ਭਿਖਾਰੀ ਦੀ ਸਿੱਖਿਆ
ਇੱਕ ਵਿਅਕਤੀ ਭੀਖ਼ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸਦਾ ਬੁੱਢਾ ਸਰੀਰ ਏਨਾ ਕਮਜ਼ੋਰ ਹੋ ਚੁੱਕਾ ਸੀ ਕਿ ਉਸਦੀ ਇੱਕ-ਇੱਕ ਹੱਡੀ ਗਿਣੀ ਜਾ ਸਕਦੀ ਸੀ ਉਸ ਦੀਆਂ ਅੱਖਾਂ ਦੀ ਰੌਸ਼ਨੀ ਲਗਭਗ ਜਾ ਚੁੱਕੀ ਸੀ ਉਸ ਨੂੰ ਕੋਹੜ ਹੋ ਗਿਆ ਸੀ ਇੱਕ ਨੌਜਵਾਨ ਰੋਜ਼ਾਨਾ ਉਸ ਭਿਖਾਰੀ ਨੂੰ ਦੇਖਦਾ ਉਸ ਨੂੰ ਦੇਖ ਕੇ ਨੌਜਵਾਨ ਦੇ ਮਨ ’ਚ ਘਿ੍ਰਣਾ ਅਤੇ ਤਰਸ ਦੀ ਭਾਵਨਾ ਇੱਕੋ ਵਾਰੀ ਉਮੜ ਪੈਂਦੀ ਸੀ ਉਹ ਸੋਚਦਾ, ‘‘ਇਸ ਦੇ ਜੀਵਨ ਦਾ ਕੀ ਫ਼ਾਇਦਾ? ਜੀਵਨ ਨਾਲ ਇਸ ਨੂੰ ਏਨਾ ਪਿਆਰ ਕਿਉ ਹੈ? ਪਰਮਾਤਮਾ ਇਸ ਨੂੰ ਮੁਕਤੀ ਕਿਉ ਨਹੀਂ ਦੇ ਦਿੰਦਾ?’’ ਇੱਕ ਦਿਨ ਜਦ ਉਸ ਤੋਂ ਨਾ ਰਿਹਾ ਗਿਆ ਤਾਂ ਉਹ ਭਿਖਾਰੀ ਕੋਲ ਜਾ ਕੇ ਕਹਿਣ ਲੱਗਾ, ‘‘ਬਾਬਾ ਜੀ ਤੁਹਾਡੀ ਏਨੀ ਬੁਰੀ ਹਾਲਤ ਹੈ, ਫ਼ਿਰ ਵੀ ਤੁਸੀਂ ਜਿਉਣਾ ਚਾਹੁੰਦੇ ਹੋ ਅਤੇ ਭੀਖ਼ ਮੰਗਦੇ ਹੋ ਤੁਸੀਂ ਪਰਮਾਤਮਾ ਅੱਗੇ ਇਹ ਅਰਦਾਸ ਕਿਉ ਨਹੀਂ ਕਰਦੇ ਕਿ ਉਹ ਤੁਹਾਨੂੰ ਇਸ ਨਰਕਮਈ ਜੀਵਨ ਤੋਂ ਮੁਕਤ ਕਰ ਦੇਣ’’
ਇਸ ’ਤੇ ਭਿਖਾਰੀ ਕੁਝ ਦੇਰ ਤੱਕ ਚੁੱਪ ਰਿਹਾ ਫ਼ਿਰ ਬੋਲਿਆ, ‘‘ਬੇਟਾ, ਜੋ ਤੁਸੀਂ ਕਹਿ ਰਹੇ ਹੋ ਉਹੀ ਗੱਲ ਮੇਰੇ ਮਨ ’ਚ ਵੀ ਉੱਠਦੀ ਹੈ ਮੈਂ ਪਰਮਾਤਮਾ ਨੂੰ ਵਾਰ-ਵਾਰ ਇਹੀ ਅਰਦਾਸ ਕਰਦਾ ਹਾਂ ਪਰ ਉਹ ਮੇਰੀ ਸੁਣਦਾ ਹੀ ਨਹੀਂ ਸ਼ਾਇਦ ਉਹ ਚਾਹੁੰਦਾ ਹੈ ਕਿ ਮੈਂ ਇਸੇ ਧਰਤੀ ’ਤੇ ਬਣਿਆ ਰਹਾਂ ਤਾਂ ਕਿ ਦੁਨੀਆ ਵਾਲੇ ਮੈਨੂੰ ਦੇਖਣ ਅਤੇ ਸਮਝਣ ਕਿ ਇੱਕ ਦਿਨ ਮੈਂ ਉਹਨਾਂ ਵਾਂਗ ਸੀ, ਪਰ ਕਦੇ ਉਹ ਦਿਨ ਵੀ ਆ ਸਕਦਾ ਹੈ ਜਦ ਕਿਸੇ ਕਾਰਨ ਉਹ ਵੀ ਮੇਰੇ ਵਾਂਗ ਹੋ ਜਾਣ ਇਸ ਲਈ ਕਿਸੇ ਨੂੰ ਵੀ ਆਪਣੇ ਉੱਪਰ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਇਨਸਾਨ ਦੀ ਜ਼ਿੰਦਗੀ ’ਚ ਸਾਰੇ ਦਿਨ ਹਮੇਸ਼ਾ ਇੱਕੋ-ਜਿਹੇ ਨਹੀਂ ਰਹਿੰਦੇ’’ ਨੌਜਵਾਨ ਭਿਖ਼ਾਰੀ ਦੇ ਸ਼ਬਦਾਂ ’ਚ ਲੁਕੀਆਂ ਗੱਲਾਂ ਦਾ ਮਤਲਬ ਸਮਝ ਗਿਆ ਉਸ ਨੂੰ ਲੱਗਾ ਜਿਵੇਂ ਭਿਖਾਰੀ ਨੇ ਉਸ ਦੀਆਂ ਅੱਖਾਂ ਹੀ ਖੋਲ੍ਹ ਦਿੱਤੀਆਂ ਹੋਣ ਇਸ ਤੋਂ ਬਾਅਦ ਸਾਰੀ ਉਮਰ ਉਸ ਨੇ ਫ਼ਿਰ ਕਿਸੇ ਦੇ ਜੀਵਨ ਨੂੰ ਮਾੜਾ ਸਮਝਣ ਦੀ ਗਲਤੀ ਨਹੀਂ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














