ਸਕੂਲ ਦਾ ਓਦਰੇਵਾਂ

ਸਕੂਲ ਦਾ ਓਦਰੇਵਾਂ

ਮਾਰਚ ਦਾ ਅਖੀਰ। ਕੋਰੋਨਾ ਦਾ ਕਹਿਰ। ਦੁਨੀਆ ਰੁਕ ਗਈ। ਸਕੂਲ ਬੰਦ ਹੋ ਗਏ। ਘਰ ਦੀ ਕੈਦ ਨੇ ਮਨ ਅੰਦਰ ਘੁਟਨ ਪੈਦਾ ਕਰ ਦਿੱਤੀ। ਘਰ ਬੈਠ ਕੇ ਹੀ ਬੱਚਿਆਂ ਨਾਲ ਫੋਨ ‘ਤੇ ਰਾਬਤਾ ਕਾਇਮ ਕੀਤਾ ਅਤੇ ਪੜ੍ਹਾਈ ਸ਼ੁਰੂ ਕਰਵਾਈ। ਅਚਨਚੇਤ ਸਕੂਲ ਬੰਦ ਹੋ ਜਾਣ ਕਾਰਨ ਪੜ੍ਹਾਈ ਨਾਲ ਸਬੰਧਤ ਮੇਰਾ ਕੁੱਝ ਜਰੂਰੀ ਸਾਮਾਨ ਸਕੂਲ ਵਿੱਚ ਹੀ ਰਹਿ ਜਾਣ ਕਰਕੇ ਇੱਕ ਦਿਨ ਸਕੂਲ ਜਾਣਾ ਹੋਇਆ। ਮੈਂ ਸਵੇਰੇ 9 ਕੁ ਵਜੇ ਸਕੂਲ ਪਹੁੰਚੀ।

ਵੀਰਾਨ ਪਿਆ ਸਕੂਲ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇੱਥੇ ਕਦੇ ਕੋਈ ਆਇਆ ਹੀ ਨਾ ਹੋਵੇ। ਇੰਜ ਲੱਗਾ ਜਿਵੇਂ ਸਕੂਲ ਆਪਣੇ ਅਧਿਆਪਕਾਂ ਅਤੇ ਬੱਚਿਆਂ ਨੂੰ ਆਵਾਜ਼ਾਂ ਮਾਰ-ਮਾਰ ਕੇ ਪੁੱਛ ਰਿਹਾ ਹੋਵੇ ਕਿ ਵਾਪਸ ਕਦੋਂ ਆਵੋਂਗੇ? ਮੈਂ ਥੋੜਾ ਅੱਗੇ ਵਰਾਂਡੇ ਵੱਲ ਵਧੀ। ਸੁੰਨ-ਸਾਨ ਵਰਾਂਡਾ ਜੋ ਹਮੇਸ਼ਾ ਬੱਚਿਆਂ ਦੇ ਪੈਰਾਂ ਦੀ ਆਵਾਜ਼ ਨਾਲ ਗੂੰਜਦਾ ਰਹਿੰਦਾ ਸੀ, ਅੱਜ ਇੰਜ ਲੱਗ ਰਿਹਾ ਸੀ ਜਿਵੇਂ ਉਹਨਾਂ ਆਵਾਜ਼ਾਂ ਤੋਂ ਬਿਨਾਂ ਆਪਣੇ ਆਪ ਨੂੰ ਬੋਲ਼ਾ ਮਹਿਸੂਸ ਕਰ ਰਿਹਾ ਹੋਵੇ।

ਮੇਰੀ ਜਮਾਤ ਦਾ ਕਮਰਾ ਨੇੜੇ ਹੀ ਸੀ। ਮੈਂ ਕਮਰੇ ਦੇ ਅੰਦਰ ਵੱਲ ਨੂੰ ਹੋਈ। ਮੇਰੇ ਕੰਨਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਹੁਣੇ ਬੱਚੇ ਖੜ੍ਹੇ ਹੋ ਕੇ ਆਪਣੀ ਮਿੱਠੀ ਆਵਾਜ਼ ਵਿੱਚ ਕਹਿਣਗੇ, ”ਗੁੱਡ ਮਾਰਨਿੰਗ ਮੈਮ।” ਪਰ ਕੋਈ ਆਵਾਜ਼ ਨਾ ਆਈ। ਖਾਲੀ ਪਏ ਬੈਂਚ ਬੱਚਿਆਂ ਦੀ ਉਡੀਕ ਕਰ ਰਹੇ ਸਨ। ਧੂੜ-ਮਿੱਟੀ ਨਾਲ ਭਰੇ ਸੁੰਨੇ ਪਏ ਬੈਂਚਾਂ ਨੂੰ ਦੇਖ ਕੇ ਮੇਰੇ ਮਨ ‘ਤੇ ਉਦਾਸੀ ਜਿਹੀ ਛਾ ਗਈ। ਮੈਂ ਕਾਹਲੀ ਨਾਲ ਕਮਰੇ ਵਿੱਚੋਂ ਨਿੱਕਲੀ ਅਤੇ ਫਟਾ-ਫਟ ਸਟਾਫ ਰੂਮ ਵਿੱਚ ਜਾ ਕੇ ਅਲਮਾਰੀ ਵਿੱਚੋੱ ਆਪਣਾ ਲੋੜੀਂਦਾ ਸਮਾਨ ਚੁੱਕ ਲਿਆ ਤੇ ਵਾਪਸ ਚੱਲ ਪਈ।
ਰਸਤੇ ਵਿੱਚ ਮੇਰੇ ਦੋ ਵਿਦਿਆਰਥੀ ਮਿਲੇ। ਉਹਨਾਂ ਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਘਰ ਆਉਣ ਲਈ ਕਿਹਾ। ਉਹ ਇੱਕੋ ਸਾਹ ਕਹਿਣ ਲੱਗੇ, ”ਮੈਡਮ ਜੀ ਚਾਹ ਪੀ ਕੇ ਜਾਇਓ, ਸਾਡਾ ਤਾਂ ਜੀ ਘਰੇ ਜਮਾਂ ਜੀਅ ਨੀ ਲੱਗਦਾ, ਮੈਡਮ ਜੀ ਸਾਡੇ ਸਕੂਲ ਕਦੋਂ ਖੁੱਲਣਗੇ

……………………”? ਭਾਵੇਂ ਸਕੂਲ ਖੁੱਲਣ ਸਬੰਧੀ ਉਹਨਾਂ ਦੇ ਸਵਾਲ ਦਾ ਮੈਂ ਕੋਈ ਪੁਖਤਾ ਜਵਾਬ ਤਾਂ ਨਾ ਦੇ ਸਕੀ, ਪਰ ਬੱਚਿਆਂ ਨਾਲ ਮਿਲ ਕੇ ਤੇ ਗੱਲਾਂ ਕਰਕੇ ਮੇਰੇ ਮਨ ਨੂੰ ਬੜਾ ਹੀ ਸਕੂਨ ਮਿਲਿਆ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਸਕੂਲ ਤੋਂ ਬੱਚਿਆਂ ਨੂੰ ਪੜ੍ਹਾ ਕੇ ਹੀ ਵਾਪਸ ਪਰਤ ਰਹੀ ਹੋਵਾਂ।

ਬੱਚਿਆਂ ਨਾਲ ਇਸ ਛੋਟੀ ਜਿਹੀ ਮਿਲਣੀ ਤੋਂ ਬਾਅਦ ਅਚਨਚੇਤ ਮਹਿਸੂਸ ਹੋਇਆ ਜਿਵੇਂ ਸਿਰਫ ਸਕੂਲ ਤੇ ਅਧਿਆਪਕ ਹੀ ਬੱਚਿਆਂ ਬਿਨਾਂ ਓਦਰੇਵਾਂ ਮਹਿਸੂਸ ਨਹੀਂ ਕਰ ਰਹੇ ਹਨ, ਬਲਕਿ ਬੱਚੇ ਵੀ ਆਪਣੇ ਸਕੂਲ ਅਤੇ ਅਧਿਆਪਕਾਂ ਬਿਨ੍ਹਾਂ ਓਦਰੇ ਪਏ ਹਨ।
ਅੰਗਰੇਜੀ ਅਧਿਆਪਕਾ
ਸਰਕਾਰੀ ਹਾਈ ਸਕੂਲ, ਖੀਵਾ ਖੁਰਦ (ਮਾਨਸਾ)
ਹਰਕਿਰਨਜੋਤ ਕੌਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.