ਮਜਦੂਰਾਂ ਦੇ ਪੁੱਟੇ ਮੀਟਰ ਜੋੜਨ ਤੇ ਪਲਾਟਾਂ ਦੇ ਕਬਜੇ ਦੇਣ ਦਾ ਪੱਤਰ ਜਾਰੀ
ਮੋਤੀ ਮਹਿਲ ਦੇ ਘਿਰਾਓ ਤੋਂ ਪਹਿਲਾਂ ਹੀ ਅਧਿਕਾਰੀ ਪੁੱਜੇ ਧਰਨੇ ਵਾਲੇ ਸਥਾਨ ’ਤੇ
ਪੰਜਾਬ ਦੇ ਲੋਕ ਹੁਣ ਜਾਗੇ, ਨਹੀਂ ਧਿਜਣਗੇ ਝੂਠੇ ਵਾਅਦੇ ਕਰਨ ਵਾਲਿਆਂ ’ਤੇ : ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੱਤ ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਵੱਲੋਂ ਅੱਜ ਮੁੱਖ ਮੰਤਰੀ ਦੇ ਸ਼ਹਿਰ ’ਚ ਆਪਣੀਆਂ ਮੰਗਾਂ ਸਬੰਧੀ ਹਜਾਰਾਂ ਦੀ ਗਿਣਤੀ ਵਿੱਚ ਮਜ਼ਦੂਰਾਂ ਵੱਲੋਂ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਆਲਮ ਇਹ ਰਿਹਾ ਕਿ ਪਟਿਆਲਾ ਸ਼ਹਿਰ ਪੂਰੀ ਤਰ੍ਹਾਂ ਜਾਮ ਹੋ ਗਿਆ। ਇਸ ਦੌਰਾਨ ਇਨ੍ਹਾਂ ਮਜ਼ਦੂਰਾਂ ਵੱਲੋਂ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਅਤੇ ਇਸ ਤੋਂ ਪਹਿਲਾਂ ਹੀ ਹਜਾਰਾਂ ਮਜਦੂਰਾਂ ਦੇ ਰੋਹ ਅੱਗੇ ਝੁਕਦਿਆਂ ਕੈਪਟਨ ਸਰਕਾਰ ਵੱਲੋਂ ਮੰਗਾਂ ਮਨਜੂਰ ਕਰਦਿਆਂ ਲਿਖਤੀ ਪੱਤਰ ਜਾਰੀ ਕਰ ਦਿੱਤਾ। ਇਸ ਦੌਰਾਨ ਮਜਦੂਰਾਂ ਦੇ ਪੱਟੇ ਹੋਏ ਮੀਟਰ ਬਿਨਾਂ ਸ਼ਰਤ ਜੋੜਨ, ਅੱਗੇ ਤੋਂ ਮੀਟਰ ਪੁੱਟਣੇ ਬੰਦ ਕਰਨ ਤੇ ਬਕਾਏ ਪਾਸੇ ਰੱਖਕੇ ਅੱਗੇ ਤੋਂ ਕਰੰਟ ਬਿੱਲ ਭੇਜਣ ਅਤੇ ਮਜਦੂਰਾਂ ਦੇ ਕੱਟੇ ਹੋਏ ਪਲਾਟਾਂ ਦਾ ਕਬਜਾ ਇੱਕ ਮਹੀਨੇ ’ਚ ਦੇਣ, ਰਿਹਾਇਸ਼ੀ ਪਲਾਟ ਅਲਾਟ ਕਰਨ ਅਤੇ ਪੰਚਾਇਤੀ ਜ਼ਮੀਨਾਂ ਦੀਆਂ ਡੰਮੀ ਬੋਲੀਆਂ ਵਾਲੇ ਵਿਵਾਦ ਗ੍ਰਸਤ ਥਾਵਾਂ ਦਾ ਨਿਪਟਾਰਾ ਕਰਨ ਦੀਆਂ ਮੰਗਾਂ ਨੂੰ ਮੰਨ ਲਿਆ। ਇਨ੍ਹਾਂ ਮੰਗਾਂ ਦੇ ਮੰਨਣ ਤੋਂ ਬਾਅਦ ਮਜਦੂਰ ਜਥੇਬੰਦੀਆਂ ਵੱਲੋਂ ਪਾਵਰਕੌਮ ਦੇ ਦਫਤਰ ਅੱਗੇ ਜੇਤੂ ਰੈਲੀ ਕਰਕੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ।
ਇਸ ਸਬੰਧੀ ਮਜਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਕਸ਼ਮੀਰ ਸਿੰਘ ਘੁੱਗਸੋਰ ਤੇ ਬਲਦੇਵ ਸਿੰਘ ਨੂਰਪੁਰੀ ਨੇ ਦੱਸਿਆ ਕਿ ਉਪਰੋਕਤ ਫੈਸਲਿਆਂ ਬਾਰੇ ਪਟਿਆਲਾ ਦੇ ਤਹਿਸੀਲਦਾਰ ਤੇ ਐਸ ਪੀ ਕੇਸਰ ਸਿੰਘ ਵੱਲੋਂ ਮਜਦੂਰਾਂ ਦੇ ਇਕੱਠ ’ਚ ਆਕੇ ਐਲਾਨ ਕੀਤਾ ਗਿਆ ਤੇ ਪੱਤਰ ਸੌਂਪੇ ਗਏ। ਇਸ ਮੌਕੇ ਮਜਦੂਰ ਆਗੂਆਂ ਨੇ ਇਸ ਨੂੰ ਅੰਸ਼ਕ ਜਿੱਤ ਕਰਾਰ ਦਿੰਦਿਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾ ਦੱਸਿਆ ਕਿ ਅੱਜ ਸਵੇਰ ਤੋਂ ਹੀ ਡੀ ਆਈ ਜੀ ਗੁਰਪ੍ਰੀਤ ਸਿੰਘ ਤੂਰ ਤੋਂ ਇਲਾਵਾ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਪਟਿਆਲਾ ਵੱਲੋਂ ਮਜਦੂਰ ਆਗੂਆਂ ਨਾਲ ਕਈ ਗੇੜ ਦੀ ਗੱਲਬਾਤ ਕੀਤੀ। ਅੱਜ ਸਵੇਰ ਤੋਂ ਮਜਦੂਰ ਮਰਦ ਔਰਤਾਂ ਖੌਲਦੇ ਰੋਹ ਨਾਲ ਮੁੱਖ ਮੰਤਰੀ ਦੇ ਮੋਤੀ ਮਹਿਲ ਦੇ ਘਿਰਾਓ ਲਈ ਬਾਰਾਂਦਰੀ ਲਾਗੇ ਤੇ ਬਿਜਲੀ ਬੋਰਡ ਦੇ ਮੁੱਖ ਦਫਤਰ ਦੇ ਸਾਹਮਣੇ ਵਾਲੀ ਸੜਕ ਮੱਲਕੇ ਬੈਠ ਗਏ।
ਹਜਾਰਾਂ ਮਜਦੂਰਾਂ ਦੇ ਜੁੜੇ ਇਕੱਠ ਨੂੰ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਸਮਾਓ, ਪੰਜਾਬ ਖੇਤ ਮਜਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ, ਦਿਹਾਤੀ ਮਜਦੂਰ ਸਭਾ ਦੇ ਸਕੱਤਰ ਬਲਦੇਵ ਸਿੰਘ ਨੂਰਪੁਰੀ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਲਖਵੀਰ ਸਿੰਘ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਮਿੰਟੂ ਆਦਿ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਮਰਿੰਦਰ ਸਰਕਾਰ ਵੱਲੋਂ ਰਹਿੰਦੀਆਂ ਮੰਗਾਂ ਸਬੰਧੀ ਫੈਸਲਾ ਨਾ ਲਿਆ ਤਾਂ ਇਸ ਦਾ ਤਕੜਾ ਵਿਰੋਧ ਹੋਵੇਗਾ।
ਬਾਕੀ ਮੰਗਾਂ ਲਈ 23 ਸਤੰਬਰ ਨੂੰ ਹੋਵੇਗੀ ਮੀਟਿੰਗ
ਇੱਧਰ ਮਜ਼ਦੂਰ ਜਥੇਬੰਦੀਆਂ ਦੀਆਂ ਬਾਕੀ ਮੰਗਾਂ ਸਹਿਕਾਰੀ, ਸਰਕਾਰੀ ਤੇ ਗੈਰਸਰਕਾਰੀ ਕਰਜੇ ਦੀ ਮੁਆਫੀ,ਸਹਿਕਾਰੀ ਸਭਾਵਾਂ ਵਿੱਚ ਬਿਨਾਂ ਸਰਤ ਬੇਜਮੀਨੇ ਮਜਦੂਰਾਂ ਨੂੰ ਮੈਂਬਰ ਬਣਾਉਣ, ਕੱਟੇ ਹੋਏ ਨੀਲੇ ਕਾਰਡ ਬਹਾਲ ਕਰਨ ਤੇ ਲੋੜਵੰਦ ਪਰਿਵਾਰਾਂ ਦੇ ਕਾਰਡ ਬਣਾਉਣ ਤੇ ਜਨਤਕ ਵੰਡ ਪ੍ਰਣਾਲੀ ਮਜਬੂਤ ਕਰਨ, ਬੁਢਾਪਾ ਪੈਨਸਨਾਂ ਦੀ ਰਾਸੀ ਚ ਵਾਧਾ ਕਰਨ ਤੇ ਉਮਰ ਹੱਦ ਘਟਾਉਣ, ਸਮਾਜਿਕ ਜਬਰ ਦੇ ਖਾਤਮੇ ਤੇ ਦਰਜ ਐੱਸ ਸੀ ਐਕਟ ਤਹਿਤ ਦਰਜ ਕੇਸਾਂ ਸੰਬੰਧੀ ਬਣਦੀ ਕਾਰਵਾਈ ਕਰਨ ਆਦਿ ਦੇ ਨਿਪਟਾਰੇ ਲਈ 23 ਸਤੰਬਰ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ, ਮੁੱਖ ਮੰਤਰੀ ਦੇ ਪਿ੍ਰੰਸੀਪਾਲ ਸਕੱਤਰ ਐਮ ਪੀ ਸਿੰਘ ਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ ਵਿਖੇ ਮੀਟਿੰਗ ਬਾਰੇ ਵੀ ਪੱਤਰ ਅਧਿਕਾਰੀਆਂ ਵਲੋਂ ਮਜਦੂਰ ਆਗੂਆਂ ਨੂੰ ਸੌਂਪਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ