ਨਕਸਲੀ ਹਿੰਸਾ ਦਾ ਹੋਵੇ ਹੱਲ
ਅਜਿਹੇ ਸਮੇਂ ’ਚ ਜਦੋਂ ਦੇਸ਼ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ ਨਕਸਲੀਆਂ ਨੇ ਛੱਤੀਸਗੜ੍ਹ ਸੂਬੇ ਦੇ ਬੀਜਾਪੁਰ ਦੇ ਜੰਗਲ ’ਚ ਹਮਲਾ ਕਰਕੇ ਦੋ ਦਰਜਨ ਤੋਂ ਜ਼ਿਆਦਾ ਸੀਆਰਪੀਐਫ਼ ਦੇ ਜਵਾਨਾਂ ਦੀ ਜਾਨ ਲੈ ਲਈ ਉਨ੍ਹਾਂ ਦਾ ਇਹ ਕਾਰਾ ਦੱਸਦਾ ਹੈ ਕਿ ਉੋਹ ਕਾਇਰਤਾ ਦੀ ਸੋਚ ਛੱਡਣ ਨੂੰ ਤਿਆਰ ਨਹੀਂ ਹਨ ਹੈਰਾਨੀ ਵਾਲਾ ਤੱਥ ਇਹ ਹੈ ਕਿ ਖੁਫ਼ੀਆ ਏਜੰਸੀਆਂ ਵੱਲੋਂ ਬੀਜਾਪੁਰ ’ਚ ਨਕਸਲੀਆਂ ਦੇ ਮੌਜੂਦ ਹੋਣ ਅਤੇ ਜਵਾਨਾਂ ’ਤੇ ਹਮਲਾ ਕਰਨ ਦੀ ਯੋਜਨਾ ਬਣਾਉਣ ਦੀ ਸੂਚਨਾ ਪਹਿਲਾਂ ਹੀ ਦੇ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਨਕਸਲੀ ਜਵਾਨਾਂ ਨੂੰ ਨਿਸ਼ਾਨਾ ਬਣਾਉਣ ’ਚ ਕਾਮਯਾਬ ਰਹੇ ਤਾਂ ਇਹ ਨਕਸਲ ਵਿਰੋਧੀ ਮੁਹਿੰਮ ਦੀ ਨਾਕਾਮੀ ਅਤੇ ਭੁੱਲ ਨੂੰ ਹੀ ਦਰਸਾਉਂਦਾ ਹੈ ਛੱਤੀਸਗੜ੍ਹ ’ਚ ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ 9 ਅਪਰੈਲ 2019 ਨੂੰ ਦੰਤੇਵਾੜਾ ’ਚ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਤੋਂ ਐਨ ਪਹਿਲਾਂ ਨਕਸਲੀਆਂ ਨੇ ਚੋਣ ਪ੍ਰਚਾਰ ਲਈ ਜਾ ਰਹੇ ਭਾਜਪਾ ਵਿਧਾਇਕ ਭੀਮਾ ਮੰਡਾਵੀ ਦੀ ਕਾਰ ’ਤੇ ਜਬਰਦਸਤ ਹਮਲਾ ਕੀਤਾ ਸੀ,
ਇਸ ਹਮਲੇ ’ਚ ਭੀਮਾ ਮੰਡਾਵੀ ਤੋਂ ਇਲਾਵਾ ਉਨ੍ਹਾਂ ਦੇ ਚਾਰ ਸੁਰੱਖਿਆ ਮੁਲਾਜ਼ਮ ਵੀ ਮਾਰੇ ਗਏ ਸਨ 24 ਅਪਰੈਲ 2017 ਨੂੰ ਸੁਕਮਾ ਜਨਪਦ ਦੇ ਦੁਰਗਾਪਾਲ ਕੋਲ ਨਕਸਲੀਆਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ’ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 25 ਜਵਾਨ ਮਾਰੇ ਗਏ 25 ਮਈ 2013 ਨੂੰ ਬਸਤਰ ਦੇ ਦਰਭਾ ਘਾਟੀ ’ਚ ਹੋਏ ਨਕਸਲੀ ਹਮਲੇ ’ਚ ਕਾਂਗਰਸ ਦੇ ਆਦਿਵਾਸੀ ਆਗੂ ਮਹੇਂਦਰ ਕਰਮਾ, ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੰਦ ਕੁਮਾਰ ਪਟੇਲ, ਸਾਬਕਾ ਕੇਂਦਰੀ ਮੰਤਰੀ ਵਿਦਿਆਚਰਨ ਸ਼ੁਕਲ ਸਮੇਤ 30 ਹੋਰ ਲੋਕ ਮਾਰੇ ਗਏ ਸਨ
ਅੰਕੜਿਆਂ ’ਤੇ ਗੌਰ ਕਰੀਏ ਤਾਂ ਬੀਤੇ ਪੰਜ ਸਾਲਾਂ ’ਚ ਨਕਸਲੀ ਹਿੰਸਾ ਦੀਆਂ ਲਗਭਗ 6000 ਤੋਂ ਜਿਆਦਾ ਘਟਨਾਵਾਂ ਹੋ ਚੁੱਕੀਆਂ ਹਨ ਜਿਸ ’ਚ 1250 ਨਾਗਰਿਕ ਅਤੇ ਤਕਰੀਬਨ 600 ਸੁਰੱਖਿਆ ਮੁਲਾਜ਼ਮ ਸ਼ਹੀਦ ਹੋਏ ਹਨ ਵਿਚਾਰਨਯੋਗ ਤੱਥ ਇਹ ਹੈ ਕਿ ਨਕਸਲੀ ਬੈਖੌਫ਼ ਹੋ ਕੇ ਇੱਕ ਤੋਂ ਬਾਦ ਇੱਕ ਘਟਨਾ ਨੂੰ ਅੰਜਾਮ ਦੇ ਕੇ ਦੇਸ਼ ਅੰਦਰ ਬੈਠ ਕੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਵਾਰ-ਵਾਰ ਚੁਣੌਤੀ ਦੇ ਰਹੇ ਹਨ, ਆਖ਼ਰ ਉਨ੍ਹਾਂ ਕੋਲ ਸਰਕਾਰ ਨਾਲ ਲੜਨ ਲਈ ਹਥਿਆਰ ਅਤੇ ਹੋਰ ਵਸੀਲੇ ਲਗਾਤਾਰ ਕਿੱਥੋਂ ਆ ਰਹੇ ਹਨ
ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ’ਚ ਇਸ ਸਾਲ ਨਕਸਲੀ ਹਿੰਸਾ ਦੀ ਇੱਕ ਵੀ ਘਟਨਾ ਨਹੀਂ ਹੋਈ ਇਸ ਤਰ੍ਹਾਂ ਬਿਹਾਰ ’ਚ ਵੀ ਘੱਟ ਹਿੰਸਕ ਘਟਨਾਵਾਂ ਦਰਜ ਹੋਈਆਂ ਹਨ ਪਰ ਮੌਜ਼ੂਦਾ ਘਟਨਾਵਾਂ ਨਾਲ ਸਾਫ਼ ਹੈ ਕਿ ਨਕਸਲਵਾਦ ਨਾਲ ਪੂਰੀ ਤਰ੍ਹਾਂ ਨਜਿੱਠਿਆ ਨਹੀਂ ਜਾ ਸਕਿਆਦਰਅਸਲ ਨਕਸਲੀ ਇੱਕ ਖਾਸ ਰਣਨੀਤੀ ਤਹਿਤ ਸਰਕਾਰੀ ਯੋਜਨਾਵਾਂ ’ਚ ਅੜਿੱਕਾ ਡਾਹ ਰਹੇ ਹਨ ਭਾਵੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਕਸਲੀਆਂ ਨੂੰ ਆਤਮ ਸਮੱਰਪਣ ਕਰਨ ਤੇ ਹਥਿਆਰ ਸੁੱਟਣ ਲਈ ਕਿਹਾ ਹੈ ਪਰ ਜ਼ਰੂਰੀ ਇਹ ਹੈ ਕਿ ਜਦੋਂ ਤੱਕ ਨਕਸਲੀ ਹਥਿਆਰ ਨਹੀਂ ਸੁੱਟਦੇ ਉਦੋਂ ਤੱਕ ਸਰਕਾਰ ਨੂੰ ਕੋਈ ਠੋਸ ਰਣਨੀਤੀ ਬਣਾਉਂਣੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.