ਸਰਪੰਚ ਨੇ ਪਿਛਲੇ ਕਰੀਬ 12 ਸਾਲ ਤੋਂ ਪਿੰਡ ਦੀ 5 ਕਨਾਲ 6 ਮਰਲੇ ਜ਼ਮੀਨ ’ਤੇ ਨਜ਼ਾਇਜ ਕਬਜ਼ਾ ਕੀਤਾ ਹੋਇਆ
ਗਿੱਦੜਬਾਹਾ, (ਰਾਜਵਿੰਦਰ ਬਰਾੜ)। ਨਜ਼ਦੀਕੀ ਪਿੰਡ ਕੋਟਭਾਈ ਵਿਖ਼ੇ ਮਾਨਯੋਗ ਮਾਲ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਸਥਾਨਕ ਸਿਵਲ ਪ੍ਰਸ਼ਾਸ਼ਨ ਵੱਲੋਂ ਪਿੰਡ ਦੀ ਸ਼ਾਮਲਾਟ ਦੀ ਕਰੀਬ 5 ਕਨਾਲ ਜ਼ਮੀਨ ਜੋ ਕਿ ਪਿਛਲੇ ਕਰੀਬ 12 ਸਾਲ ਤੋਂ ਬਾਬੂ ਸਿੰਘ ਨਾਮਕ ਵਿਅਕਤੀ ਦੇ ਕਬਜ਼ੇ ਵਿੱਚ ਸੀ ਮਿਣਤੀ ਪੂਰੀ ਕਰ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਵਾਸੀ ਕੁਲਦੀਪ ਸਿੰਘ ਨੇਤਾ, ਜਗਜੀਤ ਸਿੰਘ ਪੁੱਤਰ ਨੱਛਤਰ ਸਿੰਘ, ਜਗਸੀਰ ਸਿੰਘ ਪੁੱਤਰ ਹਰਨੇਕ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਰਾਮ ਰੱਖਾ ਸਿੰਘ ਨੇ ਦੱਸਿਆ ਕਿ ਬਾਬੂ ਸਿੰਘ ਪਿੰਡ ਦਾ ਮੌਜੂਦਾ ਸਰਪੰਚ ਹੈ ਨੇ ਪਿਛਲੇ ਕਰੀਬ 12 ਸਾਲ ਤੋਂ ਪਿੰਡ ਦੀ 5 ਕਨਾਲ 6 ਮਰਲੇ ਜ਼ਮੀਨ ਤੇ ਨਜ਼ਾਇਜ ਕਬਜ਼ਾ ਕੀਤਾ ਹੋਇਆ ਸੀ ਅਤੇ ਉਨ੍ਹਾਂ ਇਸ ਸਬੰਧੀ ਇੱਕ ਪਟੀਸ਼ਨ ਮਾਨਯੋਗ ਮਾਲ ਕਮਿਸ਼ਨਰ ਫਿਰੋਜ਼ਪੁਰ ਕੋਲ਼ ਪਾ ਕੇ ਉਕਤ ਜ਼ਮੀਨ ਨੂੰ ਮੁਕਤ ਕਰਵਾਉਣ ਦੀ ਮੰਗ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਇਸ ਪਟੀਸ਼ਨ ਦਾ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਆਇਆ ਅਤੇ ਫੈਸਲੇ ਤੋਂ ਬਾਅਦ ਜਦ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਕਤ ਜ਼ਮੀਨ ਦੀ ਮਿਣਤੀ ਕੀਤੀ ਜਾਣੀ ਸੀ ਤਾਂ ਆਂ ਆਦਮੀ ਪਾਰਟੀ ਦੇ ਆਗੂ ਪ੍ਰਿਤਪਾਲ ਸ਼ਰਮਾ ਨੇ ਅਧਿਕਾਰੀਆਂ ਤੇ ਦਬਾਅ ਬਣਾ ਕੇ ਮਿਣਤੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆ ਦੇ ਏਕੇ ਕਾਰਨ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਮਿਣਤੀ ਮੁਕੰਮਲ ਕੀਤੀ। ਪਿੰਡ ਵਾਸੀਆ ਦੋਸ਼ ਲਗਾਇਆ ਕਿ ਇੱਕ ਪਾਸੇ ਸਰਕਾਰ ਦੇ ਪੰਚਾਇਤ ਮੰਤਰੀ ਪਿੰਡ ਦੀਆਂ ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਗੱਲ ਕਰਦੇ ਹਨ ਪਰ ਦੂਜੇ ਪਾਸੇ ਸਥਾਨਕ ਆਗੂ ਕੰਮ ਵਿੱਚ ਅੜਿੱਕਾ ਡਾਹ ਰਹੇ ਹਨ।
ਪਿੰਡ ਵਾਸੀਆ ਮੰਗ ਕੀਤੀ ਕਿ ਜ਼ਮੀਨ ਦੀ ਮਿਣਤੀ ਪੂਰੀ ਹੋਣ ਉਪਰੰਤ ਹੁਣ ਪੰਚਾਇਤ ਵਿਭਾਗ ਜ਼ਮੀਨ ਦਾ ਕਬਜ਼ਾ ਲਵੇ, ਅਗਰ ਵਿਭਾਗ ਜਲਦੀ ਕਬਜ਼ੇ ਦੀ ਕਾਰਵਾਈ ਨਹੀਂ ਕਰਦਾ ਤਾਂ ਉਹ ਕਬਜ਼ੇ ਲਈ ਮਾਨਯੋਗ ਅਦਾਲਤ ਦਾ ਸਹਾਰਾ ਲੈਣਗੇ। ਜਦੋਂ ਇਸ ਸਬੰਧੀ ਆਪ ਆਗੂ ਪ੍ਰਿਤਪਾਲ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸੇ ਕੰਮ ਵਿੱਚ ਕੋਈ ਅੜਿੱਕਾ ਨਹੀਂ ਪਾਇਆ, ਉਨ੍ਹਾਂ ਅਧਿਕਾਰੀਆਂ ਨੂੰ ਸਿਰਫ ਕਾਨੂੰਨ ਅਨੁਸਾਰ ਕਾਰਵਾਈ ਲਈ ਕਿਹਾ ਹੈ।
ਇਸ ਸਬੰਧੀ ਜਦੋਂ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਨਯੋਗ ਮਾਲ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਉਨ੍ਹਾਂ ਨੂੰ ਹੁਕਮ ਪ੍ਰਾਪਤ ਹੋਏ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਪਿੰਡ ਕੋਟਭਾਈ ਦੀ ਸ਼ਾਮਲਾਟ ਦੀ ਕਰੀਬ 5 ਕਨਾਲ ਰਕਬੇ ਵਿੱਚ ਪਿੰਡ ਦੇ ਸਰਪੰਚ ਬਾਬੂ ਸਿੰਘ ਦਾ ਕਬਜ਼ਾ ਹੈ, ਜਿਸ ਦੀ ਮਿਣਤੀ ਕਰਕੇ ਰਿਪੋਰਟ ਸੌਂਪੀ ਜਾਵੇ, ਜਿਸ ਤੋਂ ਬਾਅਦ ਮਾਲ ਵਿਭਾਗ ਦੀ ਟੀਮ ਵੱਲੋਂ ਮਿਣਤੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਮਿਣਤੀ ਦਾ ਕੰਮ ਮੁਕੰਮਲ ਕਰਕੇ ਇਸ ਦੀ ਰਿਪੋਰਟ ਬਲਾਕ ਪੰਚਾਇਤ ਅਫ਼ਸਰ ਨੂੰ ਭੇਜ ਦਿੱਤੀ ਗਈ ਹੈ, ਅਗਲੀ ਲੋੜੀਂਦੀ ਕਾਰਵਾਈ ਪੰਚਾਇਤ ਵਿਭਾਗ ਵੱਲੋਂ ਕੀਤੀ ਜਾਣੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ