਟਮਾਟਰ ਦੀ ਖੇਤੀ ਤੋਂ ਕਿਸਾਨਾਂ ਨੂੰ ਕਾਫੀ ਆਮਦਨੀ ਹੁੰਦੀ ਹੈ। ਪਰ ਖੇਤ ਵਿੱਚ ਡਿੱਗਣ ਜਾਂ ਮਿੱਟੀ ਲੱਗਣ ਕਾਰਨ ਜ਼ਿਆਦਾਤਰ ਫਲ ਉੱਲੀ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਕਰਕੇ ਕਿਸਾਨਾਂ ਦੀ ਮਿਹਨਤ ਦੇ ਨਾਲ ਹੀ ਪੈਸਾ ਵੀ ਖਰਾਬ ਹੋ ਜਾਂਦਾ ਹੈ। ਇੱਕ ਅਨੁਮਾਨ ਮੁਤਾਬਿਕ ਫਸਲ ਦੌਰਾਨ ਮਿੱਟੀ ਗਿੱਲੀ ਹੋਣ ਕਰਕੇ ਬਹੁਤ ਸਾਰੇ ਟਮਾਟਰ ਖਰਾਬ ਹੋ ਜਾਂਦੇ ਹਨ। ਖਰਾਬ ਹੋਏ ਫਲ ਦਾ ਮੰਡੀ ਵਿੱਚ ਕੋਈ ਖਰੀਦਦਾਰ ਨਹੀਂ ਲੱਭਦਾ। ਟਮਾਟਰ ਦੇ ਖਰਾਬ ਹੋਣ ਦੀ ਸਮੱਸਿਆ ਤਕਰੀਬਨ ਹਰ ਰਾਜ ਦੇ ਕਿਸਾਨਾਂ ਨੂੰ ਆਉਂਦੀ ਹੈ। ਜਿਹੜੇ ਰਾਜਾਂ ਵਿੱਚ ਬੇ-ਮੌਸਮੀ ਅਤੇ ਜਿਆਦਾ ਬਰਸਾਤ ਹੁੰਦੀ ਹੈ। ਉੱਥੇ ਇਹ ਨੁਕਸਾਨ ਹੋਰ ਵੀ ਵੱਧ ਹੁੰਦਾ ਹੈ। ਖੇਤੀ ਮਾਹਿਰਾਂ ਨੇ ਟਮਾਟਰ ਦੀ ਫਸਲ ਦੇ ਖਰਾਬੇ ਨੂੰ ਰੋਕਣ ਲਈ ਨਵੀਂ ਵਿਧੀ ਤਿਆਰ ਕੀਤੀ ਹੈ। ਜਿਸ ਨਾਲ ਆਮਦਨ ਤੇ ਝਾੜ ਵਿੱਚ ਵਾਧਾ ਹੁੰਦਾ ਹੈ।
ਟਮਾਟਰ ਬੀਜਣ ਦੀ ਵਿਧੀ
ਟਮਾਟਰ ਬੀਜਣ ਦੀ ਇਸ ਵਿਧੀ ਰਾਹੀਂ ਖੇਤ ਵਿੱਚ ਦੋ ਫੁੱਟ ਚੌੜੀ ਚਾਲ਼ੀ ਮਾਈਕ੍ਰੋਨ ਜਾਂ 160 ਗੇਜ਼ ਦੀ ਚਿੱਟੀ ਜਾਂ ਪੀਲੇ ਰੰਗ ਦੀ ਪਲਾਸਟਿਕ ਸ਼ੀਟ ਵਿਛਾ ਦਿੱਤੀ ਜਾਂਦੀ ਹੈ। ਸ਼ੀਟ ਦੀਆਂ ਦੋ-ਦੋ ਚੌੜੀਆਂ ਪੱਟੀਆਂ ਪਾਉਂਦੇ ਸਮੇਂ ਉਨ੍ਹਾਂ ਦੇ ਵਿਚਕਾਰ ਦੋ-ਤਿੰਨ ਇੰਚ ਦਾ ਫਰਕ ਹੋਣਾ ਚਾਹੀਦਾ ਹੈ। ਸ਼ੀਟ ਖੇਤ ਵਿੱਚ ਪਾਉਣ ਤੋਂ ਪਹਿਲਾਂ ਪਾਣੀ ਲਾਉਣਾ ਜਰੂਰੀ ਹੁੰਦਾ ਹੈ। ਸ਼ੀਟ ਵਿੱਚ 50-50 ਸੈਂਟੀਮੀਟਰ ਦੇ ਫਾਸਲੇ ‘ਤੇ ਗੋਲ ਮੋਗੇ ਕਰਨੇ ਚਾਹੀਦੇ ਹਨ। ਇਨ੍ਹਾਂ ਮੋਗਿਆਂ ਵਿੱਚ ਹੀ ਟਮਾਟਰ ਦੇ ਬੂਟੇ ਲਾਏ ਜਾਂਦੇ ਹਨ।
ਤੁਪਕਾ ਸਿੰਚਾਈ ਵਿਧੀ
ਜੇਕਰ ਪਾਣੀ ਤੁਪਕਾ ਸਿੰਚਾਈ ਵਿਧੀ ਰਾਹੀਂ ਦੇਣਾ ਹੋਵੇ। ਤਾਂ ਉਸ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਵਿਧੀ ਰਾਹੀਂ ਟਮਾਟਰ ਦੀ ਫਸਲ ਨੂੰ ਬਿਮਾਰੀਆਂ ਤੇ ਮਿੱਟੀ ਨਾਲ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਢੰਗ ਨਾਲ ਕੀਤੀ ਬਿਜਾਈ ਕਾਰਨ ਫਸਲ ਵਿੱਚ ਘਾਹ-ਫੂਸ ਪੈਦਾ ਨਹੀਂ ਹੁੰਦਾ। ਚਾਦਰ ਵਿਛੀ ਹੋਣ ਕਰਕੇ ਪਾਣੀ ਦਾ ਵਾਸ਼ਪੀਕਰਨ ਘੱਟ ਹੋਣ ਨਾਲ ਪਾਣੀ ਦੀ ਚਾਲੀ ਫੀ ਸਦੀ ਬੱਚਤ ਹੁੰਦੀ ਹੈ।ਪਲਾਸਟਿਕ ਦੀ ਚਾਦਰ ਦਾ ਰੰਗ ਪੀਲਾ ਜਾਂ ਚਿੱਟਾ ਹੋਣ ਕਰਕੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਬੂਟਿਆਂ ‘ਤੇ ਨਹੀਂ ਪੈਂਦੀਆਂ। ਇਸ ਤਰ੍ਹਾਂ ਹੋਣ ਨਾਲ ਗਰਮੀ ਤੋਂ ਵੀ ਬਚਾਅ ਹੋ ਜਾਂਦਾ ਹੈ। ਫਲ ਮਿੱਟੀ ਤੋਂ ਦੂਰ ਰਹਿਣ ਕਰਕੇ ਚਮਕਦਾਰ ਤੇ ਵਧੀਆ ਕਿਸਮ ਦੇ ਹੁੰਦੇ ਹਨ। ਬਿਮਾਰੀਆਂ ਤੋਂ ਬਚਾਅ ਹੋਣ ਕਰਕੇ 30 ਫੀਸਦੀ ਤੋਂ ਜਿਆਦਾ ਝਾੜ ਵਧ ਜਾਂਦਾ ਹੈ। ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਆਮ ਫਸਲ ਦੀ ਤਰ੍ਹਾਂ ਹੀ ਕਰਨੀ ਪੈਂਦੀ ਹੈ।
The use of hybrid vegetable seeds increased rapidly
ਖਾਧ ਪਦਾਰਥਾਂ ਦੀ ਚੱਲ ਰਹੀ ਮਹਿੰਗਾਈ ਨਾਲ ਲੜਨ ਵਾਸਤੇ ਕੇਂਦਰ ਸਰਕਾਰ ਨੇ ਵੱਡੇ ਸ਼ਹਿਰਾਂ ਨੇੜੇ ਸਬਜ਼ੀਆਂ ਦੀ ਪੈਦਾਵਾਰ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਦੇ ਸਫਲ ਹੋਣ ਨਾਲ ਦਿੱਲੀ ਵਰਗੇ ਮਹਾਂਨਗਰਾਂ ਨੇੜੇ ਹਰੀਆਂ ਸਬਜੀਆਂ ਉਗਾ ਕੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇਗੀ। ਵੱਡੇ ਸ਼ਹਿਰਾਂ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੂੰ ਸਬਸਿਡੀ ਦੇ ਕੇ ਮੌਸਮੀ ਸਬਜੀਆਂ ਦੀ ਪੈਦਾਵਾਰ ਕਰਵਾਈ ਜਾਵੇਗੀ। ਖੇਤੀਬਾੜੀ ਵਿਭਾਗ ਨੇ ਇਸ ਕੰਮ ਲਈ ਹੈਦਰਾਬਾਦ ਅਤੇ ਬੰਗਲੌਰ ਨੇੜੇ ਪਾਇਲਟ ਪ੍ਰੋਜੈਕਟ ਤਿਆਰ ਕੀਤਾ ਸੀ। ਜਿਸ ਦੇ ਵਧੀਆ ਨਤੀਜੇ ਨਿੱਕਲਣ ਤੋਂ ਬਾਅਦ ਇਸ ਯੋਜਨਾ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਸਮੇਤ 10 ਲੱਖ ਦੀ ਅਬਾਦੀ ਵਾਲੇ 35 ਸ਼ਹਿਰਾਂ ਨੇੜੇ ਚਾਲੂ ਕੀਤਾ ਗਿਆ। ਪਿੰਡਾਂ ਦੇ ਕਿਸਾਨਾਂ ਨੂੰ ਮੌਸਮੀ ਸਬਜੀਆਂ ਅਤੇ ਫਲਾਂ ਦੀ ਪੈਦਾਵਾਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੈਦਾਵਾਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੋਲਡ ਸਟੋਰ ਬਣਾਏ ਜਾਣਗੇ।
ਲੋਕਾਂ ਦੇ ਖਾਣ-ਪੀਣ ਵਿੱਚ ਆਈਆਂ ਤਬਦੀਲੀਆਂ
ਸ਼ਹਿਰਾਂ ਅੰਦਰ ਰਹਿਣ ਵਾਲੇ ਲੋਕਾਂ ਦੇ ਖਾਣ-ਪੀਣ ਵਿੱਚ ਆਈਆਂ ਤਬਦੀਲੀਆਂ ਕਾਰਨ ਵੈਸ਼ਨੂੰ ਚੀਜਾਂ ਦੀ ਮੰਗ ਵਧ ਰਹੀ ਹੈ। ਕਿਉਂਕਿ ਦੇਸ਼ ਭਰ ਅੰਦਰ ਸ਼ਾਕਾਹਾਰੀ ਭੋਜਨ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਸਾਲ 2006 ਵਿੱਚ ਹੋਏ ਸਰਵੇਖਣ ਦੌਰਾਨ ਸ਼ੁੱਧ ਸ਼ਾਕਾਹਾਰੀਆਂ ਦੀ ਗਿਣਤੀ 30 ਫੀਸਦੀ ਦੱਸੀ ਗਈ ਸੀ, ਪਰ ਸੰਯੁਕਤ ਰਾਸ਼ਟਰ ਦੇ ਖਾਧ ਤੇ ਖੇਤੀ ਸੰਗਠਨ ਅਤੇ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਸਰਵੇਖਣ ਮੁਤਾਬਿਕ ਭਾਰਤ ਵਿੱਚ ਸ਼ਾਕਾਹਾਰੀਆਂ ਦੀ ਗਿਣਤੀ 42 ਫੀਸਦੀ ਤੱਕ ਪਹੁੰਚ ਗਈ ਹੈ। ਇਸ ਦਾ ਕਾਰਨ ਲੋਕਾਂ ‘ਚ ਸਿਹਤ ਪ੍ਰਤੀ ਵਧ ਆ ਰਹੀ ਜਾਗਰੂਕਤਾ ਤੇ ਭਾਰਤ ਦੀ ਸੰਸਕ੍ਰਿਤੀ ਮੰਨਿਆ ਗਿਆ ਹੈ। ਦਿੱਲੀ ਦਾ ਂਿÂੱਕ ਵਪਾਰੀ ਸ਼ਾਕਾਹਾਰੀ ਭੋਜਨ ਨੂੰ ਸਵਾਦ ਨਾਲ ਵੀ ਜੋੜਦਾ ਹੈ। ਇਨ੍ਹਾਂ ਦੀ ਇੱਕ ਸ਼ਾਕਾਹਾਰੀ ਡਿਸ਼ ‘ਸਾਮ ਸਵੇਰਾ’ ਪੂਰੀ ਮਸ਼ਹੂਰ ਹੈ। ਬਹੁਤ ਗਿਣਤੀ ਲੋਕ ਮਾਸਾਹਾਰੀ ਖਾਣੇ ਨੂੰ ਪਾਪ ਵੀ ਸਮਝਣ ਲੱਗ ਪਏ ਹਨ।
ਫਲ ਅਤੇ ਸਬਜ਼ੀਆਂ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ
ਸਾਲ 2010 ਦੌਰਾਨ ਹੋਏ ਇੱਕ ਸਰਵੇ ਦੌਰਾਨ ਦੱਸਿਆ ਗਿਆ ਸੀ ਕਿ ਆਸਟਰੇਲੀਆ ਵਿੱਚ 10 ਪ੍ਰਤੀਸ਼ਤ ਲੋਕ ਸ਼ਾਕਾਹਾਰੀ ਭੋਜਨ ਕਰਦੇ ਹਨ। ਜਦੋਂਕਿ ਬੈਲਜੀਅਮ ਵਿੱਚ ਹਫਤੇ ਅੰਦਰ ਇੱਕ ਦਿਨ ਹੀ ਵੈਸ਼ਨੂੰ ਭੋਜਨ ਵਜੋਂ ਮਨਾਇਆ ਜਾਂਦਾ ਹੈ। ਜੇਕਰ ਦੇਸ਼ ਵਿੱਚ ਬਰੈਡ, ਚਟਨੀ, ਮੱਖਣ, ਪਨੀਰ, ਅਚਾਰ ਆਦਿ ਬਣਾਉਣ ਦੀਆਂ ਫੈਕਟਰੀਆਂ ਦੀ ਗਿਣਤੀ ਵਧ ਜਾਵੇ ਤਾਂ ਫਲ ਅਤੇ ਸਬਜ਼ੀਆਂ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਮੰਡੀ ਤੱਕ ਪਹੁੰਚਣ ਤੋਂ ਪਹਿਲਾਂ ਹੀ 35 ਫੀਸਦੀ ਫਲ ਅਤੇ ਸਬਜੀਆਂ ਖਰਾਬ ਹੋ ਜਾਂਦੀਆਂ ਹਨ
ਖੇਤੀ ਮੰਤਰਾਲੇ ਦੀ ਇੱਕ ਟੀਮ ਨੇ ਸਰਕਾਰ ਵੱਲੋਂ ਫਲਾਂ ਤੇ ਸਬਜੀਆਂ ਦੇ ਉਦਯੋਗਾਂ ਵੱਲ ਧਿਆਨ ਨਾ ਦੇਣ ਦਾ ਮਾਮਲਾ ਸਾਹਮਣੇ ਲਿਆਂਦਾ ਸੀ ਤੇ ਰੱਖ-ਰਖਾਅ ਦੇ ਠੀਕ ਪ੍ਰਬੰਧ ਨਾ ਹੋਣ ਕਰਕੇ ਹਰ ਸਾਲ ਪੰਜਾਹ ਹਜਾਰ ਕਰੋੜ ਰੁਪਏ ਤੋਂ ਵੱਧ ਦੇ ਫਲ ਅਤੇ ਸਬਜੀਆਂ ਖਰਾਬ ਹੋ ਰਹੀਆਂ ਹਨ। ਫਲਾਂ ਅਤੇ ਸਬਜੀਆਂ ਨਾਲ ਜੁੜੇ ਉਦਯੋਗਾਂ ਦੀ ਮਾੜੀ ਹਾਲਤ ਹੋਣ ਕਰਕੇ ਹੀ ਇਹ ਨੁਕਸਾਨ ਹੋ ਰਿਹਾ ਹੈ। ਵਿਸ਼ਵ ਭਰ ਦੇ ਬਜਾਰ ਵਿੱਚ ਇਸ ਕਾਰੋਬਾਰ ਦੀ ਹਿੱਸੇਦਾਰੀ ਸਿਰਫ ਡੇਢ ਪ੍ਰਤੀਸ਼ਤ ਹੈ। ਸੰਮਤੀ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ ਹਰ ਸਾਲ ਪੰਜਾਹ ਹਜਾਰ ਕਰੋੜ ਰੁਪਏ ਤੋਂ ਵੱਧ ਦੇ ਖਾਦ ਪਦਾਰਥ ਖਰਾਬ ਹੋਣੇ ਬਹੁਤ ਵੱਡੀ ਗੱਲ ਹੈ।
ਦੱਸਿਆ ਜਾਂਦਾ ਹੈ ਕਿ ਖੇਤਾਂ ਵਿੱਚੋਂ ਮੰਡੀ ਤੱਕ ਪਹੁੰਚਣ ਤੋਂ ਪਹਿਲਾਂ ਹੀ 35 ਫੀਸਦੀ ਫਲ ਅਤੇ ਸਬਜੀਆਂ ਖਰਾਬ ਹੋ ਜਾਂਦੀਆਂ ਹਨ। ਉਦਯੋਗਾਂ ਵਿੱਚ ਸਿਰਫ 22 ਫੀਸਦੀ ਵਰਤੋਂ ਹੋ ਰਹੀ ਹੈ ਜਦੋਂਕਿ ਅਮਰੀਕਾ ਵਿੱਚ 65 ਫੀਸਦੀ, ਫਿਲਪਾਈਨ 78 ਫੀਸਦੀ ਅਤੇ ਚੀਨ ਵਿੱਚ 23 ਫੀਸਦੀ ਫਲ ਅਤੇ ਸਬਜੀਆਂ ਨੂੰ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ।
ਬ੍ਰਿਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.