ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News Punjabi Story...

    Punjabi Story: ਵੰਡ ਦੀ ਸੱਟ (ਕਹਾਣੀ)

    Punjabi Story
    Punjabi Story: ਵੰਡ ਦੀ ਸੱਟ (ਕਹਾਣੀ)

    Punjabi Story: ਫਤਿਹ ਸਿਹੁੰ ਨੇ ਆਪਣੇ ਗਲ ਵਿੱਚ ਪਾਈ ਹੋਈ ਫਤੂਹੀ ਨੂੰ ਲਾਹਿਆ। ਮੁੜ੍ਹਕੇ ਨਾਲ ਭਿੱਜੀ ਨੂੰ ਨਿਚੋੜ ਕੇ ਕੰਧ ਉੱਤੇ ਸੁੱਕਣੇ ਪਾ ਦਿੱਤਾ। ਇੰਨੇ ਨੂੰ ਜੀਤੀ ਨੇ ਗੁੜ ਦੇ ਸ਼ਰਬਤ ਦਾ ਭਰਿਆ ਗਲਾਸ ਬਾਪੂ ਨੂੰ ਫੜਾ ਦਿੱਤਾ। ‘‘ਬਾਪੂ ਜੀ ਅੱਜ ਤਾਂ ਗਰਮੀ ਕੁੱਝ ਜ਼ਿਆਦਾ ਹੀ ਜਾਪਦੀ ਹੈ। ਮੈਂ ਤੁਹਾਨੂੰ ਪਹਿਲਾਂ ਕਦੇ ਇੰਨੇ ਮੁੜ੍ਹਕੋ-ਮੁੜ੍ਹਕੀ ਹੋਏ ਨਹੀਂ ਵੇਖਿਆ।’’ ‘‘ਪੁੱਤ ਸਿਆਣੇ ਕਹਿੰਦੇ ਨੇ ਕਿ ਜਦੋਂ ਸਿਰ ਉੱਖਲੀ ਵਿੱਚ ਧਰ ਦੇਈਏ ਫਿਰ ਮੁਗਲਿਆਂ ਦਾ ਕੀ ਡਰ। ਉਹੀ ਗੱਲ ਸਾਡੀ ਜੱਟਾਂ ਜਿਮੀਦਾਰਾਂ ਦੀ ਹੈ। ਭਾਵੇਂ ਹਾੜ੍ਹ ਹੋਵੇ ਤੇ ਭਾਵੇਂ ਸਿਆਲ, ਸਾਨੂੰ ਤਾਂ ਖੇਤਾਂ ਵਿੱਚ ਜਾਣਾ ਹੀ ਪੈਂਦਾ ਹੈ ਤੇ ਕੰਮ ਵੀ ਕਰਨਾ ਪੈਂਦਾ ਹੈ।’’ ‘‘ਬਾਪੂ ਜੀ ਤਾਹੀਓਂ ਤਾਂ ਕਹਿੰਦੇ ਨੇ ਕਿ ਜੱਟ ਦੀ ਜੂਨ ਬੁਰੀ ਹਲ ਵਾਹ ਪੱਠਿਆਂ ਨੂੰ ਜਾਣਾ। ਚੱਲੋ ਬਾਪੂ ਜੀ ਤੁਸੀਂ ਘਬਰਾਓ ਨਾ ਮੈਂ ਤੇ ਵੀਰਾ ਪੜ੍ਹ ਕੇ ਕੋਈ ਨੌਕਰੀ ਲੱਗ ਜਾਵਾਂਗੇ ਤੇ ਤੁਹਾਡਾ ਹੱਥ ਸੌਖਾ ਹੋ ਜਾਊ।’’ ‘‘ਚੱਲੋ ਧੀਏ ਤੁਸੀਂ ਨੌਕਰੀ ਲੱਗੋ ਤੇ ਭਾਵੇਂ ਨਾ, ਪਰ ਵਿਚਾਰ ਤਾਂ ਚੰਗੇ ਹਨ।’’

    ‘‘ਬਾਪੂ ਜੀ ਤੁਹਾਡੀ ਜੁ ਧੀ ਹੋਈ।’’ ‘‘ਧੀਏ ਮੈਨੂੰ ਤੇਰੇ ’ਤੇ ਪੂਰਾ ਮਾਣ ਹੈ ਪਰ ਪੁੱਤਰ ਜਿਹੜਾ ਅੱਜ ਮੇਰੇ ਮਨ ਨੂੰ ਸੱਟ ਵੱਜੀ ਹੈ ਉਹ ਅੱਜ ਤੋਂ 77-78 ਸਾਲ ਪਹਿਲਾਂ ਮੇਰੇ ਬਾਪੂ ਦੇ ਵੀ ਵੱਜੀ ਸੀ।’’ ‘‘ਬਾਪੂ ਵਿਖਾ ਕਿੱਥੇ ਸੱਟ ਵੱਜੀ ਹੈ। ਮੈਂ ਹੁਣੇ ਉੱਥੇ ਮੱਲ੍ਹਮ-ਪੱਟੀ ਕਰ ਦਿੰਦੀ ਹਾਂ।’’ ‘‘ਧੀਏ ਅੱਜ ਤੱਕ ਤਾਂ ਮੇਰੇ ਬਾਪੂ ਦੇ ਜ਼ਖ਼ਮਾਂ ਨੂੰ ਅਰਾਮ ਨਹੀਂ ਆਇਆ, ਬੇਸ਼ੱਕ ਉਹ ਜਹਾਨ ਤੋਂ ਰੁਖਸਤ ਹੋ ਗਿਆ ਹੈ। ਫਿਰ ਮੇਰੇ ਕਿੱਥੋਂ ਤੂੰ ਮੱਲ੍ਹਮ-ਪੱਟੀ ਕਰ ਦੇਵੇਂਗੀ।’’ ‘‘ਬਾਪੂ ਜੀ ਜਖਮ ਤਾਂ ਵਿਖਾਓ ਕਿੱਥੇ ਕੀ ਹੋਇਆ ਹੈ।’’ ‘‘ਪੁੱਤ ਉਹ ਜਖ਼ਮ ਸਰੀਰ ’ਤੇ ਨਹੀਂ ਮਨ ਦੇ ਅੰਦਰ ਹੋ ਗਿਆ ਹੈ।’’ ‘‘ਉਹ ਬਾਪੂ ਜੀ ਕਿਵੇਂ ਸਾਡੇ ਹੁੰਦਿਆਂ…।’’

    Punjabi Story

    ਇੰਨੀਆਂ ਗੱਲਾਂ ਕਰਦਾ-ਕਰਦਾ ਗਿਲਾਸ ਸਰਬਤ ਦਾ ਪੀ ਲਿਆ। ਇੱਕ ਲੰਮਾ ਸਾਰਾ ਠੰਢਾ ਹੌਕਾ ਭਰ ਕੇ ਬੋਲਿਆ, ‘‘ਜੀਤੀ ਸੁਣ ਫਿਰ ਮੇਰਾ ਅੱਜ ਦਾ ਦੁੱਖ, ਮੈਂ ਅੱਜ ਆਪਣੀ ਪਾਰਲੀ ਤਾਰਾਂ ਤੋਂ ਪਰਲੇ ਪਾਸੇ ਵਾਲੀ ਪੈਲੀ ਤੇ ਸਵੇਰੇ ਨੌਂ ਕੁ ਵਜੇ ਚਲਾ ਗਿਆ। ਤਾਰਾਂ ਤੋਂ ਪਾਰ ਲੰਘਣ ਲੱਗਿਆ ਫੌਜ ਦੇ ਸਿਪਾਹੀ ਚੰਗੀ ਤਰ੍ਹਾਂ ਤਲਾਸ਼ੀ ਲੈਂਦੇ ਹਨ। ਇੱਕ ਘੁੱਟ ਪਾਣੀ ਦੀ ਪਾਰਲੇ ਪਾਸੇ ਨਹੀਂ ਲੈ ਕੇ ਜਾਣ ਦਿੰਦੇ। ਅੱਜ ਸਾਰਾ ਦਿਨ ਬਿਜਲੀ ਵੀ ਨਹੀਂ ਆਈ ਜਿਹੜਾ ਕਿ ਮੋਟਰ ਹੀ ਚਲਾ ਲੈਂਦਾ। ਮੈਂ ਝੋਨੇ ਵਾਸਤੇ ਵੱਟਾਂ-ਬੰਨੇ ਬਣਾਉਣੇ ਸੀ। ਉਤੋਂ ਅੱਜ ਧੁੱਪ ਵੀ ਕੜਕਣੀ ਸੀ। ਸਿਖਰ ਦੁਪਹਿਰੇ ਮੈਨੂੰ ਪਾਣੀ ਦੀ ਬਹੁਤ ਤ੍ਰੇਹ ਲੱਗੀ। ਮੈਂ ਸੋਚਿਆ ਕਿ ਜੇ ਵਾਪਿਸ ਚਲਾ ਗਿਆ ਤੇ ਕੰਮ ਵਿਚੇ ਰਹਿ ਜਾਵੇਗਾ। ਇੱਕ ਫੌਜ ਨੇ ਨੇੜੇ-ਤੇੜੇ ਕੋਈ ਰੁੱਖ ਨਹੀਂ ਛੱਡਿਆ ਜਿਸ ਦੀ ਛਾਂ ਦਾ ਕੋਈ ਮੈਂ ਸਹਾਰਾ ਲੈ ਲੈਂਦਾ।

    Read Also : Indian Railways: ਹੋਲੀ ਤੋਂ ਪਹਿਲਾਂ ਯਾਤਰੀਆਂ ਲਈ ਖੁਸ਼ਖਬਰੀ, ਇਸ ਰੂਟ ’ਤੇ ਚੱਲੀ ਸਪੈਸ਼ਲ Trains

    ਹੁਣ ਪਾਣੀ ਖੁਣੋਂ ਮੇਰੀ ਜਾਨ ਨਿੱਕਲ ਰਹੀ ਸੀ। ਬੱਸ ਮੇਰੇ ਨਜ਼ਦੀਕ ਪਾਕਿਸਤਾਨ ਵਾਲੇ ਜ਼ਿਮੀਂਦਾਰ ਵੀ ਆਪਣੀਆਂ ਪੈਲੀਆਂ ਵਿੱਚ ਕੰਮ ਕਰ ਰਹੇ ਸਨ। ਉਨ੍ਹਾਂ ਵੱਲ ਸੰਘਣੇ-ਸੰਘਣੇ ਟਾਹਲੀਆਂ ਦੇ ਛਾਂਦਾਰ ਦਰੱਖਤ ਹਨ। ਉਹ ਕੰਮ ਕਰਦੇ-ਕਰਦੇ ਘੜੇ ਦਾ ਠੰਢਾ ਪਾਣੀ ਪੀ ਰਹੇ ਸਨ। ਸਾਡੀ ਆਪਸ ਵਿੱਚ ਦੂਰੀ ਕੋਈ ਵੀਹ ਕੁ ਗਜ਼ ਦੀ ਸੀ। ਉਹ ਗੱਲਾਂ ਮੇਰੀਆਂ ਹੀ ਕਰ ਰਹੇ ਸਨ ਕਿ ਆਹ ਪੰਜਾਬੀ ਜੱਟ ਬੜਾ ਚੀਹੜਾ ਹੈ। ਨਾ ਇਸ ਨੂੰ ਧੁੱਪ ਲੱਗਦੀ ਹੈ ਤੇ ਨਾ ਹੀ ਤ੍ਰੇਹ। ਪਰ ਮੈਂ ਉਹਨਾਂ ਨੂੰ ਬੋਲ ਕੇ ਵੀ ਨਹੀਂ ਦੱਸ ਸਕਦਾ ਸੀ ਕਿ ਮੇਰੀ ਜਾਨ ਤਾਂ ਪਿਆਸ ਨਾਲ ਨਿੱਕਲ ਰਹੀ ਹੈ।

    Punjabi Story

    ਜਦੋਂ ਸਾਡੇ ਪਾਸੇ ਕੋਈ ਛਾਂਦਾਰ ਰੁੱਖ ਹੈ ਹੀ ਨਹੀਂ ਫਿਰ ਬੈਠਾਂ ਕਿੱਥੇ। ਮੇਰਾ ਦਿਲ ਕਰੇ ਕਿ ਇਨ੍ਹਾਂ ਕੋਲੋਂ ਗਲਾਸ ਪਾਣੀ ਪੀ ਲਵਾਂ ਪਰ ਫਿਰ ਕਦੇ ਮੈਂ ਸਾਡੇ ਵਿਚਕਾਰ ਖਿੱਚੀ ਹੋਈ ਲਕੀਰ ਵੱਲ ਵੇਖਾਂ ਤੇ ਕਦੇ ਸੁੱਕਦੇ ਹੋਏ ਬੁੱਲ੍ਹਾਂ ਉੱਤੇ ਜੀਭ ਫੇਰਾਂ। ਕਦੇ ਉਨ੍ਹਾਂ ਫੌਜੀਆਂ ਵੱਲ ਵੇਖਦਾਂ ਜਿਹੜੇ ਸਾਡੇ ਉੱਤੇ ਨਿਗਰਾਨੀ ਕਰ ਰਹੇ ਸਨ। ਦਿਲ ਬਹੁਤ ਪ੍ਰੇਸ਼ਾਨ ਹੋ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਸਾਡੀ ਬੋਲੀ ਵੀ ਇੱਕੋ ਹੈ ਫਸਲਾਂ ਤੇ ਨਸਲਾਂ ਵੀ ਇੱਕੋ-ਜਿਹੀਆਂ ਹਨ। ਅਸੀਂ ਆਪਸ ਵਿੱਚ ਕਦੇ ਲੜੇ-ਝਗੜੇ ਵੀ ਨਹੀਂ ਫਿਰ ਸਾਡੇ ਵਿੱਚ ਇੰਨਾ ਵਿਤਕਰਾ ਕਿਉਂ। ਪਰ ਇਹ ਗੱਲ ਮੈਂ ਕਿਸੇ ਨੂੰ ਬੋਲ ਕੇ ਨਹੀਂ ਦਸ ਸਕਦਾ ਸੀ ਕਿਉਂਕਿ ਬਾਰਡਰ ਉੱਤੇ ਰਹਿੰਦੇ ਹਾਂ ਸੌ ਗੱਲ ਹੋ ਜਾਂਦੀ ਹੈ।

    ਫਿਰ ਜੁ ਫਸੇ ਰਹਾਂਗੇ। ਇੰਨੇ ਨੂੰ ਮੇਰੀ ਕਹੀ ਦਾ ਦਸਤਾ ਟੁੱਟ ਗਿਆ, ਫਿਰ ਮੈਂ ਕੀ ਕਰਨਾ ਸੀ। ਉੱਧਰ ਵਾਲੇ ਮੇਰੇ ਵੱਲ ਵੇਖਦੇ ਰਹੇ ਤੇ ਮੈਂ ਉਨ੍ਹਾਂ ਵੱਲ। ਹੌਲੀ-ਹੌਲੀ ਕਰਕੇ ਮੈਂ ਆਪਣੀਆਂ ਲੱਗੀਆਂ ਹੋਈਆਂ ਤਾਰਾਂ ਦੇ ਗੇਟ ਕੋਲ ਆ ਗਿਆ। ਫਿਰ ਸਿਪਾਹੀਆਂ ਨੇ ਮੇਰੀ ਤਲਾਸ਼ੀ ਲਈ ਤੇ ਗੇਟ ਦੇ ਅੰਦਰ ਕੀਤਾ। ਮੈਂ ਫਿਰ ਉਹਨਾਂ ਸਿਪਾਹੀਆਂ ਨੂੰ ਪੁੱਛਿਆ ਵੀ ਨਹੀਂ ਤੇ ਉਨ੍ਹਾਂ ਦੇ ਰੱਖੇ ਘੜੇ ਵਿੱਚੋਂ ਡੀਕ ਲਾ ਕੇ ਪਾਣੀ ਪੀ ਲਿਆ। ਇਨ੍ਹਾਂ ਦਾ ਵੀ ਘੜਾ ਉਨ੍ਹਾਂ ਦੇ ਘੜੇ ਵਰਗਾ ਸੀ। ਪਰ ਫਰਕ ਇਹੋ ਸੀ ਕਿ ਉਹ ਪਾਕਿਸਤਾਨੀਆਂ ਦਾ ਘੜਾ ਸੀ ਤੇ ਇਹ ਸਾਡਾ ਭਾਰਤੀਆਂ ਦਾ ਘੜਾ ਸੀ। ਪਰ ਤ੍ਰੇਹ ਨੂੰ ਨਹੀਂ ਪਤਾ ਕਿ ਦੇਸ਼ ਦੀ ਵੰਡ ਹੋਈ ਹੈ। ਹੁਣ ਅਸੀਂ ਇੱਕ-ਦੂਜੇ ਦੇ ਕਾਗਜ਼ਾਂ ਵਿੱਚ ਦੁਸ਼ਮਣ ਬਣ ਚੁੱਕੇ ਹਾਂ। ਇਹੋ ਗੱਲ ਸਾਡਾ ਬਾਪੂ ਕਹਿੰਦਾ ਹੁੰਦਾ ਸੀ ਕਿ ਅਸੀਂ ਸੰਤਾਲੀ ਤੋਂ ਪਹਿਲਾਂ ਇਕੱਠੇ ਰਹਿੰਦੇ ਹੁੰਦੇ ਸੀ। ਕਦੇ ਕਿਸੇ ਨੇ ਕੋਈ ਵਿਤਕਰਾ ਨਹੀਂ ਕੀਤਾ ਸੀ।

    Punjabi Story

    ਬੱਸ ਰਾਤੋ-ਰਾਤ ਵੰਡ ਦਾ ਬਿਗੁਲ ਵੱਜ ਗਿਆ ੍ਟਤੇ ਦਿਨ ਚੜ੍ਹਦੇ ਨੂੰ ਲੋਕ ਲਹੂ-ਲੁਹਾਣ ਹੋਣ ਲੱਗ ਪਏ। ਅਸੀਂ ਜਾਨ ਬਚਾ ਕੇ ਮਸਾਂ ਇੱਧਰ ਆਏ ਤੇ ਇੱਧਰ ਵਾਲੇ ਉੱਧਰ ਬਚ ਬਚਾ ਕੇ ਚਲੇ ਗਏ। ਕਈ ਮਾਰੇ ਗਏ ਕਈ ਵੱਢੇ-ਟੁੱਕੇ ਗਏ। ਲੱਖਾਂ ਬੇਕਸੂਰ ਲੋਕਾਂ ਦੀ ਜਾਨ ਸਾਡੇ ਪੰਜਾਬ ਵਿੱਚ ਵੰਡ ਦੀ ਖਿੱਚੀ ਲਕੀਰ ਨੇ ਲੈ ਲਈ। ਉਹ ਲਕੀਰ ਅੱਜ ਵੀ ਮੈਂ ਸ਼ਾਮ-ਸਵੇਰੇ ਆਪਣੇ ਖੇਤਾਂ ਵਿੱਚ ਵੇਖ ਰਿਹਾ ਹਾਂ।’’ ‘‘ਬਾਪੂ ਜੀ ਸਬਰ ਕਰੋ ਕੋਈ ਦਿਨ ਆਵੇਗਾ ਜਦੋਂ ਸਾਡੇ ਦੇਸ਼ਾਂ ਦੇ ਆਪਸ ਵਿੱਚ ਪਈਆਂ ਤਰੇੜਾਂ ਜ਼ਰੂਰ ਮਿਟ ਜਾਣਗੀਆਂ!’’ ‘‘ਜੀਤੀਏ ਮੂੰਹ ਨਿੱਕਾ ਤੇ ਗੱਲ ਵੱਡੀ ਕਹਿ ਰਹੀ ਏਂ!’’

    ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
    ਮਮਦੋਟ। ਮੋ. 75891-55501

    LEAVE A REPLY

    Please enter your comment!
    Please enter your name here