ਪੰਜਾਬ ਦੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਸਸਤੀ ਬਿਜਲੀ ਮੁਹੱਈਆ ਕਰਵਾਉਣਾ ਮੇਰਾ ਟੀਚਾ : ਇੰਜ: ਬਲਦੇਵ ਸਿੰਘ ਸਰਾਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੇ ਨਵੇਂ ਲਾਏ ਗਏ ਚੇਅਰਮੈਂਨ ਕਮ ਸੀਐਮਡੀ ਇੰਜ: ਬਲਦੇਵ ਸਿੰਘ ਸਰਾਂ ਨੇ ਦੂਜੀ ਵਾਰ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਅਹੁਦੇ ਤੇ ਬਿਠਾਉਦ ਲਈ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਪੁੱਜੇ ਹੋਏ ਸਨ। ਇਸ ਮੌਕੇ ਰੰਧਾਵਾ ਨੇ ਕਿਹਾ ਕਿ ਇੰਜ: ਬਲਦੇਵ ਸਿੰਘ ਸਰਾਂ ਨੇ ਬਿਜਲੀ ਦੇ ਖੇਤਰ ’ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਪਾਵਰਕੌਮ ਅੰਦਰ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਬੇਮਿਸਾਲ ਸੇਵਾਵਾਂ ਨੂੰ ਦੇਖਦੇ ਹੋਏ ਮੁੜ ਇਹ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਸਰਾਂ ਨੇ ਲੰਮਾ ਸਮਾਂ ਬਿਜਲੀ ਵਿਭਾਗ ਦੇ ਵੱਖ ਵੱਖ ਅਹੁਦਿਆਂ ’ਤੇ ਕੰਮ ਕੀਤਾ ਹੈ ਤੇ ਉਹ ਬਿਜਲੀ ਖੇਤਰ ਦੀਆਂ ਬਾਰੀਕੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇੰਜ: ਸਰਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਹੋਰ ਵੀ ਬੁਲੰਦੀਆਂ ਉੱਤੇ ਲੈ ਕੇ ਜਾਣਗੇ।
ਇਸ ਮੌਕੇ ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇੰਜ: ਬਲਦੇਵ ਸਿੰਘ ਸਰਾਂ ਦੀਆਂ ਪੁਰਾਣੀਆਂ ਸੇਵਾਵਾਂ ਨੂੰ ਦੇਖਦੇ ਹੋਏ ਇਹ ਆਸ ਕੀਤੀ ਜਾ ਸਕਦੀ ਹੈ ਕਿ ਉਹ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਹੋਰ ਵੀ ਸੁਹਿਰਦ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਕੱਟ ਵੀ ਨਹੀਂ ਲੱਗੇ ਅਤੇ ਪੰਜਾਬੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੀ। ਇਸ ਮੌਕੇ ਨਵ-ਨਿਯੁਕਤ ਸੀ.ਐਮ.ਡੀ. ਇੰਜ: ਬਲਦੇਵ ਸਿੰਘ ਸਰਾਂ ਨੇ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਉਹ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ, ਭਰੋਸੇਮੰਦ ਅਤੇ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ ਹਮੇਸ਼ਾ ਵਚਨਬੱਧ ਰਹਿਣਗੇ ਅਤੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।
ਇਸ ਮੌਕੇ ਡਾਇਰੈਕਟਰ ਵਿੱਤ ਜਤਿੰਦਰ ਸਿੰਘ ਗੋਇਲ, ਡਾਇਰੈਕਟਰ ਵੰਡ ਇੰਜ: ਡੀ.ਪੀ.ਐਸ ਗਰੇਵਾਲ, ਡਾਇਰੈਕਟਰ ਇੰਜ: ਕਮਰਸ਼ੀਅਲ ਗੋਪਾਲ ਸ਼ਰਮਾ, ਡਾਇਰੈਕਟਰ ਉਤਪਾਦਨ ਇੰਜ: ਪਰਮਜੀਤ ਸਿੰਘ, ਡਾਇਰੈਕਟਰ ਪ੍ਰਬੰਧਕੀ ਗਗਨਦੀਪ ਸਿੰਘ ਜਲਾਲਪੁਰ ਸਮੇਤ ਹੋਰ ਅਧਿਕਾਰੀ ਵੀ ਮੌਜ਼ੂਦ ਸਨ।
ਬਿਕਰਮ ਮਜੀਠੀਆ ਦੇ ਨਾਂਅ ’ਤੇ ਭੜਕੇ ਰੰਧਾਵਾ
ਇਸ ਦੌਰਾਨ ਜਦੋਂ ਰੰਧਾਵਾ ਨੂੰ ਬਿਕਰਮ ਸਿੰਘ ਮਜੀਠੀਆ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਚੰਗੇ ਮੌਕੇ ’ਤੇ ਉਸ ਦਾ ਨਾਂਅ ਨਾ ਲਵੋ। ਜਦੋਂ ਇੱਕ ਪੱਤਰਕਾਰ ਵੱਲੋੋਂ ਪੁੱਛਿਆ ਗਿਆ ਕਿ ਅਕਾਲੀ ਦਲ ਵੱਲੋਂ ਸਵਾਲ ਉਠਾਇਆ ਗਿਆ ਹੈ ਕਿ ਜਿੱਥੇ ਤੁਸੀਂ ਮਜੀਠੀਆ ਵਿਰੁੱਧ ਪਰਚਾ ਦਰਜ਼ ਕੀਤਾ ਹੈ, ਉਥੇ ਨਾ ਐਸਐਸਓ ਹੈ ਅਤੇ ਨਾ ਹੀ ਮੁਨਸ਼ੀ, ਤਾਂ ਉਨ੍ਹਾਂ ਕਿਹਾ ਕਿ ਇਹ ਥਾਣਾ ਬਾਦਲਾਂ ਦੀ ਸਰਕਾਰ ਸਮੇਂ ਹੀ ਬਣਾਇਆ ਗਿਆ ਸੀ। ਜਦੋਂ ਉਨ੍ਹਾਂ ਤੋਂ ਮਜੀਠੀਆ ਦੀ ਗਿ੍ਰਫ਼ਤਾਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਤੁਸੀ ਦੱਸ ਦੋ ਕਿੱਥੇ ਹੈ, ਅਸੀਂ ਉੱਥੋਂ ਗਿ੍ਰਫਤਾਰ ਕਰ ਲਵਾਂਗੇ। ਇਸ ਦੌਰਾਨ ਰੰਧਾਵਾ ਨੇ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਣ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














