ਕੋਰੋਨਾ ਕਾਲ ਦਾ ਵਿਦਿਆਰਥੀ ਜੀਵਨ ’ਤੇ ਪਏ ਪ੍ਰਭਾਵ ਨੂੰ ਹੱਲ ਕਰਨ ’ਚ ਅਧਿਆਪਕ ਦਾ ਰੋਲ
ਪਿਛਲੇ ਦੋ ਸਾਲ ਤੋਂ ਦੁਨੀਆਂ ਭਰ ’ਚ ਫੈਲੇ ਕੋਰੋਨਾ ਦੇ ਕਹਿਰ ਨੇ ਜਿੱਥੇ ਸਮੁੱਚੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਇਸ ਨੇ ਸਮੁੱਚੇ ਵਿਦਿਆਥੀਆਂ ਦੇ ਜੀਵਨ ’ਤੇ ਵੀ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ। ਇਸ ਮਹਾਂਮਾਰੀ ਨਾਲ ਦੁਨੀਆਂ ਭਰ ਵਿਚ ਪਏ ਹੋਰ ਘਾਟੇ ਤਾਂ ਦੇਰ-ਸਵੇਰ ਭਰੇ ਜਾ ਸਕਣਗੇ ਪ੍ਰੰਤੂ ਦੇਸ਼ ਦੇ ਭਵਿੱਖ ਸਮੂਹ ਵਿਦਿਆਰਥੀਆਂ ਨੂੰ ਜੋ ਘਾਟਾ ਪਾਇਆ ਹੈ ਉਹ ਸ਼ਾਇਦ ਕਦੇ ਵੀ ਪੂਰਿਆ ਨਾ ਜਾ ਸਕੇ।
ਇਸ ਤਰ੍ਹਾਂ ਲੱਗਦਾ ਹੈ ਕਿ ਇਸ ਮਹਾਂਮਾਰੀ ਕਾਰਨ ਜਿਵੇਂ ਵਿਦਿਆਰਥੀਆਂ ਦੀ ਮੁਸਕਾਨ ਹੀ ਖਤਮ ਹੋ ਗਈ ਹੈ। ਬੇਸ਼ੱਕ ਇਸ ਔਖੀ ਘੜੀ ਵਿਚ ਦੋ ਵਾਰ ਸਕੂਲ ਲੱਗ ਚੁੱਕੇ ਹਨ ਪ੍ਰੰਤੂ ਫਿਰ ਵੀ ਬੱਚਿਆਂ ਦੇ ਮਨ ਵਿਚ ਸਕੂਲ ਬੰਦ ਹੋਣ ਦਾ ਡਰ ਹਰ ਸਮੇਂ ਸਤਾਉਂਦਾ ਰਹਿੰਦਾ ਹੈ। ਇਹੀ ਡਰ ਬੱਚਿਆਂ ਨੂੰ ਹਰ ਵਕਤ ਚਿੰਤਾ ਵਿਚ ਪਾ ਰਿਹਾ ਹੈ। ਬੱਚੇ ਪੜ੍ਹ ਤਾਂ ਰਹੇ ਹਨ ਪ੍ਰੰਤੂ ਉਹਨਾਂ ਦੇ ਮਨ ਵਿਚ ਹਰ ਸਮੇਂ ਇਹ ਡਰ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਕਦ ਸਕੂਲ ਬੰਦ ਹੋ ਜਾਣ ਅਤੇ ਉਹਨਾਂ ਦੀ ਕੀਤੀ-ਕਰਾਈ ਮਿਹਨਤ ’ਤੇ ਪਾਣੀ ਫਿਰ ਜਾਵੇ।
ਭਾਵੇਂ ਸਮੂਹ ਅਧਿਆਪਕਾਂ ਵੱਲੋਂ ਆਨਲਾਈਨ ਕਲਾਸਾਂ ਰਾਹੀਂ ਪੜ੍ਹਾਈ ਕਰਵਾ ਕੇ ਅਤੇ ਹੋਰ ਐਕਟੀਵਿਟੀਆਂ ਕਰਵਾ ਕੇ ਬੱਚਿਆਂ ਦੇ ਇਸ ਘਾਟੇ ਨੂੰ ਪੂਰਾ ਕਰਨ ਦਾ ਯਤਨ ਕੀਤਾ ਗਿਆ ਪ੍ਰੰਤੂ ਅਧਿਆਪਕਾਂ ਦੇ ਇਹਨਾਂ ਸਭ ਯਤਨਾਂ ਦੇ ਬਾਵਜੂਦ ਵਿਦਿਆਰਥੀ ਆਪਣੀ ਅਸਲੀ ਲਾਈਨ ਤੋਂ ਥਿੜਕਦੇ ਗਏ ਅਤੇ ਜ਼ਿੰਦਗੀ ਦੀ ਦੌੜ ਵਿਚ ਪਛੜ ਗਏ। ਉਹਨਾਂ ਦੀ ਜ਼ਿੰਦਗੀ ਦੀ ਗੱਡੀ ਮੁੜ ਉਸ ਲਾਈਨ ’ਤੇ ਨਹੀਂ ਆ ਸਕੀ ਜਿਸ ਲਾਈਨ ’ਤੇ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ।
ਇਸ ਬਿਮਾਰੀ ਕਾਰਨ ਬੱਚਿਆਂ ਦੇ ਮਾਨਸਿਕ ਪੱਧਰ ’ਤੇ ਬਹੁਤ ਹੀ ਡੂੰਘਾ ਅਸਰ ਪਿਆ ਹੈ। ਵਿਦਿਆਰਥੀ ਸਕੂਲ ਤਾਂ ਆਉਂਦੇ ਹਨ ਪ੍ਰੰਤੂ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਉਹ ਪਹਿਲੀ ਵਾਰ ਸਕੂਲ ਆਏ ਹੋਣ। ਇੱਕ ਅਧਿਆਪਕ ਜੋ ਪੜ੍ਹਾਈ ਸਕੂਲ ਵਿਚ ਕਰਵਾ ਸਕਦਾ ਹੈ ਉਹ ਪੜ੍ਹਾਈ ਮੋਬਾਇਲਾਂ ਅਤੇ ਕੰਪਿਊਟਰਾਂ ’ਤੇ ਆਨਲਾਈਨ ਢੰਗ ਨਾਲ ਨਹੀਂ ਕਰਵਾਈ ਜਾ ਸਕਦੀ। ਇਸ ਲਈ ਬਹੁਤ ਸਾਰੇ ਵਿਦਿਆਰਥੀਆਂ ਨੂੰ ਜੋ ਪੜ੍ਹਾਈ ਵਿਚ ਘਾਟਾ ਪਿਆ ਹੈ ਉਹ ਤਾਂ ਪਿਆ ਹੈ ਪ੍ਰੰਤੂ ਕੁੱਝ ਬੱਚੇ ਜੋ ਔਸਤ ਸਨ ਅਤੇ ਜਿਨ੍ਹਾਂ ਦਾ ਟੀਚਾ ਪਾਸ ਹੋਣ ਤੋਂ ਬਾਅਦ ਫੌਜ ਵਿਚ ਜਾਂ ਪੁਲਿਸ ਵਿਚ ਜਾ ਕੇ ਨੌਕਰੀ ਕਰਨ ਦਾ ਸੀ ਉਹ ਵੀ ਧਰਿਆ-ਧਰਾਇਆ ਰਹਿ ਗਿਆ ਹੈ ਕਿਉਂਕਿ ਲਗਭਗ ਦੋ ਸਾਲ ਵਿਹਲੇ ਰਹਿਣ ਤੋਂ ਬਾਅਦ ਉਹਨਾਂ ਦਾ ਪੜ੍ਹਾਈ ਵਿਚ ਦਿਲ ਹੀ ਨਹੀਂ ਲੱਗਦਾ। ਉਹਨਾਂ ਵਿਦਿਆਰਥੀਆਂ ਲਈ ਇਹ ਬਹੁਤ ਹੀ ਔਖੀ ਘੜੀ ਹੈ।
ਸੋ ਮੈਨੂੰ ਲੱਗਦਾ ਹੈ ਕਿ ਇਸ ਔਖੀ ਘੜੀ ਵਿਚ ਅਧਿਆਪਕ ਦਾ ਰੋਲ ਬਹੁਤ ਹੀ ਅਹਿਮ ਹੋ ਜਾਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਅਧਿਆਪਕ ਦਾ ਫਰਜ਼ ਹੈ ਕਿ ਬੱਚੇ ਦੇ ਮਨ ਨੂੰ ਫਰੋਲਿਆ ਜਾਵੇ, ਉਹਨਾਂ ਦੇ ਘਰ ਦੇ ਹਾਲਾਤਾਂ ਅਤੇ ਭਾਵਨਾਵਾਂ ਨੂੰ ਆਮ ਅਤੇ ਦੋਸਤਾਨਾ ਮਾਹੌਲ ਵਿਚ ਸਮਝਿਆ ਜਾਵੇ। ਉਹਨਾਂ ਦੇ ਮਨਾਂ ਨੂੰ ਪਿਆਰ ਨਾਲ ਦੁਬਾਰਾ ਪੜ੍ਹਨ ਲਈ ਤਿਆਰ ਕੀਤਾ ਜਾਵੇ। ਪਿਆਰ ਨਾਲ ਹੀ ਉਹਨਾਂ ਨੂੰ ਮੁੜ ਪਹਿਲੀ ਲਾਈਨ ’ਤੇ ਲਿਆਂਦਾ ਜਾ ਸਕਦਾ ਹੈ। ਵਾਧੂ ਬੋਝ ਬੱਚੇ ਦੇ ਮਨ ਨੂੰ ਹਿਲਾ ਕੇ ਰੱਖ ਦਿੰਦਾ ਹੈ ਇਸ ਲਈ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਪ੍ਰੈਕਟੀਕਲ ਤੌਰ ’ਤੇ ਕਰਵਾਇਆ ਜਾਵੇ।
ਵਿਦਿਆਰਥੀਆਂ ਨਾਲ ਇੱਕ ਅਧਿਆਪਕ ਦਾ ਘੱਟ ਅਤੇ ਦੋਸਤ ਦਾ ਵੱਧ ਰਿਸ਼ਤਾ ਰੱਖਿਆ ਜਾਵੇ। ਵਿਦਿਆਰਥੀਆਂ ਦੇ ਦੋਸਤ ਬਣ ਕੇ ਸਿਖਾਉਣ ਨਾਲ ਉਹ ਜਲਦੀ ਸਿੱਖ ਜਾਂਦੇ ਹਨ। ਸੋ ਇਹਨਾਂ ਅਨਮੋਲ ਹੀਰਿਆਂ ਦੀ ਕਦਰ ਕੀਤੀ ਜਾਵੇ ਤਾਂ ਜੋ ਇਹ ਦੁਬਾਰਾ ਇੱਕ ਲੜੀ ਵਿਚ ਪਰੋਏ ਜਾ ਸਕਣ। ਇਸ ਤਰ੍ਹਾਂ ਕਰਨ ਨਾਲ ਦੇਸ਼ ਦੇ ਭਵਿੱਖ ਨੂੰ ਗਲਤ ਰਸਤੇ ’ਤੇ ਜਾਣ ਤੋਂ ਰੋਕਿਆ ਜਾ ਸਕਦਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਮਾਈਸਰਖਾਨਾ, ਬਠਿੰਡਾ।
ਮੋ. 81465-35008
ਲੈਕਚਰਾਰ ਅਮਰਜੀਤ ਕੌਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ