ਕਿਸਾਨਾਂ ਨੂੰ ਦਿੱਲੀ ਮੋਰਚੇ ’ਚ ਵਧ ਚੜਕੇ ਸ਼ਾਮਲ ਹੋਣ ਦਾ ਸੱਦਾ
ਰਾਮ ਗੋਪਾਲ ਰਾਏਕੋਟੀ, ਰਾਏਕੋਟ। ‘ਇੱਕ ਪ੍ਰਧਾਨ ਮੰਤਰੀ ਦੀ ਹੇਠੀ ਸਮੁੱਚੇ ਦੇਸ਼ ਨੂੰ ਬਰਬਾਦ ਕਰ ਸਕਦੀ ਹੈ, ਲੋਕਾਂ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਹੈ, ਪਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਦੀ ਗੱਲ ਨਾ ਸੁਣ ਕੇ ਸਿਰਫ ਆਪਣੇ ਮਨ ਦੀ ਗੱਲ ਹੀ ਕਰਦੇ ਹਨ, ਜੋ ਕਿ ਦੇਸ਼ ਲਈ ਘਾਤਕ ਸਿੱਧ ਹੋ ਸਕਦਾ ਹੈ,’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਗੁਰੂਸਰ ਸੁਧਾਰ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੀ 9 ਮੈਂਬਰੀ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਚਢੂਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਸਭ ਤੋਂ ਵੱਡਾ ਡਰ ਵੋਟਾਂ ਦਾ ਹੁੰਦਾ ਹੈ। ਕਿਸਾਨ ਆਗੂ ਚਢੂਨੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਕਿਸਾਨਾਂ ਦੀ ਅਪੀਲ ’ਤੇ ਪਹਿਰਾ ਦਿੰਦਿਆਂ ਭਾਜਪਾ ਦਾ ਸਫਾਇਆ ਕਰਕੇ ਕਿਸਾਨਾਂ ਦਾ ਸਿਰ ਉੱਚਾ ਕੀਤਾ ਹੈ। ਜਿਸ ਲਈ ਉਹ ਸਦਾ ਲਈ ਬੰਗਾਲ ਦੇ ਲੋਕਾਂ ਦੇ ਰਿਣੀਂ ਰਹਿਣਗੇ। ਕਿਸਾਨ ਆਗੂ ਚਢੂਨੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਹਾਲੇ ਵੀ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਉਹ ਅਗਲੀ ਲੜਾਈ ਲਈ ਯੂ.ਪੀ. ’ਚ ਸ਼ੁਰੂ ਕਰਨਗੇ।
ਉਨ੍ਹਾਂ ਇਸ ਮੌਕੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ’ਚ ਫੇਲ੍ਹ ਰਹੀ ਹੈ, ਲੋਕਾਂ ਨੂੰ ਦਵਾਈਆਂ, ਹਸਪਤਾਲਾਂ ’ਚ ਬੈੱਡ, ਆਕਸੀਜਨ ਆਦਿ ਦੀ ਕਾਲਾ ਚੋਰ ਬਜ਼ਾਰੀ ਕਾਰਨ ਮੋਟੀਆਂ ਰਕਮਾਂ ਦੇਣੀਆਂ ਪੈ ਰਹੀਆਂ ਹਨ। ਇਸ ਮੌਕੇ ਗੁਰਨਾਮ ਸਿੰਘ ਚਢੂਨੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੁਣ ਖੇਤਾਂ ਦਾ ਕੰਮ ਮੁੱਕ ਗਿਆ ਹੈ, ਉਹ ਵੱਡੀ ਗਿਣਤੀ ’ਚ ਦਿੱਲੀ ਦੇ ਬਾਰਡਰਾਂ ’ਤੇ ਪਹੁੰਚਣ ’ਤੇ ਸੰਘਰਸ਼ ਦਾ ਹਿੱਸਾ ਬਣਨ।
ਇਸ ਮੌਕੇ ਐਸਜੀਪੀਸੀ ਮੈਂਬਰ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਅਗਵਾਈ ’ਚ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ ਰਿਟਾ. ਆਈਜੀ, ਇੰਦਰਜੀਤ ਸਿੰਘ ਗਿੱਲ, ਮੇਹਰ ਸਿੰਘ, ਹਰਿੰਦਰਪਾਲ ਸਿੰਘ ਲਾਲੀ, ਪਵਨਜੀਤ ਸਿੰਘ ਗਿੱਲ, ਚਰਨਜੀਤ ਸਿੰਘ, ਸੁਰਿੰਦਰ ਸਿੰਘ, ਸਰਪੰਚ ਰੁਪਿੰਦਰ ਸਿੰਘ, ਸਰਕਲ ਪ੍ਰਧਾਨ ਗੁਰਚੀਨ ਸਿੰਘ, ਹਰਮੇਲ ਸਿੰਘ, ਮੈਨੇਜਰ ਹਰਦੀਪ ਸਿੰਘ, ਸੁਖਜੰਤ ਸਿੰਘ ਗਿੱਲ, ਮਨਦੀਪ ਸਿੰਘ ਗਿੱਲ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।