ਗੁਰੂ ਜੀ (The Teacher)
ਤਾੜੀਆਂ ਦੀ ਆਵਾਜ਼ ਨਾਲ ਹਾਲ ਗੂੰਜ ਰਿਹਾ ਸੀ। ਪ੍ਰਿੰਸੀਪਲ ਮੋਹਿਤ ਵਰਮਾ ਆਪਣੀਆਂ ਭਾਵਨਾਵਾਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅੱਖਾਂ ਨਮ ਸਨ। ਭਰੇ ਗਲ਼ੇ ਨਾਲ਼ ਮਾਈਕ ਫੜ ਅੱਗੇ ਆਏ, ”ਅੱਜ ਦੇ ਸਨਮਾਨ ਦੇ ਅਸਲੀ ਹੱਕਦਾਰ ਮੇਰੇ ਗੁਰੂ ਜੀ ਹਨ।” ਭਾਵੁਕਤਾ ਏਨੀ ਜਿਆਦਾ ਸੀ ਕਿ ਸਭ ਸੁੰਨ ਹੋ ਗਏ। ਪ੍ਰਿੰਸੀਪਲ ਸਾਹਿਬ ਨੇ ਅੱਧਾ-ਪੌਣਾ ਘੰਟਾ ਗੱਲਬਾਤ ਕੀਤੀ। ਬਹੁਤ ਸਾਰੇ ਕੈਮਰੇ ਰਿਕਾਡਿੰਗ ਕਰ ਰਹੇ ਸਨ। ਸਰੋਤੇ ਮੰਤਰ ਮੁਗਧ ਹੋ ਕੇ ਸੁਣ ਰਹੇ ਸਨ।
ਸਮਾਗਮ ਖ਼ਤਮ ਸੀ ਓਹ ਆਪਣੀ ਗੱਡੀ ਵਿੱਚ ਬੈਠ ਗਏ ਸਨ। ਰਸਤੇ ਵਿੱਚ ਉਹ ਸਨਮਾਨ ਬਾਰੇ ਸੋਚ ਰਹੇ ਸਨ। ਰਾਸ਼ਟਰੀ ਪੱਧਰ ਦਾ ਸਨਮਾਨ ਮਿਲਿਆ ਸੀ। ਵਰਮਾ ਜੀ ਬਹੁਤ ਭਾਵੁਕ ਸਨ! ਉਹਨਾਂ ਨੂੰ ਰਹਿ-ਰਹਿ ਕੇ ਦਸਵੀਂ ਜਮਾਤ ਦਾ ਸਮਾਂ ਯਾਦ ਆ ਰਿਹਾ ਸੀ। ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਵੱਜਦੀ।
ਦਸਵੀਂ ਆਲ਼ੇ ਬੱਚੇ ਭੱਜ ਕੇ ਜਮਾਤ ਵਿੱਚ ਪਹੁੰਚ ਜਾਂਦੇ। ਕੁੱਝ ਤਾਂ ਪਹਿਲਾਂ ਤੋਂ ਹੀ ਅੰਦਰ ਬੈਠੇ ਹੁੰਦੇ। ਬਿਕਰਮ ਸਰ ਹਿੰਦੀ ਦਾ ਪੀਰੀਅਡ ਲੈਣ ਆਉਂਦੇ। ਲੇਟ ਆਉਣ ਵਾਲੇ ਨੂੰ ਕਦੇ ਸਜ਼ਾ ਵਗੈਰਾ ਨਾ ਦਿੰਦੇ। ਪਰ ਬੱਚੇ ਇੱਕ ਮਿੰਟ ਵੀ ਖਰਾਬ ਨਾ ਹੋਣ ਦਿੰਦੇ।
”ਅੱਜ ਇਹਨੇ ਲਿਖਾਈ ਕਰਨ ਨੂੰ ਕਹਿਣਾ।” ਰਾਹੁਲ ਦਬਵੀਂ ਆਵਾਜ਼ ‘ਚ ਕੁਝ ਨਾ ਕੁਝ ਬੋਲਦਾ ਰਹਿੰਦਾ ਸੀ। ”ਕੱਲ੍ਹ ਲਿਖਾਈ ਕਰਵਾਈ ਸੀ। ਅੱਜ ਕਵਿਤਾ ਗਾਉ… ਦੇਖੀ ਤਾਂ ਸਹੀ ਆ ਆ ਆ…. ਕਰਦਾ।” ਮੋਹਿਤ ਬੋਲਦਾ ਤਾਂ ਨੀਵੀਂ ਆਵਾਜ਼ ਵਿੱਚ ਸੀ, ਪਰ ਜਿਥੋਂ ਤੱਕ ਆਵਾਜ਼ ਗਈ, ਹਾਸਾ ਛਿੜ ਪੈਂਦਾ ਸੀ। ਬਿਕਰਮ ਸਰ ਹੱਸਦਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ।
”ਅੱਜ ਆਪਾਂ ਪੜ੍ਹਨਾ ਨਹੀਂ ਹੈ ਬੱਚਿਓ, ਖੇਡਾਂਗੇ।” ”ਸਰ ਜੀ ਫੇਰ ਚਲੀਏ ਗਰਾਊਂਡ…।” ਮੋਹਿਤ ਹਮੇਸ਼ਾਂ ਵਾਂਗ ਮਜ਼ਾਕ ਵਾਲੇ ਜ਼ੋਨ ਵਿੱਚ ਹੀ ਰਹਿੰਦਾ ਸੀ। ”ਗਰਮੀ ਬਹੁਤ ਹੈ। ਆਪਾਂ ਜਮਾਤ ਵਿੱਚ ਹੀ ਦੋ ਟੀਮਾਂ ਬਣਾ ਕੇ ਖੇਡਾਂਗੇ। ਮੈਂ ਮੁਹਾਵਰਾ ਲਿਖਦਾ, ਤੁਸੀਂ ਉਸਦਾ ਵਾਕ ਬਣਾਓ, ਜਿਸ ਟੀਮ ਦਾ ਵਾਕ ਵਧੀਆ ਹੋਇਆ ਉਸਨੂੰ ਅੰਕ ਮਿਲੂ।”
”ਚਲੋ ਠੀਕ ਆ ਸਰ ਜੀ, ਕਰੋ ਸ਼ੁਰੂ ਫੇਰ।” ਮਨੀਟਰ ਬਖਤੌਰ ਸਿੰਘ ਸਿੱਧਾ ਜਿਹਾ ਹੋ ਕੇ ਬੈਠਦਾ ਹੋਇਆ ਖੁਸ਼ ਹੋਇਆ
”ਰੰਗੇ ਹਾਥ ਪਕੜੇ ਜਾਣਾ। ਚਲੋ ‘ਏ’ ਟੀਮ ਵਾਕ ਬਣਾਓ।”
”ਅਗਰ ਪ੍ਰਿੰਸੀਪਲ ਸਾਹਿਬ ਆ ਜਾਏਂ ਤੋਂ ਹਮ ਜਮਾਤ ਮੇਂ ਖੇਲਤੇ ਹੂਏ ਰੰਗੇ ਹਾਥ ਪਕੜੇ ਜਾਏਂਗੇ।” ਮੋਹਿਤ ਨੇ ਖਿੜਕੀ ਵਿਚੋਂ ਦੇਖ ਲਿਆ ਸੀ ਕਿ ਪ੍ਰਿੰਸੀਪਲ ਸਰ ਰਾਊਂਡ ‘ਤੇ ਹਨ। ਉਹ ਸ਼ਰਾਰਤ ਦਾ ਕੋਈ ਮੌਕਾ ਨ੍ਹੀਂ ਸੀ ਖੁੰਝਣ ਦਿੰਦਾ। ”ਸ਼ਾਬਾਸ਼ ਮੋਹਿਤ!” ਬਿਕਰਮ ਸਰ ਤਾੜੀਆਂ ਮਰਵਾਉਂਦੇ ਤੇ ਆਪਣਾ ਕੰਮ ਜਾਰੀ ਰੱਖਦੇ।
ਪ੍ਰਿੰਸੀਪਲ ਸਰ ਨੂੰ ਕਈ ਵਾਰ ਮਾਪੇ ਸ਼ਿਕਾਇਤ ਕਰ ਜਾਂਦੇ, ਹੋਰ ਤਾਂ ਠੀਕ ਹੈ ਜੀ, ਪਰ ਕਾਕੇ ਨੂੰ ਹਿੰਦੀ ਦਾ ਕੰਮ ਘੱਟ ਮਿਲਦੈ।
ਪ੍ਰਿੰਸੀਪਲ ਸਰ ਬਿਕਰਮ ਸਰ ਨੂੰ ਕਹਿੰਦੇ ਤਾਂ ਕੁੱਝ ਨਾ ਪਰ ਜਮਾਤ ਕੋਲ ਗੇੜਾ ਜ਼ਰੂਰ ਰੱਖਦੇ। ਪ੍ਰਿਸੀਪਲ ਕੀ ਉਹਨਾਂ ਨੂੰ ਕੋਈ ਅਫਸਰ ਕੁਝ ਨ੍ਹੀਂ ਕਹਿੰਦਾ, ਉਹਨਾਂ ਦੀ ਟੌਹਰ ਸੀ ਨਤੀਜੇ ਸਭ ਤੋਂ ਵਧੀਆ ਆਉਣ ਕਰਕੇਬੱਚਿਆਂ ਨੂੰ ਕਦੇ ਲੱਗਦਾ ਹੀ ਨਹੀਂ ਸੀ ਕਿ ਜਮਾਤ ਵਿੱਚ ਪੜ੍ਹਾਈ ਹੋ ਰਹੀ ਹੈ।
ਹਿੰਦੀ ਵੀ ਮਾਤ ਭਾਸ਼ਾ ਹੀ ਲੱਗਦੀ ਓਹ ਬਹੁਤ ਹੀ ਸਾਦੇ ਸੁਭਾਅ ਵਾਲ਼ੇ ਸਨ। ਕਿਸੇ ਨਾਲ ਵਾਧੂ ਕਲੇਸ਼ ਦਾ ਹਿੱਸਾ ਨਾ ਬਣਦੇ ਜਾਂ ਤਾਂ ਪੜ੍ਹਾ ਰਹੇ ਹੁੰਦੇ ਜਾਂ ਆਪ ਕੁੱਝ ਪੜ੍ਹ ਰਹੇ ਹੁੰਦੇ। ਕੁੱਟਣਾ ਤਾਂ ਦੂਰ, ਕਦੇ ਕਿਸੇ ਬੱਚੇ ਨੂੰ ਝਿੜਕਦੇ ਵੀ ਨਾ। ਪਰ ਜਮਾਤ ‘ਚ ਕੋਈ ਸ਼ੋਰ-ਸ਼ਰਾਬਾ ਵੀ ਨਾ ਹੁੰਦਾ।
ਬੱਚੇ ਚਾਅ ਨਾਲ ਹਿੰਦੀ ਦਾ ਪੀਰੀਅਡ ਉਡੀਕਦੇ। ਕਦੇ-ਕਦੇ ਮੋਹਿਤ ਅਤੇ ਰਾਹੁਲ ਵਰਗੇ ਕੋਈ ਤਮਾਸ਼ਾ ਕਰਨ ਦੀ ਕੋਸ਼ਿਸ਼ ਵੀ ਕਰਦੇ ਤਾਂ ਉਹ ਉਹਨਾਂ ਨੂੰ ਵੀ ਸਹਿਜੇ ਹੀ ਪੜ੍ਹਨ ਲਾ ਲੈਂਦੇ। ਉਹਨਾਂ ਦੇ ਵਿਸ਼ੇ ਵਿੱਚ ਹਰੇਕ ਵਿਦਿਆਰਥੀ ਮਾਹਿਰ ਹੁੰਦਾ। ਕੋਈ ਸਾਥੀ ਅਧਿਆਪਕ ਪੁੱਛਦਾ ਤਾਂ ਹੱਸ ਕੇ ਕਹਿ ਦਿੰਦੇ, ਇਹ ਤਾਂ ਫੁੱਲ ਨੇ, ਮੈਂ ਤਾਂ ਇਹਨਾਂ ਤੋਂ ਮਹਿਕ ਲੈਂਦਾ ਹਾਂ, ਪੜ੍ਹਦੇ ਤਾਂ ਇਹ ਆਪ ਹੀ ਨੇ।
ਸ਼ਰਾਰਤਾਂ ਕਰਦੇ ਮੋਹਿਤ ਨੇ ਵੀ ਦਸਵੀਂ ਵਿਚੋਂ ਵਧੀਆ ਅੰਕ ਲੈ ਲਏ। ਹਿੰਦੀ ਨਾਲ ਖ਼ਾਸ ਲਗਾਵ ਹੋ ਗਿਆ ਸੀ। ਅੱਗੋਂ ਇਸੇ ਭਾਸ਼ਾ ਨਾਲ ਹੀ ਡਿਗਰੀਆਂ ਲੈ ਕੇ ਪ੍ਰਿੰਸੀਪਲ ਦੀ ਕੁਰਸੀ ਤੱਕ ਪਹੁੰਚਿਆ।
ਬਿਕਰਮ ਸਰ ਸਦਾ ਹੀ ਉਸਦੇ ਖਿਆਲਾਂ ਵਿੱਚ ਨਾਲ਼-ਨਾਲ਼ ਰਹੇ। ਕਦੇ ਕੋਈ ਔਕੜ ਆਉਂਦੀ ਤਾਂ ਉਹਨਾਂ ਦੀ ਕਹੀ ਕੋਈ ਗੱਲ ਹੱਲ ਦੱਸ ਜਾਂਦੀ। ਖਿਆਲਾਂ ਵਿੱਚ ਗਵਾਚੇ ਹੋਏ ਪਤਾ ਹੀ ਨਾ ਲੱਗਿਆ ਕਿ ਘਰ ਆ ਗਿਆ ਸੀ। ਸੁਰਤੀ ਵੀ ਕਾਰ ਦੇ ਬਰੇਕ ਲੱਗਣ ਨਾਲ ਖੁੱਲ੍ਹੀ
”ਪਾਪਾ ਅੱਜ ਬਹੁਤ ਵੱਡਾ ਸਨਮਾਨ ਮਿਲਿਆ ਤੁਹਾਨੂੰ। ਮੁਬਾਰਕਾਂ!” ਬੇਟੀ ਨਿਰਮਲਾ ਖੁਸ਼ੀ ਨਾਲ਼ ਕੋਲ ਆਈ।
”ਮੈਨੂੰ ਨਹੀਂ ਮਿਲਿਆ ਪੁੱਤਰ, ਇਹ ਬਿਕਰਮ ਸਰ ਨੂੰ ਮਿਲਿਆ।” ਮੋਹਿਤ ਵਰਮਾ ਨੇ ਇਨਾਮ ਦਾ ਸਾਮਾਨ ਮੇਜ਼ ‘ਤੇ ਅਤੇ ਹੱਥ ਨਿਰਮਲਾ ਦੇ ਸਿਰ ਉੱਤੇ ਰੱਖਿਆ
ਮਨਦੀਪ ਕੌਰ,
ਅਧਿਆਪਕਾ, ਸ ਸ ਸ ਸ ਟਾਹਲੀ ਸਾਹਿਬ,
ਲੁਧਿਆਣਾ, ਮੋ. 95010-26500
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।