ਵਿਸ਼ਵ ਕੱਪ ਦੀਆਂ ਧਮਾਲਾਂ ਦੁਨੀਆਂ ਦੇ ਹਰ ਕੋਨੇ ‘ਚ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਭਾਰਤੀ ਖੇਡ ਪ੍ਰੇਮੀਆਂ ਲਈ ਵੀ ਫੁੱਟਬਾਲ ਦਾ ਇਹ ਮਹਾਂਕੁੰਭ ਰੋਮਾਂਚ ਅਤੇ ਮਨੋਰੰਜਨ ਦੀ ਪੰਡ ਲੈ ਕੇ ਬਰੂਹਾਂ ‘ਤੇ ਖੜਾ ਹੈ ਪਰ ਇੱਕ ਗੱਲ ਹਰ ਭਾਰਤੀ ਨੂੰ ਇਸ ਮੌਕੇ ਮਹਿਸੂਸ ਹੁੰਦੀ ਹੈ ਕਿ ਭਾਰਤੀ ਟੀਮ ਕਦੋਂ ਵਿਸ਼ਵ ਕੱਪ ‘ਚ ਖੇਡਦੀ ਮਿਲੇਗੀ ਅਸਲ ‘ਚ ਵਿਸ਼ਵ ਕੱਪ ‘ਚ ਪਹੁੰਚਣ ਲਈ ਸਖ਼ਤ ਮੁਕਾਬਲਿਆਂ ‘ਚੋਂ ਹੋ ਕੇ ਲੰਘਣਾ ਪੈਂਦਾ ਹੈ ਇਸ ਵਾਰ ਏਸ਼ੀਆ ਮਹਾਂਦੀਪ ‘ਚੋਂ ਮੁੱਖ ਤੌਰ ‘ਤੇ ਤਿੰਨ ਕੁਆਲੀਫਾਈਂਗ ਗੇੜ ਦੇ ਮੁਕਾਬਲਿਆਂ ਰਾਹੀਂ ਇਰਾਨ, ਜਾਪਾਨ, ਸਊਦੀ ਅਰਬ, ਅਤੇ ਦੱਖਣੀ ਕੋਰੀਆ ਨੇ ਵਿਸ਼ਵ ਕੱਪ ‘ਚ ਜਗ੍ਹਾ ਬਣਾਈ ਜਦੋਂਕਿ ਆਸਟਰੇਲੀਆ ਨੇ ਚੌਥੇ ਗੇੜ ‘ਚ ਕਾਨਕਾਸੇਫ ਦੀ ਟੀਮ ਨੂੰ ਹਰਾ ਕੇ ਏਸ਼ੀਆ ਦੀ ਪੰਜਵੀਂ ਟੀਮ ਦੇ ਤੌਰ ‘ਤੇ ਵਿਸ਼ਵ ਕੱਪ ਖੇਡਣ ਦਾ ਹੱਕ ਹਾਸਲ ਕੀਤਾ।
ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ 6 ਕਨਫੈਡਰੇਸ਼ਨਾਂ ਦੇ ਤਹਿਤ ਕੁਆਲੀਫਾਈਂਗ ਮੁਕਾਬਲੇ ਹੋਏ ਭਾਰਤ ਸਮੇਤ 47 ਏਸ਼ੀਆਈ ਦੇਸ਼ ਏਸ਼ੀਆਈ ਕਨਫੈਡਰੇਸ਼ਨ (ਏ.ਐਫ.ਸੀ.) ਤਹਿਤ ਖੇਡੇ ਏਸ਼ੀਆਈ ਦੇਸ਼ਾਂ ਲਈ ਵਿਸ਼ਵ ਕੱਪ ‘ਚ ਸਾਢੇ 4 ਸਥਾਨ ਰੱਖੇ ਗਏ ਹਨ ਵਿਸ਼ਵ ਕੱਪ ਲਈ ਏਸ਼ੀਆਈ ਦੇਸ਼ਾਂ ਨੂੰ ਮੁੱਖ ਤੌਰ ‘ਤੇ ਤਿੰਨ ਗੇੜਾਂ ‘ਚੋਂ ਹੋ ਕੇ ਲੰਘਣਾ ਪੈਂਦਾ ਹੈ ਇਸ ਵਿੱਚ ਰੈਂਕਿੰਗ ਦਾ ਵੀ ਮਹੱਤਵਪੂਰਨ ਪੱਖ ਹੁੰਦਾ ਹੈ ਭਾਰਤ ਇਹਨਾਂ ਕੁਆਲੀਫਾਈਂਗ ਮੈਚਾਂ ਦੇ ਦੂਸਰੇ ਗੇੜ ‘ਚ ਹੀ ਹਾਰ ਕੇ ਬਾਹਰ ਹੋ ਗਿਆ ਸੀ 2018 ਦੇ ਵਿਸ਼ਵ ਕੱਪ ਲਈ ਕੁਆਲੀਫਾਈਂਗ ਗੇੜ ਮੁਕਾਬਲਿਆਂ ਦੇ ਪਹਿਲੇ ਡਰਾਅ ਮੌਕੇ 47 ਏਸ਼ੀਆਈ ਟੀਮਾਂ ਚੋਂ ਭਾਰਤ ਦੀ ਰੈਂਕਿੰਗ (ਏਸ਼ੀਆ ‘ਚ 35) ਹੇਠਾਂ ਹੋਣ ਕਾਰਨ ਉਸਨੂੰ ਪਹਿਲੇ ਗੇੜ ‘ਚ ਰੱਖਿਆ ਗਿਆ ਸੀ ਜਦੋਂਕਿ 1 ਤੋਂ 34 ਰੈਂਕਿੰਗ ਵਾਲੀਆਂ ਟੀਮਾਂ ਨੂੰ ਸਿੱਧਾ ਦੂਸਰੇ ਗੇੜ ‘ਚ ਪ੍ਰਵੇਸ਼ ਮਿਲਿਆ ਹੈ।
ਪਹਿਲੇ ਗੇੜ ਦੇ ਮੁਕਾਬਲਿਆਂ ‘ਚ ਖੇਡੀਆਂ 12 ਟੀਮਾਂ ‘ਚੋਂ ਭਾਰਤ ਸਮੇਤ ਛੇ ਨੇ ਅੰਕਾਂ ਦੇ ਆਧਾਰ ‘ਤੇ ਦੂਸਰੇ ਗੇੜ ‘ਚ ਪ੍ਰਵੇਸ਼ ਪਾਇਆ ਦੂਸਰੇ ਗੇੜ ਦੇ ਡਰਾਅ ‘ਚ ਪਹਿਲੀਆਂ 34 ਟੀਮਾਂ ਅਤੇ ਪਹਿਲੇ ਗੇੜ ਦੀਆਂ ਭਾਰਤ ਸਮੇਤ ਜੇਤੂ 6 ਟੀਮਾਂ ਨੂੰ 5-5 ਦੇ ਅੱਠ ਗਰੁੱਪਾਂ ‘ਚ ਵੰਡਿਆ ਗਿਆ ਸੀ ਇਹਨਾਂ ਅੱਠ ਗਰੁੱਪਾਂ ‘ਚੋਂ ਇੱਕ-ਇੱਕ ਅੱਵਲ ਅਤੇ ਚਾਰ ਸ੍ਰੇਸ਼ਠ ਰਨਰ ਅੱਪ ਟੀਮਾਂ ਨੂੰ ਤੀਸਰੇ ਗੇੜ ‘ਚ ਪ੍ਰਵੇਸ਼ ਮਿਲਿਆ ਭਾਰਤ ਇਸ ਗੇੜ ‘ਚ ਆਪਣੇ ਗਰੁੱਪ ‘ਚ ਅੱਠ ਮੈਚਾਂ ‘ਚ ਸਿਰਫ਼ ਇੱਕ ਜਿੱਤਿਆ ਸੀ ਅਤੇ ਦੂਸਰੇ ਗੇੜ ‘ਚ ਹੀ ਕੁਆਲੀਫਾਈਂਗ ਚੱਕਰ ਚੋਂ ਬਾਹਰ ਹੋ ਗਿਆ ਸੀ ਇਸ ਦੌਰਾਨ ਵਿਸ਼ਵ ਕੱਪ ‘ਚ ਕੁਆਲੀਫਾਈ ਕੀਤੀ ਟੀਮ ਇਰਾਨ ਹੱਥੋਂ ਭਾਰਤ 0-4 ਨਾਲ ਹਾਰਿਆ ਦੂਸਰੇ ਗੇੜ ਦੀਆਂ ਅੱਵਲ 12 ਟੀਮਾਂ ਤੀਸਰੇ ਗੇੜ ਦੋ ਗਰੁੱਪਾਂ ‘ਚ ਖੇਡੀਆਂ ਅਤੇ ਇਹਨਾਂ ਦੋ ਗਰੁੱਪਾਂ ਚੋਂ ਦੋ ਜੇਤੂ(ਜਾਪਾਨ ਅਤੇ ਇਰਾਨ) ਅਤੇ ਦੋ ਰਨਰ ਅੱਪ (ਸਉਦੀ ਅਰਬ ਅਤੇ ਦੱਖਣੀ ਕੋਰੀਆ) ਟੀਮਾਂ ਨੇ ਵਿਸ਼ਵ ਕੱਪ ਲਈ ਰਾਖ਼ਵੇਂ ਸਥਾਨ ‘ਤੇ ਕਬਜਾ ਕਰਕੇ ਵਿਸ਼ਵ ਕੱਪ ‘ਚ ਖੇਡਣ ਦਾ ਹੱਕ ਹਾਸਲ ਕੀਤਾ।
ਇਸ ਤੋਂ ਬਾਅਦ ਤੀਸਰੇ ਗਰੁੱਪ ਦੀਆਂ ਤੀਸਰੇ ਸਥਾਨ ‘ਤੇ ਰਹੀਆਂ ਦੋ ਟੀਮਾਂ (ਆਸਟਰੇਲੀਆ ਅਤੇ ਸੀਰੀਆ ) ਦਾ ਆਪਸੀ ਮੁਕਾਬਲਾ ਹੋਇਆ ਜਿਸ ਵਿੱਚ ਆਸਟਰੇਲੀਆ ਜੇਤੂ ਰਹੀ ਅਤੇ ਉਸਨੇ ਏਸ਼ੀਆ ਵਾਂਗ ਹੀ ਅਮਰੀਕਨ ਅਤੇ ਕੈਰੇਬਿਆਈ ਦੇਸ਼ਾਂ ਦੀ ਫੈਡਰੇਸ਼ਨ ‘ਕਨਫੈਡਰੇਸ਼ਨ ਆਫ਼ ਨਾਰਥ, ਸੈਂਟਰਲ ਅਮਰੀਕਨ ਐਂਡ ਕੈਰੇਬਿਅਨ ਐਸੋਸੀਏਸ਼ਨ ਫੁੱਟਬਾਲ’ (ਕੋਨਕਾਸੇਫ) ਦੇ ਤੀਸਰੇ ਗੇੜ ‘ਚ ਪਿੱਛੇ ਰਹੀ ਟੀਮ ਹੋਂਡੁਰਸ ਨਾਲ ਹੋਏ ਦੋ ਮੈਚਾਂ ‘ਚ ਇੱਕ ਡਰਾਅ ਅਤੇ ਇੱਕ ਮੈਚ ਜਿੱਤ ਕੇ ਨਵੰਬਰ 2017 ‘ਚ ਵਿਸ਼ਵ ਕੱਪ ਲਈ ਏਸ਼ੀਆ ਦੀ ਪੰਜਵੀਂ ਟੀਮ ਦੇ ਤੌਰ ‘ਤੇ ਜਗ੍ਹਾ ਬਣਾਈ ਸੀ।
ਭਾਰਤ ਦੇ ਕੁਆਲੀਫਾਈਂਗ ਪ੍ਰਦਰਸ਼ਨ ਨੂੰ ਦੇਖ ਕੇ ਹਾਲਾਂਕਿ ਵਿਸ਼ਵ ਕੱਪ ‘ਚ ਭਾਰਤ ਦੀ ਸ਼ਮੂਲੀਅਤ ਦਾ ਸੁਪਨਾ ਛੇਤੀ ਪੂਰਾ ਹੁੰਦਾ ਨਹੀਂ ਜਾਪਦਾ ਪਰ ਭਾਰਤੀ ਟੀਮ ਕਪਤਾਨ ਸੁਨੀਲ ਛੇਤਰੀ ਦੀ ਕਪਤਾਨੀ ‘ਚ ਇਸ ਵਿਸ਼ਵ ਕੱਪ ਦੀ ਰੇਸ ‘ਚ ਅੱਗੇ ਜਰੂਰ ਵਧ ਰਹੀ ਹੈ ਅਤੇ ਜੇਕਰ ਕੁਝ ਪੱਖਾਂ ‘ਤੇ ਧਿਆਨ ਦੇ ਦਿੱਤਾ ਜਾਵੇ ਅਤੇ ਭਾਰਤੀ ਟੀਮ ਨੂੰ ਵੀ 2026 ਜਾਂ 2030 ਤੱਕ ਵਿਸ਼ਵ ਕੱਪ ਖੇਡਦਾ ਦੇਖਿਆ ਜਾ ਸਕਦਾ ਹੈ ਹਾਲਾਂਕਿ ਇਸ ਲਈ ਜ਼ਬਰਦਸਤ ਕੋਸ਼ਿਸ਼ਾਂ ਕਰਕੇ ਲਗਾਤਾਰ ਆਪਣੀ ਵਿਸ਼ਵ ਰੈਂਕਿੰਗ ‘ਚ ਸੁਧਾਰ ਕਰਨਾ ਅਤੇ ਉਸ ਤੋਂ ਬਾਅਦ ਉਸ ਸਥਾਨ ‘ਤੇ ਕਾਇਮ ਰਹਿਣ ਦੀ ਜਰੂਰਤ ਹੋਵੇਗੀ ਤਾਂਕਿ ਟੀਮ ਨੂੰ ਕੁਆਲੀਫਾਈਂਗ ਗੇੜ ਦੇ ਮੌਕੇ ਆਸਾਨ ਗਰੁੱਪ ਮਿਲ ਸਕਣ।
2026 ਤੱਕ ਖੇਡ ਸਕਦਾ ਹੈ ਭਾਰਤ ਵੀ ਵਿਸ਼ਵ ਕੱਪ
ਇਸ ਸਾਲ ਦੇ ਸ਼ੁਰੂ ‘ਚ ਫੁੱਟਬਾਲ ਦੀ ਅੰਤਰਰਾਸ਼ਟਰੀ ਸੰਸਥਾ ਫੀਫਾ ਦੀ ਜਿਊਰਿਖ਼ ‘ਚ ਹੋਈ ਮੀਟਿੰਗ ‘ਚ ਭਾਰਤ ਲਈ ਵਿਸ਼ਵ ਕੱਪ ਦੀ ਰਾਹ ਆਸਾਨ ਹੋਣ ਦੇ ਕੁਝ ਆਸਾਰ ਦਿਖੇ ਹਨ ਇਸ ਮੀਟਿੰਗ ‘ਚ ਇਸ ਗੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿ ਵਿਸ਼ਵ ਕੱਪ ਦੇ 32 ਟੀਮਾਂ ਦੇ ਭਾਗ ਲੈਣ ਵਾਲੇ ਫਾਰਮੈੱਟ ਨੂੰ ਬਦਲ ਕੇ ਇਸ ਨੂੰ 48 ਟੀਮਾਂ ਦਾ ਕਰ ਦਿੱਤਾ ਜਾਵੇ ਇਸ ਮੀਟਿੰਗ ‘ਚ ਵਿਚਾਰੇ ਗਏ ਫਾਰਮੇਟ ਅਨੁਸਾਰ ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ(ਏਐਫਸੀ) ਦੇ ਤਹਿਤ ਭਾਰਤ ਸਮੇਤ ਖੇਡਦੇ 47 ਦੇਸ਼ਾਂ ਨੂੰ ਕੁਆਲੀਫਾਈ ਕਰਨ ਲਈ 8 ਸਥਾਨ ਦਿੱਤੇ ਜਾਣਗੇ ਜੋ ਕਿ ਮੌਜ਼ੂਦਾ ਸਮੇਂ ‘ਚ ਸਾਢੇ 4 ਹਨ ਅਸਲ ਸਾਢੇ ਚਾਰ ਦੀ ਗਿਣਤੀ ਇਸ ਲਈ ਕਹੀ ਜਾਂਦੀ ਹੈ ਤੀਸਰੇ ਗੇੜ ਤੱਕ ਚਾਰ ਅੱਵਲ ਟੀਮਾਂ ਨੂੰ ਸਿੱਧਾ ਪ੍ਰਵੇਸ਼ ਮਿਲ ਜਾਂਦਾ ਹੈ।
ਜਦੋਂਕਿ ਪੰਜਵੀਂ ਟੀਮ ਨੂੰ ਏਸ਼ੀਆ ਤੋਂ ਬਾਹਰ ਦੀ ਅਮਰੀਕਨ ਅਤੇ ਕੈਰੇਬਿਆਈ ਫੁੱਟਬਾਲ ਫੈਡਰੇਸ਼ਨ ਚੋਂ ਮੁੱਖ ਟੀਮਾਂ ਦੇ ਕੁਆਲੀਫਾਈ ਕਰਨ ਤੋਂ ਬਾਅਦ ਪਿਛਲੀ ਟੀਮ ਨਾਲ ਮੈਚ ਖੇਡਣਾ ਪੈਂਦਾ ਹੈ ਜਿਸ ਵਿੱਚ ਜਿੱਤਣ ‘ਤੇ ਉਸ ਨੂੰ ਵਿਸ਼ਵ ਕੱਪ ਦੀ ਟਿਕਟ ਮਿਲਦੀ ਹੈ ਅਤੇ ਹਾਰਨ ‘ਤੇ ਵਿਰੋਧੀ ਟੀਮ ਨੂੰ ਵਿਸ਼ਵ ਕੱਪ ਦੀ ਟਿਕਟ ਮਿਲ ਜਾਂਦੀ ਹੈ ਇਸ ਤਰ੍ਹਾਂ ਇਹ ਸਥਾਨ ਏਸ਼ੀਆ ਲਈ ਪੱਕਾ ਨਹੀਂ ਹੈ ਅਤੇ ਇਸ ਵਿੱਚ ਦੂਸਰੇ ਫੈਡਰੇਸ਼ਨ ਦੀ ਟੀਮ ਵੀ ਜਿੱਤ ਨਾਲ ਵਿਸ਼ਵ ਕੱਪ ‘ਚ ਕੁਆਲੀਫਾਈ ਕਰ ਸਕਦੀ ਹੈ ਜ਼ਿਊਰਿਖ਼ ‘ਚ ਫੀਫਾ ਦੀ ਮੀਟਿੰਗ ਨੂੰ ਜੇਕਰ ਅਮਲੀ ਜਾਮਾ ਪਵਾ ਦਿੱਤਾ ਜਾਂਦਾ ਹੈ ਅਤੇ ਏਸ਼ੀਆਈ ਦੇਸ਼ਾਂ ਚੋਂ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਦੀ ਗਿਣਤੀ ਵਧੇਗੀ ਤਾਂ ਭਾਰਤ ਦੀ ਰਾਹ ਕੁਝ ਆਸਾਨ ਹੋ ਸਕਦੀ ਹੈ ਹਾਲਾਂਕਿ ਫਿਰ ਵੀ ਭਾਰਤ ਨੂੰ ਇਸ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਭਾਰਤ ‘ਚ ਫੁੱਟਬਾਲ ਪ੍ਰਤੀ ਰੁਝਾਨ ਬੇਮਿਸਾਲ
ਫੁੱਟਬਾਲ ਦੀ ਖੇਡ ਪ੍ਰਤੀ ਭਾਰਤੀ ਲੋਕਾਂ ਦੇ ਰੁਝਾਨ ਦਾ ਪਤਾ ਅੰਡਰ 17 ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਲੱਗਾ ਜਿਸ ਵਿੱਚ ਦਰਸ਼ਕਾਂ ਦੀ ਗਿਣਤੀ ਰਿਕਾਰਡ ਤੋੜ ਰਹੀ ਪੂਰੇ ਟੂਰਨਾਮੈਂਟ ਦਾ 12 ਲੱਖ 39 ਹਜਾਰ 100 ਦਰਸ਼ਕਾਂ ਨੇ ਮੈਦਾਨਾਂ ‘ਚ ਆ ਕੇ ਆਨੰਦ ਲਿਆ ਜੋ ਕਿ ਇੱਕ ਰਿਕਾਰਡ ਗਿਣਤੀ ਕਹੀ ਜਾ ਰਹੀ ਹੈ ਅਤੇ ਭਾਰਤ ਵਿੱਚ ਫੁੱਟਬਾਲ ਵਿੱਚ ਤੇਜੀ ਨਾਲ ਵਧਦੇ ਰੁਝਾਨ ਦਾ ਜਿਉੰਦਾ ਜਾਗਦਾ ਉਦਾਹਰਣ ਹਨ ਇਸ ਤੋਂ ਪਹਿਲਾਂ 1985 ‘ਚ ਗੁਆਂਢੀ ਮੁਲਕ ਚੀਨ ‘ਚ ਹੋਏ ਅੰਡਰ 17 ਦੇ ਵਿਸ਼ਵ ਕੱਪ ‘ਚ 12 ਲੱਖ 30 ਹਜ਼ਾਰ 976 ਦਰਸ਼ਕਾਂ ਦਾ ਰਿਕਾਰਡ ਗਿਣਿਆ ਗਿਆ ਸੀ 2011 ‘ਚ ਮੈਕਸਿਕੋ ‘ਚ ਦਰਸ਼ਕਾਂ ਦੀ ਗਿਣਤੀ 10 ਲੱਖ ਦੇ ਕਰੀਬ ਸੀ ਜਿਸ ਤੋਂ ਸਾਫ਼ ਹੈ ਕਿ ਭਾਰਤ ਵਿੱਚ ਫੁੱਟਬਾਲ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਵਿਦੇਸ਼ਾਂ ਤੋਂ ਕਿਤੇ ਵੱਧ ਹੈ।
ਅੰਤਰਰਾਸ਼ਟਰੀ ਮੈਚਾਂ ਦੀ ਕਮੀ ਵੀ ਭਾਰਤ ਦੀ ਮੁਸ਼ਕਲ
ਵਿਸ਼ਵ ਪੱਧਰ ‘ਤੇ ਅੱਗੇ ਵਧਣ ‘ਚ ਭਾਰਤ ਲਈ ਸਭ ਤੋਂ ਵੱਡੀ ਸਮੱਸਿਆ ਹੈ ਕਿ ਭਾਰਤ ਬਹੁਤ ਘੱਟ ਅੰਤਰਰਾਸ਼ਟਰੀ ਮੈਚ ਖੇਡਦਾ ਹੈ ਜਿਸ ਦਾ ਮਤਲਬ ਹੈ ਕਿ ਘੱਟ ਰੈਂਕਿੰਗ ਅੰਕ ਅਤੇ ਰੈਂਕਿੰੰਗ ‘ਚ ਹੇਠਾਂ ਰਹਿਣ ਵਾਲੀਆਂ ਟੀਮਾਂ ਨੂੰ ਵਿਸ਼ਵ ਕੱਪ ਦੇ ਕੁਆਲੀਫਿਕੇਸ਼ਨ ਗੇੜਾਂ ਲਈ ਮੁਸ਼ਕਲ ਗਰੁੱਪ ਮਿਲਦਾ ਹੈ ਭਾਰਤ 6-7 ਮਹੀਨੇ ‘ਚ ਔਸਤਨ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਦਾ ਹੈ ਅਤੇ ਇਹੀ ਇੱਕ ਵੱਡੀ ਵਜ੍ਹਾ ਹੈ ਕਿ ਭਾਰਤ ਨੂੰ ਫੀਫਾ ਵਿਸ਼ਵ ਕੱਪ ‘ਚ ਕੁਆਲੀਫਾਈ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ ਇੱਕ ਸਮਾਂ ਸੀ ਜਦੋਂ ਅਰਜਨਟੀਨਾ ਜਿਹੀ ਮਜ਼ਬੂਤ ਟੀਮ ਭਾਰਤ ਆ ਕੇ ਖੇਡਿਆ ਕਰਦੀ ਸੀ ਪਰ ਹੁਣ ਕਈ ਸਾਲਾਂ ‘ਚ ਦੋ ਚਾਰ ਅੰਤਰਰਾਸ਼ਟਰੀ ਟੂਰਨਾਮੈਂਟ ਹੁੰਦੇ ਹਨ ਅਤੇ ਇਹ ਗੱਲ ਸਾਫ਼ ਹੈ ਕਿ ਜੇਕਰ ਤੁਸੀਂ ਲਗਾਤਾਰ ਮੁਕਾਬਲੇ ਵਾਲੇ ਟੂਰਨਾਮੈਂਟ ਨਹੀਂ ਖੇਡੋਗੇ ਤਾਂ ਜਾਹਿਰ ਹੇ ਕਿ ਵਿਸ਼ਵ ਕੱਪ ਜਿਹੇ ਟਰਨਾਮੈਂਟ ‘ਚ ਕੁਆਲੀਫਾਈ ਕਰਨਾ ਓਨਾ ਹੀ ਔਖਾ ਹੋਵੇਗਾ।
ਭਾਰਤ ਵਧ ਰਿਹੈ ਅੱਗੇ
ਕੁਆਲੀਫਾਈਂਗ ਗੇੜ ‘ਚ ਸ਼ਰਮਨਾਕ ਹਾਰ ਤੋਂ ਬਾਅਦ ਭਾਰਤ ਨੇ ਆਪਣੇ ਤੋਂ ਉੱਪਰ ਦੀ ਰੈਂਕਿੰਗ ਦੀਆਂ ਟੀਮਾਂ ਨੂੰ ਵੀ ਹਰਾਇਆ ਅਤੇ ਆਪਣੀ ਰੈਂਕਿੰਗ ‘ਚ ਤੇਜੀ ਨਾਲ ਸੁਧਾਰ ਕੀਤਾ ਜੋ ਕਿ ਇਸ ਸਮੇਂ ਵਿਸ਼ਵ ਪੱਧਰ ‘ਤੇ 97 ਜਦੋਂ ਕਿ ਏਸ਼ੀਆ ਪੱਧਰ ਤੇ 14 ਹੈ ਇਸ ਤੋਂ ਇਲਾਵਾ ਇਸ ਮਹੀਨੇ ਕੀਨੀਆ ਨੂੰ ਹਰਾ ਕੇ ਹੀਰੋ ਕਨਫੈਡਰੇਸ਼ਨ ਕੱਪ ਜਿੱਤਣਾ ਵੀ ਭਾਰਤ ਦੇ ਵਧਦੇ ਕਦਮਾਂ ਦਾ ਸਬੂਤ ਹੈ ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕੋਂਸਟੈਨਟੀਨ ਦੀ ਅਗਵਾਈ ‘ਚ ਭਾਰਤ ਦਾ ਚੰਗਾ ਸਮਾਂ ਆ ਰਿਹਾ ਹੈ ਅਤੇ ਜੇਕਰ ਇਸ ਤਰ੍ਹਾਂ ਹੀ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰਦੀ ਰਹੀ ਤਾਂ ਉਹ ਛੇਤੀ ਹੀ ਏਸ਼ੀਆਂ ਦੀਆਂ ਪਹਿਲੀਆਂ ਪੰਜ ਟੀਮਾਂ ‘ਚ ਹੋਵੇਗੀ।
ਜ਼ਮੀਨੀ ਪੱਧਰ ‘ਤੇ ਕੋਸ਼ਿਸ਼ਾਂ ਜਰੂਰੀ
ਫੁੱਟਬਾਲ ‘ਚ ਉੱਚ ਪੱਧਰ ਤੱਕ ਪਹੁੰਚਣ ਲਈ ਭਾਰਤ ਨੂੰ ਜਮੀਨੀ ਪੱਧਰ ਤੋਂ ਹੀ ਕੋਸ਼ਿਸ਼ ਕਰਨੀ ਪਵੇਗੀ ਜਿਸ ਦੇ ਤਹਿਤ ਸਕੂਲਾਂ ਤੋਂ ਹੀ ਬੱਚਿਆਂ ਵਿੱਚ ਕਿਸੇ ਤਰੀਕੇ ਨਾਲ ਫੁੱਟਬਾਲ ਪ੍ਰਤੀ ਰੁਝਾਨ ਵਧਾਇਆ ਜਾਵੇ ਅਤੇ ਛੋਟੇ-ਛੋਟੇ ਟੂਰਨਾਮੈਂਟ ਕਰਵਾਏ ਜਾਣ ਤਾਂਕਿ ਬੱਚੇ ਇਸ ਖੇਡ ਪ੍ਰਤੀ ਜਾਗਰੂਕ ਹੋ ਸਕਣ ਅਤੇ ਇਸ ਨੂੰ ਰੂਚੀ ਦੇ ਤੌਰ ‘ਤੇ ਖੇਡਣ ਇਸ ਤੋਂ ਇਲਾਵਾ ਜੇਕਰ ਭਾਰਤ ਵਿੱਚ ਅੰਡਰ 17 ਵਿਸ਼ਵ ਕੱਪ ਵਾਂਗ ਹੀ ਸੀਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਹੋ ਜਾਵੇ ਤਾਂ ਫਿਰ ਮੇਜ਼ਬਾਨ ਦੇਸ਼ ਹੋਣ ਦੇ ਨਾਤੇ ਭਾਰਤ ਨੂੰ ਸਿੱਧਾ ਮੌਕਾ ਮਿਲ ਜਾਵੇਗਾ ਅਤੇ 88 ਸਾਲਾਂ ਤੋਂ ਚੱਲੇ ਆ ਰਹੇ ਸੋਕੇ ਦਾ ਖ਼ਾਤਮਾ ਹੋ ਜਾਵੇਗਾ ਅਤੇ ਦੇਸ਼ਵਾਸੀਆਂ ਨੂੰ ਬ੍ਰਾਜ਼ੀਲ ਜਾਂ ਜਰਮਨੀ ਦੀ ਜਗ੍ਹਾ ਆਪਣੇ ਦੇਸ਼ ਲਈ ਚੀਅਰ ਕਰਨ ਦਾ ਮੌਕਾ ਮਿਲੇਗਾ ਇਸ ਦਾ ਦੂਸਰਾ ਫ਼ਾਇਦਾ ਵੀ ਹੋਵੇਗਾ ਕਿ ਇਸ ਨਾਲ ਇਸ ਖੇਡ ਪ੍ਰਤੀ ਬੱਚਿਆਂ ਦਾ ਰੁਝਾਨ ਵਧੇਗਾ ਜਿਸ ਦਾ ਅਸਰ ਸਾਨੂੰ ਅੰਡਰ 17 ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਬਾਅਦ ਵੀ ਦੇਖਣ ਨੂੰ ਮਿਲਿਆ ਹੈ।