ਇਤਿਹਾਸ ’ਚ ਪਹਿਲੀ ਵਾਰ ਗੁਰਮੁਖੀ ਹੈਸਟੈਗ ਆਇਆ ਪਹਿਲੇ ਨੰਬਰ ’ਤੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਜਿੱਥੇ ਕੇਂਦਰ ਸਰਕਾਰ ਨੂੰ ਵਖਤ ਪਾਇਆ ਹੋਇਆ ਹੈ, ਉੱਥੇ ਹੀ ਸ਼ੋਸਲ ਮੀਡੀਆ ’ਤੇ ਵੀ ਕਿਸਾਨੀ ਅੰਦੋਲਨ ਦੀ ਧੁੰਮ ਪਈ ਹੋਈ ਹੈ। ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਟਵਿੱਟਰ ’ਤੇ ਪਾਇਆ ਗਿਆ ਪੰਜਾਬੀ ਹੈਸ਼ਟੈਗ ‘ਜਾਂ ਮਰਾਂਗੇ ਜਾਂ ਜਿੱਤਾਂਗੇ’ ਟਵਿੱਟਰ ਦੇ ਇਤਿਹਾਸ ’ਚ ਪਹਿਲੇ ਨੰਬਰ ਦਾ ਟਰੈਂਡ ਬਣ ਗਿਆ ਹੈ। ‘ਟਰੈਕਟਰ ਟੂ ਟਵਿੱਟਰ’ ਮੁਹਿੰਮ ਸੰਭਾਲ ਰਹੇ ਨੌਵਜਾਨਾਂ ਦਾ ਕਹਿਣਾ ਹੈ ਕਿ ਜਦੋਂ ਹੋਂਦ ਦੀ ਲੜਾਈ ਚੱਲ ਰਹੀ ਹੈ, ਅਸੀਂ ਸ਼ੋਸਲ ਪਲੇਟਫਾਰਮ ’ਤੇ ਵੀ ਆਪਣੇ ਅੰਦੋਲਨ ਨੂੰ ਮਜ਼ਬੂਤੀ ਨਾਲ ਲੜ ਰਹੇ ਹਾਂ।
ਸਾਡੀ ਛੋਟੀ ਜਿਹੀ ਸੱਥ ਨੂੰ ਪੰਜਾਬ ਹੀ ਨਹੀਂ, ਪੂਰੀ ਦੁਨੀਆ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੇਂਦਰ ਨਾਲ ਹੋਈ ਮੀਟਿੰਗ ’ਚ ਕਿਸਾਨਾਂ ਵੱਲੋਂ ‘ਜਾਂ ਮਰਾਂਗੇ, ਜਾਂ ਜਿੱਤਾਂਗੇ’ ਦਾ ਨਾਅਰਾ ਦਿੱਤਾ ਗਿਆ ਸੀ। ਇਹ ਨਾਅਰਾ ਟਵਿੱਟਰ ’ਤੇ ਵੀ ਪੂਰੀ ਤਰ੍ਹਾਂ ਛਾਇਆ ਰਿਹਾ। ਟਰੈਕਟਰ ਟੂ ਟਵਿੱਟਰ ਮੁਹਿੰਮ ਸੰਭਾਲ ਰਹੇ ਨੌਜਵਾਨ ਮਾਣਿਕ ਗੋਇਲ ਨੇ ਦੱਸਿਆ ਕਿ ਸਾਡੇ ਵੱਲੋਂ ਪੰਜਾਬੀ ’ਚ ਟਵਿੱਟਰ ਵਾਸਤੇ ਹੈਸਟੈਗ ਦਿੱਤਾ ਗਿਆ ‘#ਜਾਂ¸ਮਰਾਂਗੇ¸ਜਾਂ¸ਜਿੱਤਾਂਗੇ’।
ਉਨ੍ਹਾਂ ਦੱਸਿਆ ਕਿ ਇਹ ਹੈਸਟੈਗ ਅੱਧੇ ਘੰਟੇ ’ਚ ਪੂਰੇ ਭਾਰਤ ’ਚ ਦੂਜੇ ਨੰਬਰ ’ਤੇ ਟਰੈਂਡ ਕਰਨ ਲੱਗਾ, ਜਿਸ ਦੀ ਉਨ੍ਹਾਂ ਨੂੰ ਹੈਰਾਨੀ ਹੋਈ। ਰਾਤ 9 ਵਜੇ ਇਹ ਨੰਬਰ ਇੱਕ ’ਤੇ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਟਵਿੱਟਰ ਦੇ ਭਾਰਤ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਕਿ ਪੰਜਾਬੀ ਭਾਸ਼ਾ ’ਚ ਹੈਸਟੈਗ ਇਸ ਦਰਜੇ ’ਤੇ ਚੜ੍ਹਾਈ ਕਰਦਾ ਨਜਰ ਆਇਆ। ਇਹ ਸਾਡੀ ਪੰਜਾਬੀਆਂ ਦੀ ਸਾਂਝੀ ਮਿਹਨਤ ਕਰਕੇ ਹੋਇਆ, ਇਹ ਪੰਜਾਬੀ ਸਾਡੀ ਉਹ ਹੀ ਪੰਜਾਬੀ ਹੈ, ਜਿਹੜੀ ਪੰਜਾਬ ਦੇ ਨਿੱਜੀ ਸਕੂਲਾਂ ’ਚ ਵਰਜੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਅਸੀਂ ‘ਟਰੈਕਟਰ ਟੂ ਟਵਿੱਟਰ’ ਪਰਿਵਾਰ ਇਸ ਪੰਜਾਬੀ ਭਾਸ਼ਾ ਦੇ ਟਵਿੱਟਰ ’ਤੇ ਮੀਲ-ਪੱਥਰ ਲਾਉਣ ’ਚ ਮਾਣ ਮਹਿਸੂਸ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅੱਗੇ ਅਜਿਹਾ ਆਮ ਹੋ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਅਸੀਂ ਪੰਜਾਬੀ ਸਾਂਝੇ ਤੌਰ ’ਤੇ ਇਸ ਟਵਿੱਟਰ ਵਰਗੇ ਮੰਚ ’ਤੇ ਇਕੱਠੇ ਹੋ ਪੰਜਾਬ ਦੀ ਅਤੇ ਪੰਜਾਬੀਆਂ ਦੇ ਮੁੱਦਿਆਂ ਦੀ ਗੱਲ ਕਰ ਸਕੀਏ ਅਤੇ ਭਾਰਤ ਅਤੇ ਦੁਨੀਆ ਲਈ ਰਾਹ ਦਸੇਰੇ ਬਣੀਏ। ਇਸ ‘ਟਰੈਕਟਰ ਟੂ ਟਵਿੱਟਰ’ ਮੁਹਿੰਮ ਨੂੰ ਜਿਹੜੀ ਕੋਰ ਟੀਮ ਵੱਲੋਂ ਸੰਭਾਲਿਆ ਹੋਇਆ ਹੈ, ਉਨ੍ਹਾਂ ਵਿੱਚ ਭਵਜੀਤ ਸਿੰਘ, ਹਰੀਸ਼ ਭੱਲਾ, ਭੁਪਿੰਦਰ ਸਿੰਘ, ਅਮਨਦੀਪ ਸਿੰਘ, ਬੱਬੂ ਖੋਸਾ ਅਤੇ ਰਾਜ ਬੁੱਟਰ ਆਦਿ ਸ਼ਾਮਲ ਹਨ, ਜੋ ਵੱਖ ਵੱਖ ਸ਼ਹਿਰਾਂ ਤੋਂ ਹਨ ਅਤੇ ਇੰਜੀਨੀਅਰਿੰਗ ਤੇ ਹੋਰ ਖੇਤਰਾਂ ਦੇ ਮਾਹਿਰ ਹਨ। ਉਨ੍ਹਾਂ ਦੱਸਿਆ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਹੀ ਵੱਡੀ ਗਿਣਤੀ ਨੌਵਜਾਨਾਂ ਵੱਲੋਂ ਟਵਿੱਟਰ ’ਤੇ ਅਪਾਣੇ ਅਕਾਊਂਟ ਬਣਾਏ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.