Punjabi Stories
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸਕੂਲਾਂ ਵਿੱਚ ਜੂਨ ਮਹੀਨੇ ਦੀਆਂ ਮਤਲਬ ਗਰਮੀ ਰੁੱਤ ਦੀਆਂ ਛੁੱਟੀਆਂ ਕਰਨ ਦਾ ਐਲਾਨ ਹੋ ਗਿਆ ਸੀ। ਅੱਜ ਛੁੱਟੀਆਂ ਮਿਲਣ ਦਾ ਆਖ਼ਰੀ ਦਿਨ ਸੀ। ਸਕੂਲ ਦੀ ਸਵੇਰ ਦੀ ਸਭਾ ਉਪਰੰਤ ਅਧਿਆਪਕਾਂ ਵੱਲੋਂ ਸਮੂਹ ਬੱਚਿਆਂ ਨੂੰ ਸਕੂਲ ਦੇ ਬਰਾਂਡੇ ਵਿੱਚ ਇਕੱਠੇ ਕਰਕੇ ਛੁੱਟੀਆਂ ਸਬੰਧੀ ਪੜ੍ਹਾਈ-ਲਿਖਾਈ ਤੋਂ ਇਲਾਵਾ ਘਰਾਂ ਵਿੱਚ ਰਹਿਣ ਲਈ ਵੱਖੋ-ਵੱਖਰੇ ਸੁਝਾਅ ਦਿੱਤੇ ਜਾ ਰਹੇ ਸਨ।
ਇਹ ਵੀ ਪੜ੍ਹੋ : ਜਿੱਥੋਂ ਲੰਘ ਰਿਹੈ ਬਿਪਰਜੋਏ ਛੱਡ ਰਿਹੈ ਤਬਾਹੀ ਦੇ ਨਿਸ਼ਾਨ, ਰਾਜਸਥਾਨ ਵੱਲ ਵਧਿਆ
ਇਸ ਉਪਰੰਤ ਬੱਚੇ ਅਤੇ ਅਧਿਆਪਕ ਜਿਉਂ ਹੀ ਆਪੋ-ਆਪਣੇ ਕਮਰਿਆਂ ਵਿੱਚ ਗਏ ਤਾਂ ਸਾਰੇ ਅਧਿਆਪਕ ਇਸ ਗੱਲੋਂ ਹੈਰਾਨ-ਪ੍ਰੇਸ਼ਾਨ ਸਨ ਕਿ ਸਾਰੀਆਂ ਜਮਾਤਾਂ ਦੇ ਇੰਚਾਰਜਾਂ ਦੇ ਟੇਬਲਾਂ ਉੱਪਰ ਪਾਣੀ ਦੇ ਤੁਪਕੇ ਪਏ ਹੋਏ ਦਿਖਾਈ ਦੇ ਰਹੇ ਸਨ। ਜਿਨ੍ਹਾਂ ਨੂੰ ਦੇਖਣ ਸਾਰ ਸਭ ਤੋਂ ਪਹਿਲਾਂ ਸਵੀਟੀ ਮੈਡਮ ਭੱਜੀ-ਭੱਜੀ ਮੁੱਖ ਅਧਿਆਪਕ ਦੇ ਕਮਰੇ ਵਿੱਚ ਗਈ ਅਤੇ ਇਸ ਸਬੰਧੀ ਉਨ੍ਹਾਂ ਜਿਉਂ ਹੀ ਮੁੱਖ ਅਧਿਆਪਕ ਸਾਹਿਬਾਨ ਨੂੰ ਦੱਸਿਆ। ਤਾਂ ਉਹ ਅਜੇ ਸਵੀਟੀ ਮੈਡਮ ਦੀ ਗੱਲ ਸੁਣ ਹੀ ਰਹੇ ਸਨ ਕਿ ਏਨੇ ਨੂੰ ਦੂਸਰੀ ਜਮਾਤ, ਤੀਸਰੀ ਜਮਾਤ ਮਤਲਬ ਸਾਰੀਆਂ ਹੀ ਜਮਾਤਾਂ ਦੇ ਇੰਚਾਰਜ ਪਹੁੰਚ ਗਏ ਸਨ।
ਜਿਨ੍ਹਾਂ ਨੇ ਸਾਰੇ ਕਮਰਿਆਂ (sparrows spoke) ਅੰਦਰ ਹੀ ਅਜਿਹੀ ਅਜ਼ੀਬੋ-ਗਰੀਬ ਟੇਬਲਾਂ ’ਤੇ ਪਾਣੀ ਦੇ ਪਏ ਹੋਏ ਤੁਪਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਪਰ ਜਦੋਂ ਮੁੱਖ ਅਧਿਆਪਕ ਸਾਹਿਬਾਨ ਨੇ ਵੀ ਆਪਣੇ ਟੇਬਲ ਉੱਪਰ ਝਾਤ ਮਾਰ ਕੇ ਦੇਖਿਆ ਤਾਂ ਉੱਥੇ ਵੀ ਇਹੀ ਕੁਝ ਵਾਪਰਿਆ ਹੋਇਆ ਸੀ। ਸਾਰੇ ਅਧਿਆਪਕ ਇਸ ਗੱਲੋਂ ਹੈਰਾਨ ਸਨ ਕਿ ਅੱਜ ਨਾ ਕੋਈ ਮੀਂਹ-ਕਣੀ ਦਾ ਦਿਨ ਹੈ ਤੇ ਨਾ ਹੀ ਕਿਸੇ ਬੱਚਿਆਂ ਵੱਲੋਂ ਕੋਈ ਅਜਿਹੀ ਸ਼ਰਾਰਤਬਾਜ਼ੀ ਕੀਤੀ ਗਈ ਹੈ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਬੱਚਿਆਂ ਵਿੱਚ ਵੀ ਸਨਸਨੀ ਫੈਲਦੀ ਜਾ ਰਹੀ ਸੀ। ਹੋਰਨਾਂ ਵਿਚਾਰਾਂ ਤੋਂ ਇਲਾਵਾ ਇੱਕ-ਦੋ ਅਧਿਆਪਕ ਨਾ ਚਾਹੁੰਦੇ ਹੋਏ ਵੀ ਇਸ ਘਟਨਾ ਨੂੰ ਕਿਸੇ ਅੰਧਵਿਸ਼ਵਾਸ ਨਾਲ ਜੋੜਨ ਦੀ ਕੋਸ਼ਿਸ਼ ਕਰਨ ਬਾਰੇ ਸੋਚਣ ਲੱਗੇ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਰੰਜਨ ਦੇ ਘਰ ਨੂੰ ਅਣਪਛਾਤੇ ਲੋਕਾਂ ਨੇ ਲਾਈ ਅੱਗ
ਇਸ ਅਚੰਭੇ ਨੂੰ ਲੈ ਕੇ ਸਾਰੇ ਬੱਚੇ ਵੀ ਅਧਿਆਪਕਾਂ ਕੋਲ ਹੀ ਖੜ੍ਹੇ ਹੋਏ ਸਨ। ਤਾਂ ਏਨੇ ਚਿਰ ਨੂੰ ਨਿੱਡਰਤਾ ਅਤੇ ਹੌਂਸਲੇ ਨੂੰ ਮੱਦੇਨਜ਼ਰ ਰੱਖਦਿਆਂ ਦੋ ਚਿੜੀਆਂ ਤੇ ਕੁਝ ਹੋਰ ਪੰਛੀ ਮੁੱਖ ਅਧਿਆਪਕ ਸਾਹਿਬਾਨ ਦੇ ਮੋਢੇ ਉੱਪਰ ਆ ਕੇ ਬੈਠ ਗਏ ਸਨ ਜਿਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਵਹਿ ਰਹੇ ਸਨ ਅਤੇ ਸਮੂਹ ਸਕੂਲ ਸਟਾਫ਼ ਨੂੰ ਅਰਜ਼ ਕਰਦਿਆਂ ਹੋਇਆਂ ਕਹਿ ਰਹੇ ਸਨ।
ਕਿ ਪਿਆਰੇ ਸਮੂਹ ਅਧਿਆਪਕ ਸਾਹਿਬਾਨ ਜੀ ਇਹ ਘਟਨਾ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ ਤੇ ਨਾ ਹੀ ਕੋਈ ਅੰਧਵਿਸ਼ਵਾਸ ਜਾਂ ਕਿਸੇ ਹੋਰ ਸ਼ੱਕ-ਸ਼ੁਭੇ ਵਾਲੀ ਗੱਲ ਹੈ। ਇਹ ਤਾਂ ਸਾਡੇ ਹੀ ਹਿਜ਼ਰ ਦੀ ਹੂਕ ਹੈ। ਇਹ ਜੋ ਪਾਣੀ ਦੇ ਤੁਪਕੇ ਤੁਹਾਡੇ ਟੇਬਲਾਂ ਉੱਪਰ ਨਜ਼ਰ ਆ ਰਹੇ ਹਨ। ਇਹ ਤੁਹਾਡੇ ਅਤੇ ਬੱਚਿਆਂ ਦੇ ਪਿਆਰ ਪ੍ਰਤੀ ਸਾਡੇ ਹਿਜ਼ਰ ’ਚੋਂ ਨਿੱਕਲੇ ਹੋਏ ਸਾਡੀਆਂ ਸਮੱਸਿਆਵਾਂ ਤਕਲੀਫਾਂ ਸਬੰਧੀ ਸਾਡੀਆਂ ਅੱਖੀਆਂ ਦੇ ਖਾਰੇ ਹੰਝੂਆਂ ਦੇ ਤੁਪਕੇ ਇਸ ਕਰਕੇ ਹਨ ਕਿ ਹੁਣ ਸਕੂਲਾਂ ਵਿੱਚ ਇੱਕ ਮਹੀਨੇ ਦੀਆਂ ਛੁੱਟੀਆਂ ਹੋ ਗਈਆਂ ਹਨ। ਇੱਕ ਪਾਸੇ ਤਾਂ ਤੁਹਾਡਾ ਅਤੇ ਸਾਡਾ ਵਿਛੋੜਾ ਪੈ ਰਿਹਾ ਹੈ।
ਦੂਸਰੀ ਗੱਲ ਇਹ ਕਿ ਤੁਹਾਡੇ ਕਮਰਿਆਂ ਦੇ ਰੌਸ਼ਨਦਾਨ ਹੀ ਸਾਡੇ ਰੈਣ-ਬਸੇਰੇ ਹਨ। ਹੁਣ ਸਾਰੇ ਕਮਰਿਆਂ ਦੇ ਦਰਵਾਜ਼ੇ, ਖਿੜਕੀਆਂ ਮੁਕੰਮਲ ਬੰਦ ਹੋ ਜਾਣਗੇ, ਜਿਸ ਨਾਲ ਸਾਡੀ ਆਵਾਜਾਈ ਬੰਦ ਹੋ ਜਾਣ ਕਾਰਨ ਸਾਡਾ ਰਹਿਣਾ ਦੁੱਭਰ ਹੋ ਜਾਵੇਗਾ ਅਤੇ ਸਾਡਾ ਦਮ ਅੰਦਰੇ ਹੀ ਘੁੱਟਿਆ ਜਾਵੇਗਾ! ਪਿਛਲੇ ਵਰ੍ਹੇ ਸਾਡੇ ਬਹੁਤ ਸਾਰੇ ਪੰਛੀ ਸਾਥੀ ਇਨ੍ਹਾਂ ਕਾਰਨਾਂ ਕਰਕੇ ਅਨਿਆਈਂ ਮੌਤ ਦੀ ਭੇਂਟ ਚੜ੍ਹਦੇ ਹੋਏ ਰੱਬ ਨੂੰ ਪਿਆਰੇ ਹੋ ਗਏ ਸਨ।
ਚਿੜੀਆਂ ਵੱਲੋਂ (Punjabi Stories) ਆਪਣੇ ਦੁੱਖੜੇ ਸੁਣਾਏ ਜਾਣ ਉਪਰੰਤ ਚਿੰਤਿਤ ਹੋਇਆ ਸਕੂਲ ਸਟਾਫ਼ ਇੰਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਜੇ ਸੋਚ ਹੀ ਰਿਹਾ ਸੀ ਕਿ ਏਨੇ ਚਿਰ ਨੂੰ ਲਾਡੀ, ਗਗਨਾ ਅਤੇ ਬੱਬਲੂ ਬੋਲਦੇ ਹੋਏ ਕਹਿਣ ਲੱਗੇ ਕਿ ਮਾਸਟਰ ਜੀ ਇਸ ਸਬੰਧੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈ। ਤੁਸੀਂ ਕਮਰਿਆਂ ਦੀਆਂ ਚਾਬੀਆਂ ਸਾਨੂੰ ਦੇ ਦੇਵੋ।
ਅਸੀਂ ਤਿੰਨੇ ਦੋਸਤ ਛੁੱਟੀਆਂ ਦੌਰਾਨ ਰੋਜ਼ਾਨਾ ਇਨ੍ਹਾਂ ਪੰਛੀਆਂ ਨੂੰ ਸਵੇਰੇ-ਸ਼ਾਮ ਆਪਣੀ ਜ਼ਿੰਮੇਵਾਰੀ ਨਾਲ ਦਾਣਾ-ਪਾਣੀ ਪਾ ਕੇ ਜਾਇਆ ਕਰਾਂਗੇ ਅਤੇ ਕੁਝ ਸਮੇਂ ਵਾਸਤੇ ਕਮਰਿਆਂ ਨੂੰ ਖੁੱਲ੍ਹੇ ਰੱਖਿਆ ਕਰਾਂਗੇ, ਨਾਲੇ ਅਸੀਂ ਸਕੂਲ ਦੀ ਗਰਾਊਂਡ ਵਿੱਚ ਖੇਡਿਆ ਕਰਾਂਗੇ। ਸਕੂਲ ਸਟਾਫ਼ ਨੂੰ ਵੀ ਤਿੰਨੋਂ ਦੋਸਤਾਂ ਦੀ ਸੋਚ ਪਸੰਦ ਆ ਗਈ ਸੀ। ਐਨਾ ਸੁਣਦੇ ਸਾਰ ਹੀ ਚਿੜੀਆਂ ਅਤੇ ਬਾਕੀ ਪੰਛੀਆਂ ਦੇ ਚਿਹਰਿਆਂ ’ਤੇ ਰੌਣਕਾਂ ਪਰਤ ਆਈਆਂ ਤੇ ਉਹ ਚਾਈਂ-ਚਾਈਂ ਰੌਸ਼ਨਦਾਨਾਂ ਵਿਚ ਬਣੇ ਰੈਣ-ਬਸੇਰਿਆਂ ਵੱਲ ਨੂੰ ਫੁੱਰ ਕਰ ਗਏ ਸਨ।
ਸਿੱਖਿਆ:- ਇਸ ਸੰਦੇਸ਼ ਰਾਹੀਂ ਅਰਜ਼ ਹੈ ਕਿ ਪੰਛੀ-ਪਰਿੰਦੇ ਵੀ ਸਾਡੇ ਅੰਗੀ-ਸਾਕੀ ਹਨ। ਸੋ ਸਕੂਲ ਸਟਾਫ਼, ਪ੍ਰਬੰਧਕਾਂ , ਬੱਚਿਆਂ ਅਤੇ ਬਾਕੀ ਸਮੂਹ ਦਫ਼ਤਰ ਪ੍ਰਬੰਧਕਾਂ ਨੂੰ ਸਰਕਾਰੀ ਛੁੱਟੀਆਂ ਤੋਂ ਇਲਾਵਾ ਬਾਕੀ ਦਿਨਾਂ ਵਿਚ ਇਨ੍ਹਾਂ ਦਾ ਹਮੇਸ਼ਾ ਖ਼ਿਆਲ ਰੱਖਣਾ ਚਾਹੀਦਾ ਹੈ।
ਡਾ. ਸਾਧੂ ਰਾਮ ਲੰਗੇਆਣਾ,
ਲੰਗੇਆਣਾ ਕਲਾਂ, ਮੋਗਾ
ਮੋ. 98781-17285