ਦਿਨੋਂ-ਦਿਨ ਵਧ ਰਿਹਾ ਜੰਕ ਫੂਡ ਖਾਣ ਦਾ ਰੁਝਾਨ

ਦਿਨੋਂ-ਦਿਨ ਵਧ ਰਿਹਾ ਜੰਕ ਫੂਡ ਖਾਣ ਦਾ ਰੁਝਾਨ

ਜਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਜ਼ਿੰਦਗੀ ਦੇ ਹਰ ਰੰਗ ਦਾ ਆਨੰਦ ਮਾਣਦੇ ਹਾਂ। ਇੱਕ ਚੰਗੀ ਸਿਹਤ ਲਈ ਪੌਸ਼ਟਿਕ ਭੋਜਨ ਬਹੁਤ ਲਾਹੇਵੰਦ ਹੁੰਦਾ ਹੈ। ਜੋ ਇਨਸਾਨ ਵਧੀਆ ਪੌਸ਼ਟਿਕ ਭੋਜਨ ਖਾਂਦਾ ਹੈ, ਬਿਮਾਰੀਆਂ ਵੀ ਉਸ ਇਨਸਾਨ ਨੂੰ ਬਹੁਤ ਘੱਟ ਲੱਗਦੀਆਂ ਹਨ। ਅਕਸਰ ਅਸੀਂ ਬਜ਼ੁਰਗਾਂ ਨੂੰ ਦੇਖਦੇ ਹੀ ਹਾਂ ਕਿ ਉਹ 90-90 ਸਾਲ ਤੋਂ ਵੱਧ ਜ਼ਿੰਦਗੀ ਬਸਰ ਕਰਕੇ ਇਸ ਸੰਸਾਰ ਤੋਂ ਰੁਖਸਤ ਹੁੰਦੇ ਹਨ। ਕਈ ਪਿੰਡਾਂ ਵਿੱਚ ਅਜਿਹੇ ਬਜ਼ੁਰਗ ਵੀ ਹੁੰਦੇ ਹਨ ਜੋ ਸੌ ਸਾਲ ਤੋਂ ਵੱਧ ਦੇ ਹਨ।

ਉਨ੍ਹਾਂ ਦੀ ਲੰਮੀ ਸਿਹਤ ਦਾ ਰਾਜ਼ ਹੈ ਸ਼ੁੱਧ ਪੌਸ਼ਟਿਕ ਭੋਜਨ ਖਾਣਾ। ਜੋ ਸ਼ੁੱਧ ਪੌਸ਼ਟਿਕ ਭੋਜਨ ਹੁੰਦਾ ਹੈ, ਉਹ ਘਰ ਦੀ ਰਸੋਈ ਵਿੱਚ ਤਿਆਰ ਕੀਤਾ ਜਾਂਦਾ ਹੈ। ਬਹੁਤ ਹੀ ਸਫਾਈ ਨਾਲ ਬਣਾਇਆ ਜਾਂਦਾ ਹੈ। ਅਸਾਨੀ ਨਾਲ ਹਜ਼ਮ ਵੀ ਹੋ ਜਾਂਦਾ ਹੈ। ਚੰਗੇ ਤੇਲਾਂ ਭਾਵ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਕਹਿਣ ਦਾ ਭਾਵ ਹੈ ਕਿ ਪੌਸ਼ਟਿਕ ਭੋਜਨ ਖਾਣ ਨਾਲ ਇਨਸਾਨ ਤੰਦਰੁਸਤ ਰਹਿੰਦਾ ਹੈ। ਮੋਟਾਪਾ ਵੀ ਨਹੀਂ ਆਉਂਦਾ।

ਸਮਾਂ ਬਦਲਿਆ। ਅੱਜ-ਕੱਲ੍ਹ ਪੱਛਮੀ ਸੱਭਿਅਤਾ ਦਾ ਬਹੁਤ ਬੋਲਬਾਲਾ ਹੈ। ਅੱਜ-ਕੱਲ੍ਹ ਅਸੀਂ ਦੇਖਦੇ ਹੀ ਹਾਂ ਕਿ ਜੰਕ ਫੂਡ ਖਾਣ ਦਾ ਰੁਝਾਨ ਦਿਨੋ-ਦਿਨ ਵਧ ਗਿਆ ਹੈ। ਬੱਚੇ ਅਕਸਰ ਘਰ ਦੇ ਖਾਣੇ ਨੂੰ ਬਹੁਤ ਘੱਟ ਤਰਜ਼ੀਹ ਦੇਣ ਲੱਗ ਪਏ ਹਨ। ਉਹਨਾਂ ਨੂੰ ਬਾਹਰ ਦੇ ਖਾਣੇ ਦੀ ਬਹੁਤ ਜ਼ਿਆਦਾ ਆਦਤ ਪੈ ਚੁੱਕੀ ਹੈ।

ਜਿਸ ਕਰਕੇ ਉਹ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਹਨ। ਮੋਟਾਪੇ ਦੀ ਜਕੜ ਵਿੱਚ ਆ ਚੁੱਕੇ ਹਨ। ਛੋਟੇ ਬੱਚਿਆਂ ਦਾ ਸਰੀਰ ਭਾਰੀ ਹੋ ਚੁੱਕਿਆ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਦਾ ਇਨਸਾਨ ਕੰਮਾਂ-ਕਾਰਾਂ ਵਿੱਚ ਬਹੁਤ ਜ਼ਿਆਦਾ ਰੁੱਝ ਚੁੱਕਿਆ ਹੈ।

ਸਾਰੇ ਇਨਸਾਨ ਅੱਜ-ਕੱਲ੍ਹ ਨੌਕਰੀ ਪੇਸ਼ੇ ਵਾਲੇ ਹਨ। ਜਦੋਂ ਮਾਂ-ਬਾਪ ਹੀ ਜੰਕ ਫੂਡ ਖਾਣ ਲੱਗ ਗਏ ਹਨ, ਤਾਂ ਬੱਚੇ ਫਿਰ ਪਿੱਛੇ ਕਿਉਂ ਹਟਣ? ਹਰ ਸ਼ਹਿਰ ਵਿੱਚ ਸ਼ਾਮ ਨੂੰ ਕਿਸੇ ਖੁੱਲ੍ਹੀ ਜਗ੍ਹਾ ’ਤੇ ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਦੀਆਂ ਰੇਹੜੀਆਂ ਲੱਗਦੀਆਂ ਹਨ। ਇਹ ਰੇਹੜੀ ਵਾਲੇ ਬਰਗਰ, ਨੂਡਲਜ, ਚਾੳੂਮੀਨ, ਸਪਰਿੰਗ ਰੋਲ, ਮੋਮੋਜ, ਹੋਰ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਜੰਕ ਫੂਡ ਬਣਾਉਂਦੇ ਹਨ। ਘਟੀਆ ਤੇਲਾਂ ਦੀ ਇਹ ਲੋਕ ਵਰਤੋਂ ਕਰਦੇ ਹਨ। ਇਹ ਜੰਕ ਫੂਡ ਬਣਾਉਣ ਵਾਲੇ ਜ਼ਿਆਦਾਤਰ ਪ੍ਰਵਾਸੀ ਲੋਕ ਹੁੰਦੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਇਹ ਬੰਦੇ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਹਨ। ਤਰ੍ਹਾਂ-ਤਰ੍ਹਾਂ ਦੇ ਮਸਾਲੇ ਲਾ ਕੇ ਫੂਡ ਨੂੰ ਬਹੁਤ ਜ਼ਿਆਦਾ ਸਵਾਦਿਸ਼ਟ ਬਣਾ ਦਿੰਦੇ ਹਨ। ਅਸੀਂ ਆਰਾਮ ਨਾਲ ਖਾ ਲੈਂਦੇ ਹਾਂ। ਹੌਲੀ-ਹੌਲੀ ਅਸੀਂ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਾਂ। ਸੈਰ ਤਾਂ ਅਸੀਂ ਅੱਜ-ਕੱਲ੍ਹ ਬਿਲਕੁਲ ਵੀ ਨਹੀਂ ਕਰਦੇ। ਜੰਕ ਫੂਡ ਖਾਣ ਨਾਲ ਹੌਲੀ-ਹੌਲੀ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਆਦਿ ਦੇ ਸ਼ਿਕਾਰ ਹੋ ਜਾਂਦੇ ਹਨ।

ਨੌਕਰੀਪੇਸ਼ਾ ਹੋਣ ਕਰਕੇ ਅੱਜ-ਕੱਲ੍ਹ ਔਰਤਾਂ ਘਰ ਖਾਣਾ ਬਣਾਉਣ ਨੂੰ ਤਰਜ਼ੀਹ ਬਹੁਤ ਘੱਟ ਦੇਣ ਲੱਗ ਪਈਆਂ ਹਨ। ਜਦੋਂ ਔਰਤਾਂ ਸ਼ਾਮ ਨੂੰ¿; ਦਫਤਰਾਂ ਤੋਂ ਘਰ ਆਉਂਦੀਆਂ ਹਨ, ਤਾਂ ਅਕਸਰ ਉਹ ਘਰ ਵਿੱਚ ਕਹਿੰਦੀਆਂ ਹਨ ਕਿ ਮੇਰੇ ਵਿੱਚ ਤਾਂ ਹੁਣ ਹਿੰਮਤ ਨਹੀਂ ਹੈ ਕਿ ਮੈਂ ਰਾਤ ਦਾ ਖਾਣਾ ਬਣਾਵਾਂ। ਬੱਚਿਆਂ ਨੂੰ ਪੈਸੇ ਦੇ ਦਿੰਦੀਆਂ ਹਨ ਕਿ ਤੁਸੀਂ ਬਾਹਰ ਹੀ ਕੁੱਝ ਖਾ ਲਵੋ ਤੇ ਸਾਡੇ ਲਈ ਵੀ ਘਰ ਖਾਣਾ ਲੈ ਆਉਣਾ। ਬੱਚੇ ਬਾਹਰ ਫਿਰ ਇਹ ਜੰਕ ਫੂਡ ਖਾਂਦੇ ਹਨ।

ਇਹ ਜੰਕ ਫੂਡ ਇੰਨੇ ਮਸਾਲੇਦਾਰ ਹੁੰਦੇ ਹਨ ਕਿ ਇਹ ਸਿਹਤ ਨੂੰ ਬਹੁਤ ਜ਼ਿਆਦਾ ਖਰਾਬ ਕਰਦੇ ਹਨ। ਤੇਜ਼ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹੋਰ ਪਤਾ ਨਹੀਂ ਇਨ੍ਹਾਂ ਵਿੱਚ ਕੀ-ਕੀ ਚੀਜਾਂ ਪਾ ਕੇ ਇਨ੍ਹਾਂ ਨੂੰ ਜਾਇਕੇਦਾਰ ਬਣਾ ਦਿੱਤਾ ਜਾਂਦਾ ਹੈ। ਜੇ ਅਸੀਂ ਕਿਤੇ ਮਾੱਲ ਵਿਚ ਸ਼ਾਪਿੰਗ ਲਈ ਜਾਂਦੇ ਹਾਂ ਤਾਂ ਅਸੀਂ ਉੱਥੇ ਜੰਕ ਫੂਡ ਖਾ ਕੇ ਆਉਂਦੇ ਹਾਂ।

ਵਿਆਹ-ਸ਼ਾਦੀਆਂ ਵਿਚ ਤਾਂ ਇਹ ਅੱਜ-ਕੱਲ੍ਹ ਆਮ ਜਿਹੀ ਗੱਲ ਬਣ ਗਈ ਹੈ। ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਮੇਜਾਂ ’ਤੇ ਪ੍ਰੋਗਰਾਮਾਂ ਵਿਆਹਾਂ ਵਿਚ ਸਜਾਏ ਹੁੰਦੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਰੋਟੀ ਖਾਣ ਨਾਲੋਂ ਜ਼ਿਆਦਾ ਇਨ੍ਹਾਂ ਜੰਕ ਫੂਡ ਨੂੰ ਤਰਜ਼ੀਹ ਦਿੰਦੇ ਹਨ। ਨੂਡਲਜ ਪਲੇਟਾਂ ਦੀਆਂ ਪਲੇਟਾਂ ਭਰ ਕੇ ਖਾਂਦੇ ਹਨ। ਅਕਸਰ ਅਸੀਂ ਦੇਖਦੇ ਹਾਂ ਕਿ ਇਹ ਮੈਦੇ ਦੀਆਂ ਚੀਜਾਂ ਬਣੀਆਂ ਹੁੰਦੀਆਂ ਹਨ।

ਜੋ ਕਿ ਅਸਾਨੀ ਨਾਲ ਹਜ਼ਮ ਵੀ ਨਹੀਂ ਹੁੰਦੀਆਂ। ਅੱਜ-ਕੱਲ੍ਹ ਲੋਕ ਇਨ੍ਹਾਂ ਚੀਜਾਂ ਦੇ ਜ਼ਿਆਦਾ ਸੇਵਨ ਕਰਕੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਦੋਂ ਇਹ ਚੀਜਾਂ ਹਜ਼ਮ ਨਹੀਂ ਹੁੰਦੀਆਂ ਹਨ, ਤਾਂ ਡਾਕਟਰ ਕੋਲ ਜਾਂਦੇ ਹਨ। ਉੱਥੇ ਕਹਿੰਦੇ ਹਨ ਕਿ ਯੂਰਿਕ ਐਸਿਡ ਬਣ ਗਿਆ ਜਾਂ ਖੱਟੇ ਡਕਾਰ ਆ ਰਹੇ ਹਨ। ਦੇਖਿਆ ਜਾਵੇ ਤਾਂ¿; ਇਹ ਖਾਣਾ ਸਾਡੇ ਲਈ ਬਣਿਆ ਹੀ ਨਹੀਂ ਹੈ। ਇਸ ਖਾਣੇ ਵਿੱਚ ਵੀ ਮਿਲਾਵਟ ਬਹੁਤ ਜ਼ਿਆਦਾ ਹੁੰਦੀ ਹੈ। ਮਿਲਾਵਟ ਹੋਰ ਪਤਾ ਨਹੀਂ ਕਈ ਤਰ੍ਹਾਂ ਦੇ ਕੈਮੀਕਲ, ਰਸਾਇਣ ਪਾ ਕੇ ਇਹ ਜੰਕ ਫੂਡ ਪਰੋਸਿਆ ਜਾਂਦਾ ਹੈ।

ਦੇਖਿਆ ਜਾਂਦਾ ਹੈ ਇਹ ਜੰਕ ਫੂਡ ਬਾਹਰਲੇ ਮੁਲਕਾਂ ਵਿੱਚ ਆਮ ਹਨ। ਉਨ੍ਹਾਂ ਦੇਸ਼ਾਂ ਵਿੱਚ ਮਿਲਾਵਟ ਬਿਲਕੁਲ ਵੀ ਨਹੀਂ ਹੈ। ਇਸ ਕਰਕੇ ਉਨ੍ਹਾਂ ਮੁਲਕਾਂ ਦੇ ਲੋਕ ਇਨ੍ਹਾਂ ਨੂੰ ਆਪਣੇ ਖਾਣੇ ਵਿਚ ਤਰਜੀਹ ਦਿੰਦੇ ਹਨ। ਉਹ ਲੋਕ ਬਿਮਾਰੀਆਂ ਦੇ ਸ਼ਿਕਾਰ ਬਹੁਤ ਘੱਟ ਹੁੰਦੇ ਹਨ। ਸਾਡੇ ਦੇਸ਼ ਵਿਚ ਮਿਲਾਵਟ ਦਾ ਬਹੁਤ ਬੋਲਬਾਲਾ ਹੈ। ਸਾਨੂੰ ਅਜਿਹੇ ਖਾਣਿਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸਾਨੂੰ ਘਰ ਦੇ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜੇ ਅਸੀਂ ਘਰ ਦਾ ਬਣਿਆ ਸਾਫ-ਸੁਥਰਾ ਪੌਸ਼ਟਿਕ ਭੋਜਨ ਖਾਵਾਂਗੇ ਤਾਂ ਬਿਮਾਰੀਆਂ ਤੋਂ ਵੀ ਦੂਰ ਰਹਾਂਗੇ। ਵਧੀਆ ਖਾਣਾ ਖਾ ਕੇ ਸਾਡੀ ਜ਼ਿੰਦਗੀ ਵੀ ਵਧੀਆ ਬਸਰ ਹੋਵੇਗੀ। ਡਾਕਟਰਾਂ ਕੋਲ ਸਾਨੂੰ ਬਿਲਕੁਲ ਵੀ ਨਹੀਂ ਜਾਣਾ ਪਵੇਗਾ।
ਮੋਹਾਲੀ
ਮੋ. 78889-66168
ਸੰਜੀਵ ਸਿੰਘ ਸੈਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ