ਪੁਲਿਸ ਵੱਲੋਂ ਉੱਤਰ ਪ੍ਰਦਸ਼ੇ ਤੋਂ ਚੱਲ ਰਹੇ ਅੰਤਰਰਾਜੀ ਡਰੱਗ ਕਾਰਟਲ ਦਾ ਪਰਦਾਫਾਸ

 ਫ਼ਤਹਿਗੜ੍ਹ ਸਾਹਿਬ : ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ :ਅਨਿਲ ਲੁਟਾਵਾ

ਮੁੱਖ ਸਪਲਾਇਰ 7 ਲੱਖ ਤੋਂ ਵੱਧ ਫਾਰਮਾ ਓਪੀਆਇਡਜ ਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਪੁਲਿਸ ਨੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਬੀਤੀ ਦੇਰ ਸ਼ਾਮ ਇੱਕ ਵੱਡੀ ਕਾਰਵਾਈ ਕਰਦਿਆਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿਚ ਇੱਕ ਗ਼ੈਰ ਕਾਨੂੰਨੀ ਸਟੋਰੇਜ ਗੋਦਾਮ ਵਿਚ ਛਾਪੇਮਾਰੀ ਦੌਰਾਨ ਫਾਰਮਾ ਓਪੀਅਇਡਜ ਦੀਆਂ 7 ਲੱਖ ਤੋਂ ਵੱਧ ਗੋਲੀਆਂ/ਕੈਪਸੂਲ/ਟੀਕੇ ਜ਼ਬਤ ਕਰਕੇ ਇੱਕ ਅੰਤਰਰਾਜੀ ਫਾਰਮਾਸਿਊਟੀਕਲ ਡਰੱਗ ਕਾਰਟਲ ਦਾ ਪਰਦਾਫਾਸ਼ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਮੁੱਖ ਸਪਲਾਇਰ ਨੂੰ ਵੀ ਗਿ੍ਰਫਤਾਰ ਕੀਤਾ ਹੈ, ਜਿਸ ਦੀ ਪਛਾਣ ਆਸ਼ੀਸ਼ ਵਿਸ਼ਕਰਮਾ ਵਾਸੀ ਸਹਾਰਨਪੁਰ (ਯੂ.ਪੀ) ਆਈ.ਟੀ.ਸੀ. ਨੇੜੇ ਖਾਲਾਸੀ ਲਾਈਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਿਛਲੇ 5 ਸਾਲਾਂ ਤੋਂ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਜਿਨ੍ਹਾਂ ਵਿਚ ਫ਼ਤਹਿਗੜ੍ਹ ਸਾਹਿਬ, ਐਸ.ਏ.ਐਸ ਨਗਰ, ਐਸ.ਬੀ.ਐਸ ਨਗਰ, ਰੂਪਨਗਰ, ਪਟਿਆਲਾ ਅਤੇ ਲੁਧਿਆਣਾ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਕਰ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਪੁਲੀਸ ਨੇ 4.98 ਲੱਖ ਲੋਮੋਟਿਲ ਗੋਲੀਆਂ, 97200 ਅਲਪ੍ਰਾਜੋਲਮ ਗੋਲੀਆ, 75840 ਪ੍ਰੋਕਸੀਵੋਨ ਕੈਪਸੂਲ, 21600 ਵਾਇਲਜ਼ ਏਵਲ, 16600 ਬੁਪ੍ਰੇਨੋਰਫੀਨ ਟੀਕੇ, 550 ਟ੍ਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ। ਵਰਨਣਯੋਗ ਹੈ ਕਿ ਚਮਕੌਰ ਸਾਹਿਬ ਦੇ ਰਹਿਣ ਵਾਲੇ 2 ਵਿਅਕਤੀਆਂ ਸੁਖਵਿੰਦਰ ਸਿੰਘ ਉਰਫ਼ ਕਾਲਾ ਅਤੇ ਹਰਜਸਪ੍ਰੀਤ ਸਿੰਘ ਉਰਫ਼ ਜੱਸਾ ਪਾਸੋਂ ਬੁਪਰੇਨੋਰਫਾਈਨ ਦੇ 175 ਟੀਕੇ ਅਤੇ ਏਵਲ ਦੀਆਂ 175 ਵਾਇਲਜ਼ ਬਰਾਮਦ ਕੀਤੇ ਗਏ ਸਨ, ਜਿਸ ਤੋਂ ਬਾਅਦ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀ.ਆਈ.ਏ) ਸਰਹਿੰਦ ਦੀਆਂ ਪੁਲਿਸ ਟੀਮਾਂ ਨੇ ਤਫਤੀਸ਼ ਦੇ ਹਿੱਸੇ ਵਜੋਂ 14 ਜੁਲਾਈ 2022 ਨੂੰ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਅਗਵਾਈ ਹੇਠ ਸਥਾਨਕ ਉੱਤਰ ਪ੍ਰਦੇਸ਼ ਪੁਲਿਸ ਦੀ ਮੌਜੂਦਗੀ ਵਿਚ ਸਟੋਰੇਜ ਗੋਦਾਮ ‘ਤੇ ਛਾਪੇਮਾਰੀ ਕੀਤੀ।

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਗਿ੍ਰਫ਼ਤਾਰ ਵਿਅਕਤੀ ਨੂੰ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਪੰਜਾਬ ਲਿਆਂਦਾ ਗਿਆ ਹੈ ਅਤੇ ਆਪ੍ਰੇਸ਼ਨ ਨੂੰ ਅੰਜ਼ਾਮ ਦੇਣ ਵਿਚ ਜਿਸ ਵਿਚ ਡੀ.ਐਸ.ਪੀ (ਜਾਂਚ) ਜਸਪਿੰਦਰ ਸਿੰਘ ਗਿੱਲ ਅਤੇ ਡੀ.ਐਸ.ਪੀ ਬਸੀ ਪਠਾਣਾ ਅੰਮ੍ਰਿਤਪਾਲ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਮੁਕੱਦਮਾ ਨੰਬਰ 79 ਐਨ.ਡੀ.ਪੀ.ਐਸ ਐਕਟ ਦੀ ਧਾਰਾ 22ਸੀ-61-85 ਤਹਿਤ ਥਾਣਾ ਬਡਾਲੀ ਆਲਾ ਸਿੰਘ ਵਿਖੇ ਪਹਿਲਾ ਹੀ ਦਰਜ ਕੀਤੀ ਗਈ ਸੀ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਅਮਲੋਹ, ਸਰਹਿੰਦ, ਬਡਾਲੀ ਆਲਾ ਸਿੰਘ ਅਤੇ ਖਮਾਣੋਂ ਥਾਣਿਆਂ ਨੂੰ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਘੱਟੋਂ-ਘੱਟ 4 ਵਪਾਰਕ ਮਾਮਲਿਆਂ ਵਿਚ ਲੋੜੀਂਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ