ਮੀਂਹ ਕਾਰਨ ਗਰੀਬ ਦੇ ਮਕਾਨ ਦੀ ਛੱਤ ਡਿੱਗੀ

ਤੁਲਾਂ ਸਹਾਰੇ ਖੜੇ ਮਕਾਨ ‘ਚ ਕਰ ਰਿਹਾ ਸੀ ਦਿਨ-ਕਟੀ

ਸਰਕਾਰ ਤੇ ਸਬੰਧਿਤ ਵਿਭਾਗ ਤੋਂ ਕੀਤੀ ਮੁਆਵਜ਼ੇ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਪਿੰਡ ਚੱਕ ਦੂਹੇਵਾਲਾ ‘ਚ ਪਿਛਲੇ ਦਿਨੀ ਪਏ ਭਾਰੀ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ। ਛੱਤ ਡਿੱਗਣ ਕਾਰਨ ਅੰਦਰ ਪਿਆ ਸਾਮਾਨ ਨੁਕਸਾਨਿਆ ਗਿਆ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੀੜਤ ਗੁਰਮੀਤ ਕੁਮਾਰ ਪੁੱਤਰ ਸ੍ਰੀ ਰਾਜ ਕੁਮਾਰ ਵਾਸੀ ਪਿੰਡ ਚੱਕ ਦੂਹੇਵਾਲਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਤੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ।

ਉਸਨੇ ਦੱਸਿਆ ਕਿ ਉਸਦਾ ਮਕਾਨ ਖ਼ਸਤਾ ਹਾਲਤ ‘ਚ ਹੈ ਅਤੇ ਪਹਿਲਾਂ ਹੀ ਤੁਲਾਂ ਦੇ ਸਹਾਰੇ ਖੜਾ ਸੀ। ਉਹ ਆਪਣੇ ਖ਼ਸਤਾ ਹਾਲਤ ਮਕਾਨ ‘ਚ ਹੀ ਦਿਨ ਕੱਟੀ ਕਰ ਰਿਹਾ ਸੀ ਜਿਸ ਕਾਰਨ ਉਸ ਨੂੰ ਹਰ ਸਮੇਂ ਜਾਨ ਮਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਆਏ ਭਾਰੀ ਮੀਂਹ ਕਾਰਨ ਉਸ ਦੇ ਕਮਰੇ ਦੀ ਕਾਨਿਆਂ ਵਾਲੀ ਛੱਤ ਡਿੱਗ ਪਈ। ਛੱਤ ਡਿੱਗਣ ਸਮੇਂ ਅੰਦਰ ਕੋਈ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਅੰਦਰ ਪਿਆ ਮੰਜਾ, ਸਾਇਕਲ, ਟਰੰਕ, ਪੱਖਾ ਤੇ ਹੋਰ ਘਰੇਲੂ ਸਾਮਾਨ ਨੁਕਸਾਨਿਆ ਗਿਆ।

ਉਸਨੇ ਭਰੇ ਮਨ ਨਾਲ ਕਿਹਾ ਕਿ ਉਹ ਆਪਣੇ ਖ਼ਸਤਾ ਹਾਲਤ ਕਮਰੇ ਨੂੰ ਮੁੜ ਉਸਾਰਨ ਲਈ ਸਬੰਧਿਤ ਵਿਭਾਗ ਨੂੰ ਫਾਰਮ ਭਰ ਕੇ ਦੇਣ ਦੇ ਨਾਲ-ਨਾਲ ਅਧਿਕਾਰੀਆਂ ਨੂੰ ਮਿਲ ਕੇ ਜੁਬਾਨੀ ਵੀ ਕਈ ਵਾਰ ਕਹਿ ਚੁੱਕਾ ਹੈ ਪਰ ਵਿਭਾਗ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ। ਪੀੜਤ ਗੁਰਮੀਤ ਕੁਮਾਰ ਨੇ ਕਿਹਾ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਆਪਣੇ ਮਕਾਨ ਦੀ ਉਸਾਰੀ ਕਰਨ ‘ਚ ਅਸਮਰੱਥ ਹੈ। ਉਸਨੇ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸਨੂੰ ਮਕਾਨ ਬਣਾਉਣ ਲਈ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਅਧੀਨ ਗ੍ਰਾਂਟ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਬੇਹੱਦ ਖ਼ਸਤਾ ਹਾਲਤ ਮਕਾਨ ਦੀ ਉਸਾਰੀ ਕਰ ਸਕੇ ਤੇ ਉਸ ਦੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ