ਨਵੀਂ ਦਿੱਲੀ (ਸੱਚ ਕਹੂੰ ਨਿਊਜ) ਸੁਪਰੀਮ ਕੋਰਟ (Supreme Court) ਨੇ ਸ਼ੁੱਕਰਵਾਰ ਨੂੰ ਮਥੁਰਾ ਦੇ ਸ੍ਰੀ ਕਿ੍ਰਸ਼ਨ ਜਨਮ ਭੂਮੀ ਮੰਦਰ ਦੇ ਨਾਲ ਲੱਗਦੀ ਈਦਗਾਹ ਮਸਜਿਦ ਕੰਪਲੈਕਸ ਦਾ ਸਰਵੇਖਣ ਕਰਨ ਦੇ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਸੰਜੀਵ ਖੰਨਾ ਤੇ ਐਸਵੀਐਨ ਭੱਟੀ ਦੇ ਬੈਂਚ ਨੇ ਸਬੰਧਤ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਲਾਹਾਬਾਦ ਹਾਈ ਕੋਰਟ ਦੇ 14 ਦਸੰਬਰ ਦੇ ਹੁਕਮਾਂ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਬੈਂਚ ਅੱਗੇ ਮਸਜ਼ਿਦ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹੁਜੇਫਾ ਅਹਿਮਦੀ ਨੇ ਹਾਈ ਕੋਰਟ ਦੇ ਹੁਕਮਾਂ ਵਿੱਚ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਕੇਸ ਦੀ ਸੁਣਵਾਈ ਦੀ ਲੋੜ ਹੈ। ਸਾਨੂੰ ਇਸ ਮਾਮਲੇ ਵਿੱਚ ਲਿਖਤੀ ਦਲੀਲਾਂ ਦਾਇਰ ਕਰਨ ਲਈ ਵੀ ਕਿਹਾ ਗਿਆ ਸੀ।
ਉਨ੍ਹਾਂ ਕਿਹਾ, ‘ਪਰ ਹੁਣ ਹਾਈ ਕੋਰਟ ਕੁਝ ਅਰਜੀਆਂ ’ਤੇ ਵਿਚਾਰ ਕਰ ਰਹੀ ਹੈ, ਜਿਸ ਦੇ ਦੂਰਗਾਮੀ ਨਤੀਜੇ ਹੋਣਗੇ। ਇਸ ‘ਤੇ ਬੈਂਚ ਨੇ ਕਿਹਾ, ‘ਅਸੀਂ ਇਸ ਪੜਾਅ ’ਤੇ ਕੁਝ ਨਹੀਂ ਰੋਕਾਂਗੇ। ਜੇਕਰ ਕੋਈ ਉਲਟ ਆਰਡਰ ਹੈ ਤਾਂ ਤੁਸੀਂ ਇੱਥੇ ਆ ਸਕਦੇ ਹੋ। ਅਹਿਮਦੀ ਨੇ ਕਿਹਾ ਕਿ ਵੀਰਵਾਰ ਨੂੰ ਇੱਕ ਆਦੇਸ਼ ਪਾਸ ਕੀਤਾ ਗਿਆ ਸੀ, ਜਿਸ ਵਿੱਚ ਕਮਿਸ਼ਨਰ ਨੂੰ ਸ਼ਾਹੀ ਈਦਗਾਹ ਮਸਜਿਦ ਦਾ ਮੁਆਇਨਾ ਕਰਨ ਅਤੇ ਇਸ ਲਈ ਇੱਕ ਕਮਿਸ਼ਨ ਨਿਯੁਕਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, ‘ਇਹ ਉਦੋਂ ਹੋ ਰਿਹਾ ਹੈ ਜਦੋਂ ਸੁਪਰੀਮ ਕੋਰਟ ਇਸ ਮਾਮਲੇ ’ਚ ਅਧਿਕਾਰ ਖੇਤਰ ਦਾ ਫੈਸਲਾ ਕਰ ਰਹੀ ਹੈ। ਬੈਂਚ ਨੇ ਅਹਿਮਦੀ ਨੂੰ ਹਾਈ ਕੋਰਟ ਨੂੰ ਦੱਸਣ ਲਈ ਕਿਹਾ ਕਿ ਉਹ (ਸੁਪਰੀਮ ਕੋਰਟ) 9 ਜਨਵਰੀ ਨੂੰ ਇਸ ਮਾਮਲੇ ਦੀ ਸੁਣਵਾਈ ਕਰਨ ਜਾ ਰਹੀ ਹੈ। (Supreme Court)
Mukh Mantri Tirth Yatra ਤਹਿਤ ਨਾਭਾ ਤੋਂ ਸ਼੍ਰੀ ਸਾਲਾਸਰ ਧਾਮ ਲਈ ਬੱਸ ਰਵਾਨਾ
ਇਸ ’ਤੇ ਅਹਿਮਦੀ ਨੇ ਦਲੀਲ ਦਿੱਤੀ ਕਿ ਹਾਈ ਕੋਰਟ ਸੁਣਵਾਈ ਨਹੀਂ ਕਰ ਰਿਹਾ ਹੈ। ਹਾਲਾਂਕਿ, ਸਿਖਰਲੀ ਅਦਾਲਤ ਨੇ ਕਿਹਾ ਕਿ ਉਸ ਦੇ ਸਾਹਮਣੇ ਸਿਰਫ ਅਧਿਕਾਰ ਖੇਤਰ ਟ੍ਰਾਂਸਫਰ ਦਾ ਮਾਮਲਾ ਹੈ। ਇਸ ਤਰ੍ਹਾਂ ਕੇਸ ਹੁਣ ਮੈਰਿਟ ‘ਤੇ ਉਸ ਦੇ ਸਾਹਮਣੇ ਨਹੀਂ ਹੈ। ਬੈਂਚ ਨੇ ਕਿਹਾ, ‘ਜੇਕਰ ਪਟੀਸ਼ਨਰ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਕਾਨੂੰਨ ਮੁਤਾਬਕ ਚੁਣੌਤੀ ਦਾਇਰ ਕਰ ਸਕਦਾ ਹੈ। ਇਲਾਹਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਐਡਵੋਕੇਟ ਕਮਿਸਨਰਾਂ ਦੀ ਤਿੰਨ ਮੈਂਬਰੀ ਟੀਮ ਦੁਆਰਾ ਸਾਹੀ ਈਦਗਾਹ ਕੰਪਲੈਕਸ ਦੇ ਮੁਢਲੇ ਸਰਵੇਖਣ ਦੀ ਅਦਾਲਤ ਦੀ ਨਿਗਰਾਨੀ ਕਰਨ ਦੀ ਇਜਾਜਤ ਦਿੱਤੀ। ਸਰਵੇਖਣ ਦੇ ਤਰੀਕੇ ਨੂੰ ਲੈ ਕੇ ਅਦਾਲਤ 18 ਦਸੰਬਰ ਨੂੰ ਮੁੜ ਸੁਣਵਾਈ ਕਰੇਗੀ। ਹਾਈ ਕੋਰਟ ਦੇ ਜਸਟਿਸ ਮਯੰਕ ਕੁਮਾਰ ਜੈਨ ਦੀ ਬੈਂਚ ਨੇ ਕਿਹਾ ਸੀ ਕਿ ਉਹ ਸੋਮਵਾਰ ਨੂੰ ਕਮਿਸਨਰ ਦੀ ਨਿਯੁਕਤੀ ਅਤੇ ਸਰਵੇਖਣ ਦੀ ਰੂਪ ਰੇਖਾ ਬਾਰੇ ਫੈਸਲਾ ਕਰੇਗੀ।
ਹਾਈ ਕੋਰਟ ਨੇ ਇਹ ਹੁਕਮ ਹਰੀ ਸ਼ੰਕਰ ਜੈਨ ਤੇ ਹੋਰਾਂ ਰਾਹੀਂ ਦੇਵਤਾ (ਭਗਵਾਨ ਸ੍ਰੀ ਕਿ੍ਰਸਨ ਵਿਰਾਜਮਾਨ) ਦੀ ਤਰਫੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਦਿੱਤਾ ਸੀ। ਪਟੀਸ਼ਨਕਰਤਾਵਾਂ ਦੀ ਦਲੀਲ ਸੀ ਕਿ ਮਸਜਿਦ ਮੁਗਲ ਸਮਰਾਟ ਔਰੰਗਜੇਬ ਨੇ ਭਗਵਾਨ ਕਿ੍ਰਸ਼ਨ ਦੇ ਜਨਮ ਸਥਾਨ ਦੇ ਇੱਕ ਹਿੱਸੇ ਨੂੰ ਢਾਹ ਕੇ ਬਣਾਈ ਸੀ। ਪਟੀਸ਼ਨਕਰਤਾ ਪੂਰੀ 13.37 ਏਕੜ ਜਮੀਨ ਦੀ ਮਲਕੀਅਤ ਦਾ ਦਾਅਵਾ ਕਰਦੇ ਹਨ, ਜਿਸ ’ਤੇ ਇਸ ਸਮੇਂ ਮਸਜਿਦ ਦੇ ਢਾਂਚੇ ਸਥਿੱਤ ਹਨ। ਉਨ੍ਹਾਂ ਨੇ ਸ਼ਾਹੀ ਈਦਗਾਹ ਮਸਜਿਦ ਕਮੇਟੀ ਅਤੇ ਸ੍ਰੀ ਕਿ੍ਰਸ਼ਨ ਜਨਮ ਭੂਮੀ ਟਰੱਸਟ ਵਿਚਕਾਰ 1968 ਦੇ ਸਮਝੌਤੇ ਨੂੰ ਵੀ ਚੁਣੌਤੀ ਦਿੱਤੀ ਹੈ, ਜਿਸ ਨੇ ਮਸਜਿਦ ਨੂੰ ਉਸ ਜਮੀਨ ਦੀ ਵਰਤੋਂ ਕਰਨ ਦੀ ਇਜਾਜਤ ਦਿੱਤੀ ਸੀ, ਜਿਸ ’ਤੇ ਇਹ ਸਥਿਤ ਸੀ।