ਸਕੂਲ ਪ੍ਰਸ਼ਾਸਨ ਤੇ ਮਾਪਿਆਂ ਵਿਚਾਲੇ ਹੋਇਆ ਸਮਝੌਤਾ (Ludhiana News)
(ਰਘਬੀਰ ਸਿੰਘ) ਲੁਧਿਆਣਾ। ਗਿਆਸਪੁਰਾ ਵਿੱਚ ਸਥਿਤ ਸਟਾਰ ਰੋਡ ’ਤੇ ਇੱਕ ਨਿੱਜੀ ਸਕੂਲ ਦੀ ਵਿਦਿਆਰਥਣ ਨੇ ਕੁਝ ਦਿਨ ਪਹਿਲਾਂ ਸਕੂਲ ਦੀ ਛੱਤ ਤੋਂ ਛਾਲ ਮਾਰ ਦਿੱਤੀ ਸੀ। ਇਸ ਮਾਮਲੇ ਵਿੱਚ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵਿੱਚ ਸਮਝੌਤਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਸਟਾਰ ਰੋਡ ’ਤੇ ਸਥਿਤ ਇੱਕ ਨਿੱਜੀ ਸਕੂਲ ਦੀ ਇੱਕ ਵਿਦਿਆਰਥਣ ਵੱਲੋਂ ਕੁੱਝ ਦਿਨ ਪਹਿਲਾਂ ਸਕੂਲ ਦੀ ਛੱਤ ਤੋਂ ਛਾਲ ਮਾਰ ਦਿੱਤੀ ਗਈ, ਜਿਸ ਕਾਰਨ ਉਸ ਵਿਦਿਆਰਥਣ ਦੀ ਰੀੜ ਦੀ ਹੱਡੀ ਅਤੇ ਬਾਂਹ ’ਤੇ ਸੱਟ ਵੱਜੀ।
ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵਿੱਚ ਵਿਦਿਆਰਥਣ ਦੀ ਬਾਂਹ ’ਤੇ ਚੋਰ ਲਿਖ ਕੇ ਘੁਮਾਇਆ ਗਿਆ ਸੀ ਜਿਸ ਕਾਰਨ ਵਿਦਿਆਰਥਣ ਮਾਨਸਿਕ ਦਬਾਅ ਵਿੱਚ ਆ ਗਈ। ਇਸ ਮਾਮਲੇ ਵਿੱਚ ਸਕੂਲ ਦੇ ਪ੍ਰਸ਼ਾਸਨ ਦੀ ਅਣਗਹਿਲੀ ਸਾਹਮਣੇ ਆਈ ਹੈ ਅਤੇ ਇਸ ਤੋਂ ਬਾਅਦ ਵਿਦਿਆਰਥਣ ਨੇ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਸਕੂਲ ਦੀ ਛੱਤ ਤੋਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੈ। (Ludhiana News)
ਇਹ ਵੀ ਪੜ੍ਹੋ : 72 ਪ੍ਰਿੰਸੀਪਲ ਸਿੰਗਾਪੁਰ ਲਈ ਰਵਾਨਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰੀ ਝੰਡੀ ਦੇ ਕੇ ਬੱਸ ਨੂੰ ਕੀਤਾ ਰਵਾਨਾ
ਜਾਣਕਾਰੀ ਮੁਤਾਬਿਕ ਸਕੂਲ ਦੀ ਬਦਨਾਮੀ ਦੇ ਡਰੋਂ ਪੀੜਤ ਪਰਿਵਾਰ ਨੂੰ 1.5 ਲੱਖ ਰੁਪਏ ਦੇ ਦਿੱਤੇ ਤਾਂ ਕਿ ਉਹ ਪੁਲਿਸ ਨੂੰ ਨਾ ਦੱਸਣ ਅਤੇ ਮਾਮਲਾ ਸ਼ਾਂਤ ਹੋ ਜਾਵੇ ਪਰ ਇਸ ਬਾਰੇ ਕੁਝ ਸਮਾਜ ਸੇਵੀ ਸੰਸਥਾਵਾਂ ਨੂੰ ਪਤਾ ਲੱਗ ਗਿਆ ਅਤੇ ਉਹ ਸਕੂਲ ਪੁੱਜ ਗਏ । ਜਿਨ੍ਹਾਂ ਵੱਲੋਂ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ ਉਨ੍ਹਾਂ ਨੂੰ ਸਕੂਲ ਅੰਦਰ ਨਹੀਂ ਜਾਣ ਦਿੱਤਾ ਗਿਆ ਮੌਕੇ ’ਤੇ ਪੁੱਜੀ ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਦੌਰਾਨ ਸਕੂਲ ਦੇ ਗੇਟ ਅੱਗੇ ਸਮਾਜ ਸੇਵੀਆਂ ਨੇ ਧਰਨਾ ਲਾ ਦਿੱਤਾ ਅਤੇ ਪੁਲਿਸ ਮੁਲਾਜ਼ਮ ਨਾਲ ਵੀ ਬਹਿਸ ਹੋਈ। ਇਸ ਤੋਂ ਬਾਅਦ ਸਮਾਜ ਸੇਵੀ ਬੱਚੀ ਦਾ ਹਾਲ ਜਾਣਨ ਲਈ ਹਸਪਤਾਲ ਵੀ ਪੁੱਜੇ। (Ludhiana News)
ਹਾਲਾਂਕਿ ਸਕੂਲ ਪ੍ਰਸ਼ਾਸਨ ਅਤੇ ਵਿਦਿਆਰਥਣ ਦੇ ਪਰਿਵਾਰ ਵਿੱਚ ਰਾਜ਼ੀਨਾਮਾ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਲੁਧਿਆਣਾ ਵਿੱਚ ਹੀ ਬੀਤੇ ਦਿਨੀਂ ਬਾਲ ਵਿਕਾਸ ਪਬਲਿਕ ਸਕੂਲ ਤੋਂ ਵੀ ਇੱਕ ਵੀਡਿਓ ਵਾਇਰਲ ਹੋਇਆ ਸੀ, ਜਿਸ ਵਿੱਚ ਐੱਲਕੇਜੀ ਦੇ ਇੱਕ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਸਬੰਧਿਤ ਅਧਿਆਪਕ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਇਹ ਵੀਡੀਓ ਸਾਹਮਣੇ ਆਈ ਹੈ। ਜਿਸ ਸਬੰਧੀ ਸਕੂਲ ਦੇ ਪ੍ਰਬੰਧਕਾਂ ਖਿਲਾਫ ਮੁੜ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।