ਕਾਂਗਰਸ ਦੀ ਸਾਬਕਾ ਵਿਧਾਇਕ ਅਤੇ ਬੁਲਾਰੇ ਅਲਕਾ ਲਾਂਬਾ ਵਲੋਂ ਮਹਿੰਗਾਈ ’ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ
- ਪੰਜਾਬ ਵਿਧਾਨ ਸਭਾ ਚੋਣਾਂ ਲਈ ਮੀਡੀਆ ਇਨਚਾਰਜ ਵੀ ਲਗਾਇਆ ਗਿਆ ਅਲਕਾ ਲਾਂਬਾ ਨੂੰ
(ਅਸ਼ਵਨੀ ਚਾਵਲਾ) ਚੰਡੀਗੜ। ਦੇਸ਼ ਵਿੱਚ ਮਹਿੰਗਾਈ ਤੋਂ ਪਹਿਲਾਂ ਹੀ ਪਰੇਸ਼ਾਨ ਗਰੀਬ ਹੁਣ ਹੋਰ ਪਰੇਸ਼ਾਨੀ ਵਿੱਚੋਂ ਗੁਜ਼ਰਨ ਵਾਲਾ ਹੈ, ਕਿਉਂਕਿ ਗਰੀਬ ਦੀ ਥਾਲ਼ੀ ਹੋਰ ਮਹਿੰਗੀ ਹੋਣ ਜਾ ਰਹੀ ਹੈ। ਦੇਸ਼ ਭਰ ਵਿੱਚ ਨਵੇਂ ਸਾਲ ਦਾ ਸੁਆਗਤ ਖ਼ੁਸ਼ੀ ਨਾਲ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜੀਐਸਟੀ ਦੀ ਦਰਾਂ ਵਿੱਚ ਕਾਫ਼ੀ ਜਿਆਦਾ ਵਾਧਾ ਕਰਨ ਦੇ ਚਲਦੇ ਆਮ ਗਰੀਬ ਇਨਸਾਨ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਇਹ ਨਵਾਂ ਸਾਲ ਉਨਾਂ ਲਈ ਮੁਬਾਰਕ ਨਹੀਂ ਸਗੋਂ ਉਨਾਂ ਨੂੰ ਪਰੇਸ਼ਾਨ ਕਰਨ ਲਈ ਆ ਰਿਹਾ ਹੈ।
ਕੇਂਦਰ ਦੀ ਭਾਜਪਾ ਸਰਕਾਰ ਦੇ ਖ਼ਿਲਾਫ਼ ਇਹ ਹਮਲਾ ਦਿੱਲੀ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਬੁਲਾਰੇ ਅਲਕਾ ਲਾਂਬਾ ਨੇ ਕੀਤਾ ਹੈ। ਅਲਕਾ ਲਾਂਬਾ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਮੀਡੀਆ ਇੰਚਾਰਜ ਵੀ ਲਗਾਇਆ ਗਿਆ ਹੈ।
ਅਲਕਾ ਲਾਂਬਾ ਵੱਲੋਂ ਕਾਂਗਰਸ ਭਵਨ ਚੰਡੀਗੜ ਵਿਖੇ ਪੈ੍ਰਸ ਕਾਨਫਰੰਸ ਕਰਦੇ ਹੋਏ ਕਿਹਾ ਗਿਆ ਕਿ ਨਰਿੰਦਰ ਮੋਦੀ ਦੀ ਇਹ ਸੋਚ ਹੋ ਚੁੱਕੀ ਹੈ ਕਿ ਜਨਤਾ ਭਾੜ ਵਿੱਚ ਜਾਵੇ, ਉਨਾਂ ਵਲੋਂ ਤਾਂ ਮਹਿੰਗਾਈ ਨੂੰ ਹੀ ਤੜਕਾ ਲਗਾਉਣਾ ਹੈ। ਉਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਹਿੰਗਾਈ ਦੇ ਤੋਹਫ਼ੇ ਦਾ ਧੰਨਵਾਦ ਕਰਨਾ ਬਣਦਾ ਹੈ। ਇਸ ਲਈ ਕਾਂਗਰਸ ਪਾਰਟੀ ਵਲੋਂ ਧੰਨਵਾਦ ਦੇ ਰੂਪ ਵਿੱਚ ਹੋਰਡਿੰਗ ਬੋਰਡ ਲਗਾਏ ਜਾਣਗੇ।
ਅਲਕਾ ਲਾਂਬਾ ਨੇ ਕਿਹਾ ਕਿ ਕੈਸ਼ ਫ੍ਰੀ ਕਰਨ ਦਾ ਬਹਾਨਾ ਬਣਾ ਕੇ ਪਹਿਲਾਂ ਨਰਿੰਦਰ ਮੋਦੀ ਨੇ ਕਰੋੜਾ ਗਰੀਬਾਂ ਦੇ ਪੈਸੇ ਇਕੱਠੇ ਕਰਦੇ ਹੋਏ ਬੈਂਕਾਂ ਵਿੱਚ ਜਮਾ ਕਰਵਾ ਦਿੱਤੇ ਗਏ ਤਾਂ ਹੁਣ ਉਨਾਂ ਨੂੰ ਰੋਜ਼ਾਨਾ ਜਰੂਰਤ ਅਨੁਸਾਰ ਨਗਦੀ ਕਢਵਾਉਣ ’ਤੇ ਹੀ 21 ਰੁਪਏ ਖ਼ਰਚਾ ਲਗਾ ਦਿੱਤਾ ਗਿਆ ਹੈ। ਇਸ ਨਾਲ ਲੁੱਟ ਦਾ ਸ਼ਿਕਾਰ ਤਾਂ ਗਰੀਬ ਲੋਕ ਹੋ ਗਏ ਹਨ, ਜਦੋਂ ਕਿ ਨਰਿੰਦਰ ਮੋਦੀ ਦੇ ਸਾਥੀ ਤਾਂ ਨਕਦੀ ਬੈਂਕ ਵਿੱਚ ਰਖਦੇ ਹੀ ਨਹੀਂ ਹਨ, ਜਿਸ ਦਾ ਸਬੂਤ ਬੀਤੇ ਦਿਨੀਂ 200 ਕਰੋੜ ਰੁਪਏ ਤੱਕ ਦੀ ਨਕਦੀ ਮਿਲਣ ਤੋਂ ਬਾਅਦ ਮਿਲ ਗਏ ਹਨ।
ਚੰਨੀ ਕੋਲ ਸਮਾਂ ਘੱਟ, ਇਸ ਲਈ 5-10 ਮਿੰਟ ਲਈ ਉਡਾ ਰਹੇ ਸਨ ਹੈਲੀਕਾਪਟਰ
ਅਲਕਾ ਲਾਂਬਾ ਨੇ ਚਰਨਜੀਤ ਸਿੰਘ ਚੰਨੀ ਵਲੋਂ ਹਰ 5-10 ਮਿੰਟ ਦੇ ਸਫ਼ਰ ਲਈ ਹੈਲੀਕਾਪਟਰ ਉਡਾਉਣ ਨੂੰ ਲੈ ਕੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਕੋਲ ਸਮਾਂ ਕਾਫ਼ੀ ਜਿਆਦਾ ਘੱਟ ਹੈ ਅਤੇ ਕੰਮ ਕਾਫ਼ੀ ਜਿਆਦਾ ਹੈ। ਇਸ ਲਈ ਚਰਨਜੀਤ ਸਿੰਘ ਚੰਨੀ ਵਲੋਂ ਹੈਲੀਕਾਪਟਰ ਦਾ ਜਿਆਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਆਮ ਜਨਤਾ ਦੇ ਜਿਆਦਾ ਤੋਂ ਜਿਆਦਾ ਕੰਮ ਕਰਨ ਲਈ ਹੈਲੀਕਾਪਟਰ ਜਿਆਦਾ ਉਡਾਉਣਾ ਵੀ ਪਏ ਤਾਂ ਇਸ ਵਿੱਚ ਕੋਈ ਹਰਜ ਨਹੀਂ ਹੈ।
ਨਵਜੋਤ ਸਿੱਧੂ ਅਤੇ ਚੰਨੀ ਵਿੱਚ ਨਹੀਂ ਕੋਈ ਵਿਵਾਦ
ਅਲਕਾ ਲਾਂਬਾ ਨੇ ਕਿਹਾ ਕਿ ਸਰਕਾਰ ਵਿੱਚ ਚਰਨਜੀਤ ਸਿੰਘ ਚੰਨੀ ਆਪਣਾ ਚੰਗਾ ਕੰਮ ਕਰ ਰਹੇ ਹਨ ਤਾਂ ਨਵਜੋਤ ਸਿੱਧੂ ਪਾਰਟੀ ਪੱਧਰ ’ਤੇ ਕੰਮ ਕਰ ਰਹੇ ਹਨ। ਇਸ ਲਈ ਦੋਹਾਂ ਵਿਚਕਾਰ ਕੋਈ ਵੀ ਵਿਵਾਦ ਨਹੀਂ ਹੈ, ਸਗੋਂ ਦੋਹੇ ਇੱਕ ਫ੍ਰੰਟ ’ਤੇ ਮਿਲ ਕੇ ਇਕੱਠੇ ਹੋ ਕੇ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਜੇਕਰ ਕੰਮਕਾਜ ਲਈ ਪੁੱਛਿਆ ਜਾ ਰਿਹਾ ਹੈ ਤਾਂ ਇਸ ਵਿੱਚ ਕੋਈ ਹਰਜ ਨਹੀਂ ਹੈ, ਸਗੋਂ ਇਹ ਲੋਕਤੰਤਰ ਦਾ ਹਿੱਸਾ ਹੈ, ਜਿਹੜਾ ਕਿ ਸਿਰਫ਼ ਕਾਂਗਰਸ ਪਾਰਟੀ ਵਿੱਚ ਹੀ ਦਿਖਾਈ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ