ਪੁਲਿਸ ਵੱਲੋਂ ਕੀਤੀ ਅਚਨਚੇਤੀ ਘੇਰਾਬੰਦੀ ਨਾਲ ਸਹਿਮੇ ਪਿੰਡ ਮੱਝੂਕੇ ਤੇ ਤਲਵੰਡੀ ਦੇ ਲੋਕ
ਭਦੌੜ, (ਕਾਲਾ ਸ਼ਰਮਾ/ਗੁਰਬਿੰਦਰ ਸਿੰਘ) ਥਾਣਾ ਭਦੌੜ ਅਧੀਨ ਆਉਂਦੇ ਪਿੰਡ ਮੱਝੂਕੇ ਅਤੇ ਤਲਵੰਡੀ ਨੂੰ ਦਿਨ ਚੜ੍ਹਦਿਆਂ ਹੀ ਪੁਲਿਸ ਨੇ ਪੁਲਿਸ ਛਾਉਣੀ ‘ਚ ਤਬਦੀਲ ਕਰਦਿਆਂ ਘੇਰਾਬੰਦੀ ਕਰਕੇ ਤਲਾਸੀ ਲੈਣੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਪਿੰਡ ਵਾਸੀਆਂ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਦੇ ਕਰੀਬ ਬਰਨਾਲਾ ਜ਼ਿਲ੍ਹੇ ਦੀ ਪੁਲਿਸ ਡੀਐਸਪੀ ਬਲਜੀਤ ਸਿੰਘ ਬਰਾੜ ਦੀ ਅਗਵਾਈ ‘ਚ ਥਾਣਾ ਭਦੌੜ, ਥਾਣਾ ਟੱਲੇਵਾਲ ਦੀ ਵੱਡੀ ਗਿਣਤੀ ਪੁਲਿਸ ਨੇ ਪਿੰਡ ਮੱਝੂਕੇ ਤੇ ਪਿੰਡ ਤਲਵੰਡੀ ਦੀ ਘੇਰਾਬੰਦੀ ਕਰ ਲਈ। ਜਿਸ ਪਿੱਛੋਂ ਉਨ੍ਹਾਂ ਘਰ-ਘਰ ਦੀ ਤਲਾਸ਼ੀ ਲੈਣੀ ਆਰੰਭ ਦਿੱਤੀ।
ਪੁੱਛਣ ਦੇ ਬਾਵਜੂਦ ਪੁਲਿਸ ਤਲਾਸ਼ੀ ਲੈਣ ਦਾ ਕਾਰਨ ਦੱਸਣ ਤੋਂ ਲਗਾਤਾਰ ਟਾਲਾ ਵੱਟਦੀ ਨਜ਼ਰ ਆਈ ਤੇ ਕਿਸੇ ਗੁਪਤ ਸੂਚਨਾ ਦੇ ਆਧਾਰ ‘ਤੇ ਤਲਾਸ਼ੀ ਕਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਪੁਲਿਸ ਵਾਲੇ ਘਰਾਂ ਅੰਦਰ ਤਲਾਸ਼ੀ ਦੌਰਾਨ ਘਰ ‘ਚ ਮੌਜੂਦ ਸਾਰੇ ਵਹੀਕਲਾਂ ਦੇ ਨੰਬਰ ਵੀ ਚੈੱਕ ਕਰਨ ਤੋਂ ਇਲਾਵਾ ਘਰ ‘ਚ ਕਿਸੇ ਬਾਹਰਲੇ ਵਿਅਕਤੀ ਦੇ ਆਉਣ ਦੀ ਸੂਹ ਪ੍ਰਾਪਤ ਕਰ ਰਹੇ ਸਨ। ਸੂਤਰਾਂ ਅਨੁਸਾਰ ਪੁਲਿਸ ਨੂੰ ਇਨਾਂ ਪਿੰਡਾਂ ਵਿੱਚ ਕਿਸੇ ਵੱਡੇ ਗੈਂਗਸਟਰ ਦੇ ਲੁਕੇ ਹੋਣ ਦਾ ਸ਼ੱਕ ਹੈ।
ਇਸ ਬਾਰੇ ਗੱਲਬਾਤ ਕਰਦਿਆਂ ਪਿੰਡ ਮੱਝੂਕੇ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ ਮੇਜਰ ਸਿੰਘ ਨੇ ਦੱਸਿਆ ਕਿ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ ਕਿ ਪੁਲਿਸ ਨੇ ਕਿਸੇ ਵੱਡੇ ਨਸ਼ਾ ਸਮੱਗਲਰ ਦੀ ਮੱਝੂਕੇ ਜਾਂ ਤਲਵੰਡੀ ਵਿੱਚ ਲੁਕੇ ਹੋਣ ਦੀ ਸੂਚਨਾ ਦੇ ਆਧਾਰ ‘ਤੇ ਤਲਾਸ਼ੀ ਲਈ ਹੈ ਪੁਲਿਸ ਨੇ ਹਰ ਘਰ ਵਿੱਚ ਜਾ ਕੇ ਵਹੀਕਲਾਂ ਦੇ ਨੰਬਰ ਅਤੇ ਵਹੀਕਲਾਂ ਦੇ ਕਾਗਜ਼ਾਤ ਅਤੇ ਕਿਸੇ ਦੇ ਬਾਹਰੋਂ ਆਉਣ ਬਾਰੇ ਪੁੱਛਿਆ ਹੈ ਪਰ ਪੂਰੀ ਜਾਣਕਾਰੀ ਪੁਲਿਸ ਦੇ ਉੱਚ ਅਧਿਕਾਰੀ ਹੀ ਦੇ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ