ਹੜਤਾਲ ਕਾਰਨ ਪੀਆਰਟੀਸੀ ਨੂੰ ਦੋ ਦਿਨਾਂ ’ਚ ਪਿਆ ਡੇਢ ਕਰੋੜ ਤੋਂ ਵੱਧ ਦਾ ਘਾਟਾ

PRTC Strike Sachkahoon

 ਔਰਤਾਂ ਉਡੀਕ ਰਹੀਆਂ ਨੇ ਮੁਫ਼ਤ ਵਾਲੀਆਂ ਬੱਸਾਂ, ਪ੍ਰਾਈਵੇਟ ਵਾਲਿਆਂ ਦੀ ਚਾਂਦੀ

ਬਿਨਾਂ ਪਰਮਟਾਂ ਵਾਲੀਆਂ ਬੱਸਾਂ ਵੀ ਹੜਤਾਲ ਦਾ ਚੁੱਕਣ ਲੱਗੀਆਂ ਫਾਇਦਾ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੜਤਾਲ ਕਾਰਨ ਪੀਆਰਟੀਸੀ ਨੂੰ ਵੱਡਾ ਆਰਥਿਕ ਘਾਟਾ ਸਹਿਣਾ ਪੈ ਰਿਹਾ ਹੈ। ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਵੀ ਆਪਣੀ ਮੰਜਿਲ ’ਤੇ ਪੁੱਜਣ ਲਈ ਭਾਰੀ ਪ੍ਰੇਸ਼ਾਨੀਆਂ ਸਹਿਣੀਆਂ ਪੈ ਰਹੀਆਂ ਹਨ। ਹੜਤਾਲ ’ਤੇ ਚੱਲ ਰਹੇ ਠੇਕਾ ਕਾਮਿਆਂ ਦਾ ਦਾਅਵਾ ਹੈ ਕਿ ਪੀਆਰਟੀਸੀ ਅੰਦਰ 95 ਫੀਸਦੀ ਜਦਕਿ ਪੰਜਾਬ ਰੋਡੇਵਜ਼ ਅਤੇ ਪਨਬੱਸ ਵਿੱਚ 98 ਫੀਸਦੀ ਬੱਸਾਂ ਠੱਪ ਹਨ ਅਤੇ ਟਾਵੀਆਂ ਟੱਲੀਆਂ ਹੀ ਬੱਸਾਂ ਚੱਲ ਰਹੀਆਂ ਹਨ। ਜਦਕਿ ਪੀਆਰਟੀਸੀ ਦਾ ਦਾਅਵਾ ਹੈ ਕਿ 25 ਫੀਸਦੀ ਬੱਸਾਂ ਸੜਕਾਂ ’ਤੇ ਹਨ।

ਜਾਣਕਾਰੀ ਅਨੁਸਾਰ ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਕੱਚੇ ਕਾਮਿਆਂ ਵੱਲੋਂ ਦੂਜੇ ਦਿਨ ਵੀ 27 ਡਿਪੂਆਂ ਅੰਦਰ ਹੜਤਾਲ ਜਾਰੀ ਰਹੀ। ਪੀਆਰਟੀਸੀ ਅੰਦਰ ਮੌਜੂਦਾ ਸਮੇਂ 1100 ਤੋਂ ਜਿਆਦਾ ਬੱਸਾਂ ਹਨ, ਜਿਨ੍ਹਾਂ ਵਿੱਚੋਂ ਮਸਾਂ 250 ਦੇ ਕਰੀਬ ਹੀ ਬੱਸਾਂ ਸੜਕਾਂ ’ਤੇ ਦੌੜ ਰਹੀਆਂ ਹਨ। ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ ਅਤੇ ਉਹ ਪੀਆਰਟੀਸੀ ਦੀਆਂ ਬੱਸਾਂ ਨੂੰ ਉਡੀਕਦੀਆਂ ਦਿਖਾਈ ਦੇ ਰਹੀਆਂ ਹਨ। ਪੀਆਰਟੀਸੀ ਨੂੰ ਦੋ ਦਿਨਾਂ ਵਿੱਚ ਹੀ 1 ਕਰੋੜ 60 ਲੱਖ ਦੇ ਕਰੀਬ ਆਰਥਿਕ ਘਾਟਾ ਪੁੱਜਾ ਹੈ।

ਇੱਧਰ ਜੇਕਰ ਰੋਡਵੇਜ਼ ਅਤੇ ਪਨਬੱਸ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਿਆਦਾਤਰ ਠੇਕੇ ’ਤੇ ਰੱਖੇ ਮੁਲਾਜ਼ਮ ਹੀ ਸ਼ਾਮਲ ਹਨ ਅਤੇ ਇਨ੍ਹਾਂ ਡਿਪੂਆਂ ਦੀ ਤਾਂ ਕੋਈ ਕੋਈ ਬੱਸ ਹੀ ਚੱਲ ਰਹੀ ਹੈ। ਪੰਜਾਬ ਰੋਡਵੇਜ ਅਤੇ ਪਨਬੱਸ ਨੂੰ ਤਾਂ ਇਹ ਘਾਟਾ ਇਸ ਤੋਂ ਵੀ ਜਿਆਦਾ ਸਹਿਣਾ ਪਿਆ ਹੈ। ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਪ੍ਰਾਈਵੇਟ ਲਾਰੀਆਂ ਵਾਲੇ ਹੱਥ ਰੰਗ ਰਹੇ ਹਨ। ਪਤਾ ਲੱਗਾ ਹੈ ਕਿ ਕਈ ਅਜਿਹੀਆਂ ਬੱਸਾਂ ਵੀ ਚੱਲ ਪਈਆਂ ਹਨ, ਜਿਨ੍ਹਾਂ ਕੋਲ ਕੋਈ ਪਰਮਟ ਨਹੀਂ। ਹੜਤਾਲ ’ਤੇ ਬੈਠੇ ਮੁਲਾਜ਼ਮਾਂ ਵੱਲੋਂ ਕਈ ਅਜਿਹੀਆਂ ਬੱਸਾਂ ਨੂੰ ਕਾਬੂ ਵੀ ਕੀਤਾ ਗਿਆ ਹੈ।

ਇੱਧਰ ਪੀਆਰਟੀਸੀ, ਰੋਡਵੇਜ ਅਤੇ ਪਨਬੱਸ ਕੰਟਰੈਕਟਰ ਯੂਨੀਅਨ ਦੇ ਸੂਬਾ ਆਗੂ ਹਰਕੇਸ ਵਿੱਕੀ ਦਾ ਕਹਿਣਾ ਹੈ ਕਿ ਰੋਡਵੇਜ ਅਤੇ ਪਨਬੱਸ ਅੰਦਰ ਦਾ ਲਗਭਗ 98 ਫੀਸਦੀ ਸਟਾਫ ਹੜਤਾਲ ’ਤੇ ਹੈ, ਕਿਉਂਕਿ ਉਥੇ ਕੱਚੇ ਕਾਮਿਆਂ ਵੱਲੋਂ ਕੰਮ ਚਲਾਇਆ ਜਾ ਰਿਹਾ ਹੈ, ਜੋ ਕਿ ਕਈ-ਕਈ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਚਾਰ ਅਜਿਹੀਆਂ ਬੱਸਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦਾ ਕੋਈ ਪਰਮਟ ਹੀ ਨਹੀਂ। ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਸੇ ਤਰ੍ਹਾਂ ਹੜ੍ਹਤਾਲ ’ਤੇ ਰਹਿਣਗੇ।

ਮੁੱਖ ਮੰਤਰੀ ਦੇ ਸ਼ਿਸਵਾ ਫਾਰਮ ਦਾ ਘਿਰਾਓ ਮੁਲਤਵੀ

ਇੱਧਰ ਯੂਨੀਅਨ ਦੇ ਆਗੂ ਹਰਕੇਸ ਵਿੱਕੀ, ਹਰਮਨ ਸਿੰਘ ਆਦਿ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਆ ਗਿਆ ਹੈ ਅਤੇ 8 ਸਤੰਬਰ ਨੂੰ ਮੁੱਖ ਮੰਤਰੀ ਦਫ਼ਤਰ ’ਚ ਮੀਟਿੰਗ ਲਈ ਪੁੱਜਿਆ ਜਾਵੇਗਾ। ਉਨ੍ਹਾਂ ਕਿ ਪਹਿਲਾਂ ਮੁੱਖ ਮੰਤਰੀ ਦੇ ਸ਼ਿਸਵਾ ਫਾਰਮ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ, ਜਿਸ ਨੂੰ ਮੁਲਵਤੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨਾਲ ਗੱਲਬਾਤ ਵੀ ਜਾਰੀ ਰਹੇਗੀ ਅਤੇ ਨਾਲ ਹੀ ਹੜਤਾਲ ਵੀ ਇਸੇ ਤਰ੍ਹਾਂ ਚੱਲੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਗਿਆ ਤਾਂ ਇਸ ਤੋਂ ਬਾਅਦ ਹੀ ਉਹ ਆਪਣੀ ਹੜਤਾਲ ਵਾਪਸ ਲੈਣਗੇ।

ਹੜਤਾਲ ਕਾਰਨ ਰੋਜ਼ਾਨਾ ਕੈਸ ਰਿਸੀਟ ਘਟੀ

ਪੀਆਰਟੀਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ 98 ਲੱਖ ਦੇ ਕਰੀਬ ਰੋਜ਼ਾਨਾ ਕੈਸ ਰਿਸੀਟ ਆ ਰਿਹਾ ਸੀ, ਪਰ 6 ਸਤੰਬਰ ਨੂੰ ਹੜਤਾਲ ਕਾਰਨ 52-55 ਲੱਖ ਹੀ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਔਰਤਾਂ ਦੇ ਮੁਫ਼ਤ ਸਫ਼ਰ ਵਾਲੀਆਂ ਸਵਾਰੀਆਂ ਦੀ ਗੱਲ ਕੀਤੀ ਜਾਵੇ ਤ: ਇਸ ਨਾਲ ਕੁੱਲ ਘਾਟਾ 80 ਲੱਖ ਦੇ ਕਰੀਬ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 25 ਫੀਸਦੀ ਦੇ ਕਰੀਬ ਬੱਸਾਂ ਚੱਲ ਰਹੀਆਂ ਹਨ ਅਤੇ 2500 ਦੇ ਕਰੀਬ ਮੁਲਾਜ਼ਮ ਹੜਤਾਲ ’ਤੇ ਹਨ। ਉਨ੍ਹਾਂ ਮੰਨਿਆ ਕਿ ਹੜਤਾਲ ਕਾਰਨ ਵੱਡਾ ਨੁਕਸਾਨ ਪੁੱਜ ਰਿਹਾ ਹੈ। ਇਸ ਸਬੰਧੀ ਜਦੋਂ ਪੀਆਰਟੀਸੀ ਦੇ ਐਮ.ਡੀ. ਡਾ. ਭੁਪਿੰਦਰਪਾਲ ਸਿੰਘ ਨਾਲ ਉਨ੍ਹਾਂ ਦੇ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਮੀਟਿੰਗ ਦੀ ਗੱਲ ਕਹਿ ਕੇ ਕੁਝ ਵੀ ਦੱਸਣ ਤੋਂ ਪਾਸਾ ਵੱਟ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ