ਸੰਯੁਕਤ ਮੋਰਚਾ ਨੇ ਕੀਤਾ ਚੱਕਾ ਜਾਮ ਦਾ ਐਲਾਨ
16 ਨਵੰਬਰ ਨੂੰ ਅੱਧੀ ਦਰਜਨ ਤੋਂ ਜਿਆਦਾ ਥਾਂਵਾਂ ’ਤੇ ਹੋਵੇਗਾ ਚੱਕਾ ਜਾਮ
ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਰਹੀ ਸਰਕਾਰ : ਸੰਯੁਕਤ ਮੋਰਚਾ
ਚੰਡੀਗੜ, (ਅਸ਼ਵਨੀ ਚਾਵਲਾ)। ਬੁੱਧਵਾਰ 16 ਨਵੰਬਰ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੀਆਂ ਸੜਕਾਂ ਜਾਮ ਹੋਣ ਜਾ ਰਹੀਆਂ ਹਨ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸੰਯੁਕਤ ਮੋਰਚੇ ਵੱਲੋਂ ਅੱਧੀ ਦਰਜਨ ਤੋਂ ਜਿਆਦਾ ਮੰਗਾਂ ਨੂੰ ਨਾ ਮੰਨੇ ਜਾਣ ਦੇ ਰੋਸ ਵਿੱਚ ਇਹ ਚੱਕਾ ਜਾਮ ਕੀਤਾ ਜਾਣਾ ਹੈ। ਇਸ ਲਈ ਬਕਾਇਦਾ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ, ਜਿੱਥੇ ਕਿ ਇਹ ਚੱਕਾ ਜਾਮ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਥਾਂਵਾਂ ’ਤੇ ਇਹ ਚੱਕਾ ਜਾਮ ਕੀਤਾ ਜਾਵੇਗਾ ਜਿਸ ਵਿੱਚ ਰਾਜਪੁਰਾ-ਪਟਿਆਲਾ ਸੜਕ, ਧਰੇੜੀ ਜੱਟਾਂ ਟੋਲ ਪਲਾਜ਼ਾ, ਫਰੀਦਕੋਟ ਟਹਿਣਾ ਟੀ-ਪੁਆਇੰਟ ਕੋਲ, ਭੰਡਾਰੀ ਪੁਲ ਅੰਮ੍ਰਿਤਸਰ ਵਿਖੇ, ਤਿੰਨ ਕੋਨੀਆਂ ਪੁਲ ਮਾਨਸਾ, ਮੁਕੇਰੀਆਂ ਅਤੇ ਤਲਵੰਡੀ ਸਾਬੋ ਵਿਖੇ ਇਹ ਚੱਕਾ ਜਾਮ ਹੋਵੇਗਾ।
ਸੰਯੁਕਤ ਮੋਰਚੇ ਅਨੁਸਾਰ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ 5 ਲੱਖ ਮੁਆਵਜ਼ਾ ਹਾਲੇ ਤੱਕ ਸਾਰਿਆਂ ਨੂੰ ਨਹੀਂ ਮਿਲਿਆ ਤੇ ਕਣਕ ਉਤੇ ਬੋਨਸ ਦਾ ਐਲਾਨ ਕਰਦੇ ਹੋਏ ਸਰਕਾਰ ਵੱਲੋਂ ਹੁਣ ਤੱਕ ਕੁਝ ਵੀ ਨਹੀਂ ਦਿੱਤਾ ਗਿਆ ਹੈ। ਗੁਲਾਬੀ ਸੁੰਡੀ ਵਾਲੇ ਨਰਮੇ ਦੇ ਮੁਆਵਜ਼ੇ ਦੇ ਨਾਲ ਹੀ ਬਰਸਾਤ ਤੇ ਗੜੇਮਾਰੀ ਕਾਰਨ ਬਰਬਾਦ ਹੋਈ ਬਾਸਮਤੀ ਦੀ ਫਸਲ ਦਾ ਮੁਆਵਜ਼ਾ ਹੁਣ ਤੱਕ ਨਹੀਂ ਮਿਲਿਆ ਹੈ। ਪੰਜਾਬ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਲਗਾਤਾਰ ਪਰਚੇ ਦਰਜ਼ ਕੀਤੇ ਜਾ ਰਹੇ ਹਨ, ਜਦੋਂ ਕਿ ਸਰਕਾਰ ਵੱਲੋਂ ਪਰਚੇ ਦਰਜ਼ ਨਹੀਂ ਕਰਨ ਦਾ ਭਰੋਸਾ ਦਿੱਤਾ ਹੋਇਆ ਸੀ।
ਪਾਣੀ ਦੇ ਮੁੱਦੇ ’ਤੇ 30 ਦਸੰਬਰ ਨੂੰ ਲੱਗੇਗਾ ਚੰਡੀਗੜ੍ਹ ਮੋਰਚਾ
ਕਿਸਾਨ ਯੂਨੀਅਨਾਂ ਨੇ ਪਾਣੀ ਦੇ ਮੁੱਦੇ ’ਤੇ ਵੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਘੇਰਣ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਚੰਡੀਗੜ੍ਹ ਵਿਖੇ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਭਰ ਵਿੱਚੋਂ ਕਿਸਾਨ ਆਪਣੇ ਟਰੈਕਟਰ ਟ੍ਰਾਲੀਆਂ ਰਾਹੀਂ ਚੰਡੀਗੜ੍ਹ ਆ ਕੇ ਪੱਕਾ ਮੋਰਚਾ ਲਗਾਉਣਗੇ ਅਤੇ ਇਹ ਪੱਕਾ ਮੋਰਚੇ ਪਾਣੀ ਦੇ ਮੁੱਦੇ ’ਤੇ ਅਣਮਿਥੇ ਸਮੇਂ ਲਈ ਚੱਲੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ