ਮਾਸਟਰ ਕੇਡਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਤਾਰੀਖ ‘ਚ ਕੀਤਾ 31 ਮਾਰਚ ਤੱਕ ਦਾ ਵਾਧਾ
ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਅਸਾਮੀਆਂ ਵਧਾਉਣ ਲਈ ਕੀਤਾ ਜਾ ਰਿਹਾ ਸੀ ਸੰਘਰਸ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਜਿੱਥੇ ਬੀਤੇ ਕੱਲ੍ਹ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੈੱਟ) ਦਾ ਨਤੀਜਾ ਐਲਾਨ ਦਿੱਤਾ ਹੈ, ਉੱਥੇ ਹੀ ਮਾਸਟਰ ਕੇਡਰ ਦੀਆਂ ਕੱਢੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ 31 ਮਾਰਚ ਤੱਕ ਦਾ ਵਾਧਾ ਕਰ ਦਿੱਤਾ ਹੈ। ਉਂਜ ਇੱਧਰ ਕਈ ਉਮੀਦਵਾਰਾਂ ਦਾ ਕਹਿਣਾ ਹੈ ਕਿ ਕਰਫਿਊ ਕਾਰਨ ਅਜੇ ਸਭ ਕੁਝ ਬੰਦ ਹੈ ਤਾਂ ਅਪਲਾਈ ਕਿੱਥੋਂ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ 19 ਜਨਵਰੀ ਨੂੰ ਲਏ ਗਏ ਟੈੱਟ ਦੇ ਟੈਸਟ ਦਾ ਨਤੀਜਾ 23 ਮਾਰਚ ਨੂੰ ਹਰ ਹਾਲਤ ਵਿੱਚ ਕੱਢੇ। ਟੈੱਟ ਦਾ ਪੇਪਰ ਦੇਣ ਵਾਲੇ ਕਈ ਦਰਜ਼ਨ ਤੋਂ ਵੱਧ ਉਮੀਦਵਾਰਾਂ ਵੱਲੋਂ ਹਾਈਕੋਰਟ ਵਿੱਚ ਪਹੁੰਚ ਕਰਦਿਆਂ ਅਪੀਲ ਕੀਤੀ ਗਈ ਸੀ ਕਿ ਸਿੱਖਿਆ ਵਿਭਾਗ ਵੱਲੋਂ ਲਗਭਗ ਦੋ ਮਹੀਨੇ ਬੀਤਣ ਤੋਂ ਬਾਅਦ ਵੀ ਟੈੱਟ ਦਾ ਨਤੀਜ਼ਾ ਨਹੀਂ ਕੱਢਿਆ ਜਾ ਰਿਹਾ।
ਇਸ ਤੋਂ ਬਾਅਦ 17 ਮਾਰਚ ਨੂੰ ਹਾਈਕੋਰਟ ਵੱਲੋਂ ਨਿਰਦੇਸ਼ ਦਿੱਤਾ ਗਿਆ ਸੀ ਕਿ ਸਿੱਖਿਆ ਵਿਭਾਗ 23 ਮਾਰਚ ਨੂੰ ਇਸ ਟੈਸਟ ਦਾ ਨਤੀਜ਼ਾ ਕੱਢੇ। ਸਿੱਖਿਆ ਵਿਭਾਗ ਵੱਲੋਂ ਟੈੱਟ ਦਾ ਨਤੀਜ਼ਾ ਕੱਢਣ ਤੋਂ ਬਾਅਦ ਮਾਸਟਰ ਕੇਡਰ ਦੀਆਂ ਕੱਢੀਆਂ 2182 ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ 31 ਮਾਰਚ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਪਹਿਲਾਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 18 ਮਾਰਚ ਸੀ।
ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੈਟ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਮੀਦਵਾਰ ਆਪਣੀ ਫੀਸ 1 ਅਪਰੈਲ ਤੱਕ ਭਰ ਸਕਦੇ ਹਨ। ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਕੱਢੀਆਂ ਇਨ੍ਹਾਂ ਪੋਸਟਾਂ ਵਿੱਚ ਹਿੰਦੀ ਵਿਸ਼ੇ ਦੀਆਂ 40, ਪੰਜਾਬੀ ਵਿਸ਼ੇ ਦੀਆਂ 60, ਗਣਿਤ ਵਿਸ਼ੇ ਦੀਆਂ 450, ਸਾਇੰਸ ਵਿਸ਼ੇ ਦੀਆਂ 700, ਅੰਗਰੇਜੀ ਵਿਸੇ ਦੀਆਂ 880 ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ 52 ਅਸਾਮੀਆਂ ਕੱਢੀਆਂ ਗਈਆਂ ਹਨ।
ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਇਸ ਦਾ ਵਿਰੋਧ ਕਰਦਿਆਂ ਆਖਿਆ ਗਿਆ ਸੀ ਕਿ ਪੰਜਾਬੀ, ਹਿੰਦੀ ਅਤੇ ਸਮਾਜਿਕ ਅਧਿਐਨ ਦੀਆਂ ਸਭ ਤੋਂ ਘੱਟ ਪੋਸਟਾਂ ਕੱਢੀਆਂ ਗਈਆਂ ਹਨ ਜਦਕਿ ਸਭ ਤੋਂ ਵੱਧ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਇਨ੍ਹਾਂ ਵਿਸ਼ਿਆਂ ਨਾਲ ਹੀ ਸਬੰਧਿਤ ਹਨ। ਸੰਘਰਸ਼ ਕਰਨ ਵਾਲੇ ਸਭ ਤੋਂ ਵੱਧ ਬੇਰੁਜ਼ਗਾਰ ਵੀ ਇਨ੍ਹਾਂ ਵਿਸ਼ਿਆਂ ਅੰਦਰ ਵੱਧ ਅਸਾਮੀਆਂ ਕੱਢਣ ਲਈ ਸਰਕਾਰ ਖਿਲਾਫ਼ ਡਟੇ ਹੋਏ ਹਨ।
ਪੰਜਾਬ ਅਣਮਿੱਥੇ ਸਮੇਂ ਲਈ ਬੰਦ, ਕਿਵੇਂ ਕਰ ਸਕਣਗੇ ਅਪਲਾਈ
ਪੰਜਾਬ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਕੋਰ ਕਮੇਟੀ ਮੈਂਬਰ ਰਣਬੀਰ ਸਿੰਘ ਕੰਧੋਲਾ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਜੋ 31 ਮਾਰਚ ਤੱਕ ਦੀ ਮਿਤੀ ਵਧਾਈ ਗਈ ਹੈ, ਉਹ ਆਪਣੇ ਆਪ ਵਿੱਚ ਹਾਸੋਹੀਣੀ ਹੈ, ਕਿਉਂਕਿ ਪੰਜਾਬ ਅੰਦਰ ਅਣਮਿੱਥੇ ਸਮੇਂ ਲਈ ਕਰਫਿਊ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਭ ਕੁਝ ਲਾਕ ਡਾਊਨ ਹੈ ਤਾਂ ਬੇਰੁਜ਼ਗਾਰ ਕਿੱੱਥੇ ਜਾਕੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ 30 ਅਪਰੈਲ ਤੱਕ ਮਾਸਟਰ ਕੇਡਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕਰੇ, ਤਾਂ ਜੋ ਜਿਹੜੇ ਟੈੱਟ ਉਮੀਦਵਾਰਾਂ ਦਾ ਨਤੀਜਾ ਆਇਆ ਹੈ, ਉਹ ਆਪਲਾਈ ਕਰ ਸਕਣ।