ਦਿੱਲੀ ਦੀ ਤਰਜ਼ ’ਤੇ ਪੰਜਾਬ ਸਰਕਾਰ ਵੀ ਦੇਵੇ 5 ਹਜ਼ਾਰ ਰੁਪਏ ਮਾਲੀ ਸਹਾਇਤਾ, ਆਪ ਨੇ ਕੀਤੀ ਮੰਗ

Financial Assistance Sachkahoon

 ਟੈਕਸੀ ਡਰਾਈਵਰਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਹੋਰ ਗਰੀਬ ਵਰਗਾਂ ਨੂੰ ਮਿਲੇ ਵਿੱਤੀ ਸਹਾਇਤਾ : ਹਰਪਾਲ ਸਿੰਘ ਚੀਮਾ

  • ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ 2,10,684 ਲੱਖ ਮਜਦੂਰਾਂ ਅਤੇ 1.56 ਲੱਖ ਡਰਾਈਵਰਾਂ ਸਮੇਤ ਹੋਰ ਗਰੀਬ ਵਰਗਾਂ ਲਈ 5000 ਰੁਪਏ ਦੀ ਦਿੱਤੀ ਵਿੱਤੀ ਸਹਾਇਤਾ

  • ਆਵਾਜਾਈ ਠੱਪ ਹੋਣ ਕਾਰਨ ਟੈਕਸੀ ਅਤੇ ਆਟੋ ਡਰਾਈਵਰ ਆਪਣੀਆਂ ਗੱਡੀਆਂ ਦੀਆਂ ਕਿਸ਼ਤਾਂ ਮੋੜਨ ਦੇ ਵੀ ਕਾਬਿਲ ਨਹੀਂ ਰਹੇ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਿੱਠੀ ਲਿਖ ਕੇ ਮੰਗ ਕੀਤੀ ਕਿ ਕੋਰੋਨਾ ਕਾਲ ਵਿੱਚ ਦਿੱਲੀ ਸਰਕਾਰ ਦੀ ਤਰਜ਼ ’ਤੇ ਟੈਕਸੀ ਡਰਾਈਵਰਾਂ, ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਕਲਾਕਾਰਾਂ ਤੇ ਹੋਰ ਗਰੀਬ ਵਰਗਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।

ਆਪ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਚਿੱਠੀ ਵਿੱਚ ਲਿਖਿਆ ਕਿ ਪਿਛਲੇ 2 ਸਾਲਾਂ ਤੋਂ ਸੰਪੂਰਨ ਭਾਰਤ ਸਮੇਤ ਪੰਜਾਬ ਕੋਰੋਨਾ ਦੀ ਮਹਾਂਮਾਰੀ ਕਾਰਨ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ। ਅਜਿਹੇ ਸਮੇਂ ਵਿੱਚ ਪੰਜਾਬ ਸਰਕਾਰ ਨੇ ਤਾਲਾਬੰਦੀ ਲਾਗੂ ਕੀਤੀ, ਜਿਸ ਕਾਰਨ ਆਮ ਲੋਕਾਂ ਦੇ ਕੰਮਕਾਰ ਠੱਪ ਹੋ ਕੇ ਰਹਿ ਗਏ ਅਤੇ ਲੋਕ ਕੰਮਕਾਰ ਛੱਡ ਕੇ ਮਜਬੂਰੀਵਸ ਆਪਣੇ ਘਰਾਂ ਵਿੱਚ ਬੈਠਣਾ ਪੈ ਰਿਹਾ ਹੈ । ਤਾਲਾਬੰਦੀ ਦੀ ਸਥਿਤੀ ਕਾਰਨ ਹਰ ਵਰਗ ਆਰਥਿਕ ਤੌਰ ’ਤੇ ਤੰਗੀ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿੱਚ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਅਜਿਹੇ ਸਮੇਂ ਵਿੱਚ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਇਸੇ ਤਰ੍ਹਾਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ 2,10,684 ਲੱਖ ਮਜਦੂਰਾਂ ਅਤੇ 1.56 ਲੱਖ ਡਰਾਈਵਰਾਂ ਸਮੇਤ ਹੋਰ ਗਰੀਬ ਵਰਗਾਂ ਲਈ 5000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ, ਜੋ ਲਾਭਪਾਤਰੀਆਂ ਨੂੰ ਮਿਲਣਾ ਸ਼ੁਰੂ ਵੀ ਹੋ ਗਿਆ ਹੈ ।

ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਵੀ ਟੈਕਸੀ ਡਰਾਈਵਰ, ਮਜਦੂਰ, ਛੋਟੇ ਦੁਕਾਨਦਾਰ ਅਤੇ ਕਲਾਕਾਰਾਂ ਸਮੇਤ ਵੱਖ ਵੱਖ ਵਰਗਾਂ ਦੇ ਲੋਕ ਇਸ ਸਮੇਂ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਆਵਾਜਾਈ ਠੱਪ ਹੋਣ ਕਾਰਨ ਟੈਕਸੀ ਅਤੇ ਆਟੋ ਡਰਾਈਵਰ ਆਪਣੀਆਂ ਗੱਡੀਆਂ ਦੀਆਂ ਕਿਸ਼ਤਾਂ ਮੋੜਨ ਦੇ ਵੀ ਕਾਬਿਲ ਨਹੀਂ ਰਹੇ ਹਨ। ਅੰਤਰਰਾਸਟਰੀ ਉਡਾਣਾਂ ਬੰਦ ਹੋਣ ਕਾਰਨ ਪਰਵਾਸੀ ਪੰਜਾਬੀ ਇਸ ਵਾਰ ਪੰਜਾਬ ਨਹੀਂ ਆ ਰਹੇ ਹਨ ਜਿਸ ਕਾਰਨ ਟੈਕਸੀ ਡਰਾਈਵਰਾਂ ਨੂੰ ਹੋਰ ਵੀ ਮੰਦੀ ਦੇ ਦੌਰ ਵਿਚੋਂ ਲੰਘਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ਵਿਚ ਦਖਲ ਦੇਣ ਅਤੇ ਲੋਨ ਕੰਪਨੀਆਂ ਨੂੰ ਕੁਝ ਸਮੇਂ ਲਈ ਇਹ ਕਿਸ਼ਤਾਂ ਬੰਦ ਕਰਨ ਦੇ ਆਦੇਸ ਜਾਰੀ ਕਰਨ।

ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੀ ਤਰਜ਼ ’ਤੇ ਟੈਕਸੀ ਤੇ ਆਟੋ ਡਰਾਈਵਰਾਂ ਸਮੇਤ ਮਜਦੂਰਾਂ ਨੂੰ 5000 ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ। ਇਸ ਤੋਂ ਬਿਨਾਂ ਛੋਟੇ ਦੁਕਾਨਦਾਰਾਂ ਸਮੇਤ ਵਿਆਹਾਂ-ਸ਼ਾਦੀਆਂ ਉੱਤੇ ਰੰਗਾਰੰਗ ਪ੍ਰੋਗਰਾਮ ਕਰਕੇ ਆਪਣਾ ਜੀਵਨ ਬਸਰ ਕਰਨ ਵਾਲੇ ਲੋਕ ਵੀ ਬਿਨਾਂ ਕਿਸੇ ਕੰਮਕਾਰ ਕਾਰਨ ਔਖੇ ਸਮੇਂ ਵਿਚੋਂ ਲੰਘ ਰਹੇ ਹਨ। ਅਜਿਹੇ ਲੋੜਵੰਦ ਛੋਟੇ ਦੁਕਾਨਦਾਰਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕਰਨ ਦੇ ਨਾਲ ਨਾਲ ਛੋਟੇ ਕਲਾਕਾਰਾਂ ਨੂੰ ਵੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ।

ਸੂਬੇ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਲੋਕ ਇਸ ਸਮੇਂ ਆਪ ਜੀ ਤੋਂ ਆਸ ਕਰ ਰਹੇ ਹਨ ਕਿ ਇਸ ਔਖੀ ਘੜੀ ਵਿੱਚ ਆਪ ਜੀ ਓੁਹਨਾ ਦੀ ਬਾਂਹ ਫੜੋਗੇ। ਸਾਡੀ ਆਪ ਜੀ ਪਾਸੋਂ ਮੰਗ ਹੈ ਕਿ ਇਸ ਮਾਮਲੇ ਉੱਤੇ ਤੁਰੰਤ ਐਕਸ਼ਨ ਲੈਂਦਿਆਂ ਇਨ੍ਹਾਂ ਵਰਗਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਮਾੜੇ ਦੌਰ ਵਿਚੋਂ ਲੰਘ ਰਹੇ ਇਨ੍ਹਾਂ ਵਰਗਾਂ ਦੇ ਲੋਕਾਂ ਦਾ ਜੀਵਨ ਬਦ ਤੋਂ ਬਦਤਰ ਹੋਣ ਤੋਂ ਬਚਾਇਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।