1 ਲੱਖ ਦੀ ਡਰੱਗ ਮਨੀ ਤੇ ਹੈਰੋਇਨ ਬਰਾਮਦ ਹੋਣ ਦਾ ਦਾਅਵਾ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਥਾਣਾ ਮੇਹਰਬਾਨ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਦੇ ਕਬਜ਼ੇ ’ਚੋਂ ਹੈਰੋਇਨ (Heroin ) ਤੇ ਇੱਕ ਲੱਖ ਰੁਪਏ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ। ਮੁਖ਼ਬਰ ਖਾਸ ਦੀ ਇਤਲਾਹ ’ਤੇ ਕੀਤੀ ਗਈ ਇਸ ਕਾਰਵਾਈ ’ਚ ਪੁਲਿਸ ਅਗਲੇਰੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਵਿਅਕਤੀਆਂ ਦੇ ਸਾਥੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ ਕਰ ਰਹੀ ਹੈ।
ਕਰਾਇਮ ਬ੍ਰਾਂਚ 3 ਲੁਧਿਆਣਾ ਦੇ ਏਕਮਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜੂਨ ਨੂੰ ਉਹ ਗਸਤ ਦੇ ਸਬੰਧ ਵਿੱਚ ਟੀ- ਪੁਆਇੰਟ ਨੇੜੇ ਸਰਕਾਰੀ ਸਕੂਲ ਪਿੰਡ ਕੱਕਾ (ਲੁਧਿਆਣਾ) ਵਿਖੇ ਮੌਜੂਦ ਸੀ। ਉਸ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਵਿਅਕਤੀ ਪਿੰਡ ਜਗੀਰਪੁਰ ਤੋਂ ਪਿੰਡ ਕੱਕਾ ਨੂੰ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਆ ਰਹੇ ਹਨ। ਜੇਕਰ ਕਾਬੂ ਕੀਤਾ ਜਾਵੇ ਤਾਂ ਉਨ੍ਹਾਂ ਕੋਲੋਂ ਹੈਰੋਇਨ (Heroin) ਤੇ ਡਰੱਗ ਮਨੀ ਬਰਾਮਦ ਹੋ ਸਕਦੀ ਹੈ।
ਇਹ ਵੀ ਪੜ੍ਹੋ: ਇਕਲੌਤੇ ਪੁੱਤਰ ਦੀ ਕੈਨੇਡਾ ’ਚ ਮੌਤ, ਮਾਂ-ਬਾਪ ਦਾ ਰੋ-ਰੋ ਬੁਰਾ ਹਾਲ
ਇਤਲਾਹ ’ਤੇ ਪੁਲਿਸ ਪਾਰਟੀ ਨੇ ਪੈਦਲ ਆਉਂਦੇ ਦੋ ਨੋਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸੀ ਲਈ ਤਾਂ ਇੱਕ ਦੇ ਕਬਜ਼ੇ ਵਿੱਚੋਂ 600 ਗ੍ਰਾਮ ਹੈਰੋਇਨ ਤੇ 52 ਹਜ਼ਾਰ ਦੀ ਡਰੱਗ ਮਨੀ ਅਤੇ ਦੂਸਰੇ ਪਾਸੋਂ 4.20 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਹਨਾਂ ਦੀ ਪਹਿਚਾਣ ਜੈ ਦੇਵ ਸ਼ਰਮਾ ਵਾਸੀ ਬਾਲਾ ਜੀ ਕਲੋਨੀ ਲੁਧਿਆਣਾ ਅਤੇ ਪਰਵਿੰਦਰ ਸਿੰਘ ਵਾਸੀ ਸਵਤੰਤਰ ਨਗਰ ਲੁਧਿਆਣਾ ਵਜੋਂ ਹੋਈ ਹੈ। ਤਫ਼ਤੀਸੀ ਅਫ਼ਸਰ ਸੋਹਨ ਲਾਲ ਦਾ ਕਹਿਣਾ ਹੈ ਕਿ ਕਰਾਇਮ ਬ੍ਰਾਂਚ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਹੋਰ ਪੁੱਛਗਿੱਛ ਜਾਰੀ ਹੈ ਤਾਂ ਜੋ ਉਨ੍ਹਾਂ ਦੇ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਸਕੇ।