ਦੁਨੀਆਂ ਦੇ ਹਰ ਖਿੱਤੇ ’ਚ ਘਟਦੇ ਪਾਣੀ ਦੇ ਮਿਆਰ ਪ੍ਰਤੀ ਜਾਗਰੂਕ ਹੋਣ ਦੀ ਲੋੜ

ਦੁਨੀਆਂ ਦੇ ਹਰ ਖਿੱਤੇ ’ਚ ਘਟਦੇ ਪਾਣੀ ਦੇ ਮਿਆਰ ਪ੍ਰਤੀ ਜਾਗਰੂਕ ਹੋਣ ਦੀ ਲੋੜ

ਦੁਨੀਆ ਦੇ ਹਰ ਨਾਗਰਿਕ ਨੂੰ ਪਾਣੀ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਸੰਯੁਕਤ ਰਾਸ਼ਟਰ ਵੱਲੋਂ 22 ਮਾਰਚ 1993 ਨੂੰ ਸੰਸਾਰ ਪਾਣੀ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਲਈ ਇਹ ਦਿਨ ਪਾਣੀ ਦੇ ਮਹੱਤਵ ਨੂੰ ਸਮਝਣ ਅਤੇ ਪਾਣੀ ਦੀ ਬੱਚਤ ਬਾਰੇ ਜਾਗਰੂਕ ਹੋਣ ਦਾ ਦਿਨ ਹੈ। ਅੱਜ ਭਾਰਤ ਸਮੇਤ ਪੂਰੀ ਦੁਨੀਆਂ ਸਾਹਮਣੇ ਪਾਣੀ ਦੀ ਵੱਡੀ ਸਮੱਸਿਆ ਆ ਚੁੱਕੀ ਹੈ। ਧਰਾਤਲ ’ਤੇ ਤਿੰਨ ਚੌਥਾਈ ਪਾਣੀ ਹੋਣ ਦੇ ਬਾਵਜੂਦ ਵੀ ਪੀਣ ਲਾਇਕ ਪਾਣੀ ਸੀਮਤ ਮਾਤਰਾ ਵਿੱਚ ਹੀ ਮੌਜੂਦ ਹੈ।

ਪਵਿੱਤਰ ਗੁਰਬਾਣੀ ਵਿੱਚ ਵੀ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਪਰ ਅੱਜ ਪੂਰੀ ਦੁਨੀਆਂ ਵਿੱਚ ਜਿਸ ਪੱਧਰ ’ਤੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ ਜਾਂ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ ਇਹ ਵੱਡੇ ਫਿਕਰ ਵਾਲੀ ਗੱਲ ਹੈ। ਪਾਣੀ ਹਰੇਕ ਮਨੁੱਖ ਦੀ ਮੁੱਢਲੀ ਜ਼ਰੂਰਤ ਹੈ। ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਪਾਣੀ ਦਾ ਸੰਕਟ ਹੈ।

ਹਰ ਖੇਤਰ ਵਿੱਚ ਵਿਕਾਸ ਹੋ ਰਿਹਾ ਹੈ। ਦੁਨੀਆ ਉਦਯੋਗੀਕਰਨ ਦੇ ਰਾਹ ’ਤੇ ਚੱਲ ਰਹੀ ਹੈ ਪਰ ਸਾਫ਼ ਅਤੇ ਰੋਗ ਰਹਿਤ ਪਾਣੀ ਮਿਲਣਾ ਔਖਾ ਹੋ ਰਿਹਾ ਹੈ। ਸੰਸਾਰ ਭਰ ਵਿੱਚ ਸਾਫ਼ ਪਾਣੀ ਦੀ ਕਿੱਲਤ ਕਾਰਨ ਦੂਸ਼ਿਤ ਪਾਣੀ ਤੋਂ ਪੈਦਾ ਹੋਣ ਵਾਲੇ ਰੋਗ ਮਹਾਂਮਾਰੀ ਦਾ ਰੂਪ ਲੈ ਰਹੇ ਹਨ। ਹੁਣ ਤਾਂ ਇਹ ਵੀ ਸੁਣਨ ਵਿੱਚ ਆਉਣ ਲੱਗਾ ਹੈ ਕਿ ਅਗਲਾ ਵਿਸ਼ਵ ਯੁੱਧ ਪਾਣੀ ਨੂੰ ਲੈ ਕੇ ਹੀ ਹੋਵੇਗਾ। ਇਨਸਾਨ ਪਾਣੀ ਦੇ ਮਹੱਤਵ ਨੂੰ ਭੁੱਲ ਕੇ ਲਗਾਤਾਰ ਇਸ ਨੂੰ ਬਰਬਾਦ ਕਰ ਰਿਹਾ ਹੈ ਜਿਸਦੇ ਫਲਸਰੂਪ ਪਾਣੀ ਦਾ ਇਹ ਸੰਕਟ ਨਿਰੰਤਰ ਵਧਦਾ ਜਾ ਰਿਹਾ ਹੈ।

ਅੰਕੜਿਆਂ ਅਨੁਸਾਰ, ਦੁਨੀਆ ਦੇ 1.5 ਅਰਬ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਨਹੀਂ ਮਿਲ ਰਿਹਾ ਹੈ। ਕੁਦਰਤ ਇਨਸਾਨ ਨੂੰ ਜੀਵਨਦਾਇਕ ਜਾਇਦਾਦ ਪਾਣੀ ਇੱਕ ਚੱਕਰ ਦੇ ਰੂਪ ਵਿੱਚ ਪ੍ਰਦਾਨ ਕਰਦੀ ਹੈ। ਇਨਸਾਨ ਵੀ ਇਸ ਚੱਕਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਚੱਕਰ ਨੂੰ ਗਤੀਮਾਨ ਰੱਖਣਾ ਹਰ ਇੱਕ ਵਿਅਕਤੀ ਦੀ ਜ਼ਿੰਮੇਦਾਰੀ ਹੈ ਅਤੇ ਇਸ ਚੱਕਰ ਦੇ ਰੁਕ ਜਾਣ ਦਾ ਸਿੱਧਾ ਜਿਹਾ ਮਤਲਬ ਹੈ ਜ਼ਿੰਦਗੀ ਦਾ ਰੁਕ ਜਾਣਾ। ਕੁਦਰਤ ਦੇ ਖਜ਼ਾਨੇ ਵਿੱਚੋਂ ਅਸੀਂ ਜਿੰਨਾ ਪਾਣੀ ਲੈਂਦੇ ਹਾਂ ਉਸਨੂੰ ਭਾਵੇਂ ਮੋੜ ਨਹੀਂ ਸਕਦੇ ਪਰ ਇਸ ਅੰਮ੍ਰਿਤ ਦੀ ਸੁਚੱਜੀ ਵਰਤੋਂ ਕਰਕੇ ਅਤੇ ਦੂਸ਼ਿਤ ਹੋਣ ਤੋਂ ਬਚਾ ਕੇ ਆਪਣਾ ਵਡਮੁੱਲਾ ਯੋਗਦਾਨ ਜ਼ਰੂਰ ਪਾ ਸਕਦੇ ਹਾਂ।

ਆਧੁਨਿਕਤਾ ਦੀ ਇਸ ਦੁਨੀਆ ਵਿੱਚ ਹਰ ਦੇਸ਼ ਵਿਕਾਸ ਦੇ ਨਵੇਂ ਦਿਸਹੱਦੇ ਸਿਰਜ ਰਿਹਾ ਹੈ ਪਰ ਇਸ ਦੌੜ ਵਿੱਚ ਦੁਨੀਆਂ ਦੇ ਲੋਕ ਆਪਣੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹੁੰਦੇ ਜਾ ਰਹੇ ਹਨ। ਅੱਜ ਸਹੂਲਤਾਂ ਦੇ ਨਾਂਅ ’ਤੇ ਸਾਨੂੰ ਅਜਿਹੇ ਉਤਪਾਦਨ ਦਿੱਤੇ ਜਾ ਰਹੇ ਹਨ ਜਿਨ੍ਹਾਂ ਨਾਲ ਵਰਤਮਾਨ ਤਾਂ ਸੁਖੀ ਲੱਗ ਰਿਹਾ ਹੈ ਪਰ ਭਵਿੱਖ ਹਨ੍ਹੇਰੇ ਵਿੱਚ ਜਾ ਰਿਹਾ ਹੈ। ਮਨੁੱਖ ਦੀਆਂ ਮੁੱਢਲੀਆਂ ਜਰੂਰਤਾਂ ਵਿੱਚ ਜੀਵਨ ਲਈ ਸਭ ਤੋਂ ਜ਼ਰੂਰੀ ਪਾਣੀ ਹੈ ਜੋ ਅੱਜ ਦੁਨੀਆ ਦੇ 785 ਮਿਲੀਅਨ ਲੋਕਾਂ ਨੂੰ ਸਹੀ ਮਾਤਰਾ ਵਿੱਚ ਨਹੀਂ ਮਿਲ ਰਿਹਾ ਹੈ। ਹਰ ਦੋ ਮਿੰਟ ਵਿੱਚ ਇੱਕ ਬੱਚੇ ਦੀ ਮੌਤ ਦੂਸ਼ਿਤ ਪਾਣੀ ਨਾਲ ਸਬੰਧਿਤ ਬਿਮਾਰੀਆਂ ਦੇ ਕਾਰਨ ਹੋ ਰਹੀ ਹੈ।

ਦੁਨੀਆ ਵਿੱਚ ਤਿੰਨ ਵਿੱਚੋਂ ਇੱਕ ਸਕੂਲ ਵਿੱਚ ਪਾਣੀ ਅਤੇ ਸਫਾਈ ਦੀਆਂ ਜ਼ਰੂਰਤ ਅਨੁਸਾਰ ਸਹੂਲਤਾਂ ਨਹੀਂ ਹਨ। ਦੂਸ਼ਿਤ ਪਾਣੀ ਨਾਲ ਫੈਲਣ ਵਾਲੀ ਬਿਮਾਰੀ ਡਾਇਰੀਆ ਦੁਨੀਆ ਵਿੱਚ ਬੱਚਿਆਂ ਦੀ ਮੌਤ ਦਾ ਤੀਜਾ ਸਭ ਤੋਂ ਵੱਡਾ ਕਾਰਨ ਹੈ। ਕੁਝ ਅਜਿਹੀ ਹੀ ਹਾਲਤ ਭਾਰਤ ਵਿੱਚ ਵੀ ਹੈ। ਭਾਰਤ ਦੀ 60 ਫ਼ੀਸਦੀ ਆਬਾਦੀ ਨੂੰ ਲੋੜ ਅਨੁਸਾਰ ਸ਼ੁੱਧ ਪਾਣੀ ਨਹੀਂ ਮਿਲ ਰਿਹਾ ਤੇ ਪਾਣੀ ਪ੍ਰਦੂਸ਼ਣ ਵੀ ਤੇਜੀ ਨਾਲ ਵਧ ਰਿਹਾ ਹੈ ਜੋ ਹਰ ਸੂਝਵਾਨ ਨਾਗਰਿਕ ਲਈ ਦੁਖਦਾਈ ਖ਼ਬਰ ਹੈ।

ਪਾਣੀ ਨਾਲ ਸਬੰਧਿਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਵੱਲੋਂ ਪਾਣੀ ਸ਼ਕਤੀ ਵਿਭਾਗ ਦਾ ਗਠਨ ਕੀਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਹਰ ਘਰ ਵਿੱਚ ਟੂਟੀਆਂ ਰਾਹੀਂ ਸ਼ੁੱਧ ਪਾਣੀ ਪਹੁੰਚਾਉਣ ਲਈ ‘ਪਾਣੀ ਜੀਵਨ ਮਿਸ਼ਨ’ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਹਰ ਘਰ ਤੱਕ ਸਾਲ-2024 ਤੱਕ ਸ਼ੁੱਧ ਪਾਣੀ ਪਹੁੰਚਾਏ ਜਾਣ ਦਾ ਟੀਚਾ ਰੱਖਿਆ ਗਿਆ ਹੈ ਪਰ ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਇੱਕ ਵੱਡੀ ਚੁਣੌਤੀ ਦਿਖਾਈ ਦਿੰਦੀ ਹੈ। ਸੀਐਸਈ ਦੀ ਸਟੇਟ ਆਫ ਇੰਡੀਆ ਇਨਵਾਇਰਮੈਂਟ ਰਿਪੋਰਟ-2020 ਅਨੁਸਾਰ ਸਾਲ 2012 ਵਿੱਚ ਪੇਂਡੂ ਭਾਰਤ ਦੇ 6.5 ਫ਼ੀਸਦੀ ਅਤੇ ਸ਼ਹਿਰਾਂ ’ਚ 35.1 ਫ਼ੀਸਦੀ ਘਰਾਂ ਤੱਕ ਹੀ ਪੀਣ ਵਾਲੇ ਪਾਣੀ ਦੀ ਸਪਲਾਈ ਜਾਂਦੀ ਸੀ ਜਦੋਂਕਿ ਸਾਲ 2018 ਵਿੱਚ 11.3 ਫ਼ੀਸਦੀ ਪੇਂਡੂ ਘਰਾਂ ’ਚ ਅਤੇ 40.9 ਫ਼ੀਸਦੀ ਸ਼ਹਿਰੀ ਘਰਾਂ ’ਚ ਪਾਈਪਾਂ ਰਾਹੀਂ ਪਾਣੀ ਸਪਲਾਈ ਹੋਣ ਲੱਗਾ ਹੈ।

ਬਾਕੀ ਲੋਕ ਪਾਣੀ ਲਈ ਪਾਣੀ ਦੀਆਂ ਬੋਤਲਾਂ, ਸਾਂਝੇ ਨਲਕਿਆਂ, ਟਿਊਬਵੈੱਲਾਂ, ਹੈਂਡਪੰਪਾਂ, ਖੂਹਾਂ, ਪਾਣੀ ਦੇ ਟੈਂਕਰਾਂ, ਮੀਂਹ ਦੇ ਪਾਣੀ ਜਾਂ ਤਲਾਬਾਂ ਆਦਿ ’ਤੇ ਨਿਰਭਰ ਹਨ। ਇਹ ਅੰਕੜੇ ਦੱਸਦੇ ਹਨ ਕਿ ਸਾਲ 2012 ਤੋਂ ਸਾਲ 2018 ਤੱਕ 6 ਸਾਲ ’ਚ ਸਰਕਾਰ ਸਿਰਫ਼ ਦੇਸ਼ ਦੇ 5 ਫੀਸਦੀ ਲੋਕਾਂ ਤੱਕ ਵਾਧੂ ਪਾਣੀ ਪਹੁੰਚਾਉਣ ਵਿੱਚ ਸਫ਼ਲ ਹੋਈ ਹੈ। ਇਸ ਲਈ ਕੇਂਦਰ ਸਰਕਾਰ ਦੀ ਯੋਜਨਾ ਅਨੁਸਾਰ ਅਗਲੇ 2 ਸਾਲਾਂ ’ਚ ਦੇਸ਼ ਦੇ ਹਰ ਘਰ ਤੱਕ ਸ਼ੁੱਧ ਪਾਣੀ ਪਹੁੰਚਾਏ ਜਾਣ ਦਾ ਟੀਚਾ ਕੇਵਲ ਸੁਪਨੇ ਵਾਂਗ ਲੱਗ ਰਿਹਾ ਹੈ।

ਰਿਪੋਰਟ ਅਨੁਸਾਰ, ਸਾਲ 2018 ਵਿੱਚ ਆਂਧਰਾ ਪ੍ਰਦੇਸ਼ ਦੇ 5 ਫ਼ੀਸਦੀ ਪੇਂਡੂ ਘਰਾਂ ਨੂੰ ਹੀ ਪਾਣੀ ਪਾਈਪ ਲਾਈਨਾਂ ਰਾਹੀਂ ਸਪਲਾਈ ਕੀਤਾ ਜਾਂਦਾ ਸੀ ਜਦਕਿ ਅਰੁਣਾਚਲ ਪ੍ਰਦੇਸ਼ ਦੇ 26 ਫ਼ੀਸਦੀ, ਅਸਾਮ ਦੇ 2.5 ਫ਼ੀਸਦੀ, ਬਿਹਾਰ ਦੇ 1.1 ਫ਼ੀਸਦੀ, ਛੱਤੀਸਗੜ੍ਹ ਦੇ 6.4 ਫ਼ੀਸਦੀ, ਦਿੱਲੀ ਦੇ 47.5 ਫ਼ੀਸਦੀ, ਗੋਆ ਦੇ 58.2 ਫ਼ੀਸਦੀ, ਗੁਜਰਾਤ ਦੇ 37.4 ਫ਼ੀਸਦੀ, ਹਰਿਆਣਾ ਦੇ 34.9 ਫ਼ੀਸਦੀ, ਹਿਮਾਚਲ ਪ੍ਰਦੇਸ਼ ਦੇ 36.9 ਫ਼ੀਸਦੀ, ਜੰਮੂ ਕਸ਼ਮੀਰ ਦੇ 52.2 ਫ਼ੀਸਦੀ, ਝਾਰਖੰਡ ਦੇ 0.3 ਫ਼ੀਸਦੀ, ਕਰਨਾਟਕ ਦੇ 21.5 ਫ਼ੀਸਦੀ, ਕੇਰਲਾ ਦੇ 9.4 ਫ਼ੀਸਦੀ, ਮੱਧ ਪ੍ਰਦੇਸ਼ ਦੇ 10.9 ਫ਼ੀਸਦੀ, ਮਹਾਰਾਸ਼ਟਰ ਦੇ 28 ਫ਼ੀਸਦੀ, ਮਣੀਪੁਰ ਦੇ 4.5 ਫ਼ੀਸਦੀ, ਮੇਘਾਲਿਆ ਦੇ 6.8 ਫ਼ੀਸਦੀ, ਮਿਜੋਰਮ ਦੇ 30.7 ਫ਼ੀਸਦੀ, ਨਾਗਾਲੈਂਡ ਦੇ 15.6 ਫ਼ੀਸਦੀ, ਉੜੀਸਾ ਦੇ 2.7 ਫ਼ੀਸਦੀ, ਪੰਜਾਬ ਦੇ 39.4 ਫ਼ੀਸਦੀ, ਰਾਜਸਥਾਨ ਦੇ 19.2 ਫ਼ੀਸਦੀ,

ਸਿੱਕਿਮ ਦੇ 64.9 ਫ਼ੀਸਦੀ, ਤਾਮਿਲਨਾਡੂ ਦੇ 11.2 ਫ਼ੀਸਦੀ, ਤੇਲੰਗਾਨਾ ਦੇ 4.2 ਫ਼ੀਸਦੀ, ਤ੍ਰਿ ਤ੍ਰਿਪੁਰਾ ਦੇ 3.6 ਫ਼ੀਸਦੀ, ਉੱਤਰਾਖੰਡ ਦੇ 42.2 ਫ਼ੀਸਦੀ, ਉੱਤਰ ਪ੍ਰਦੇਸ਼ ਦੇ 2.3 ਫ਼ੀਸਦੀ, ਪੱਛਮੀ ਬੰਗਾਲ ਦੇ 2.1 ਫ਼ੀਸਦੀ, ਅੰਡੇਮਾਨ ਤੇ ਨਿਕੋਬਾਰ ਦੇ 47.1 ਫ਼ੀਸਦੀ, ਚੰਡੀਗੜ੍ਹ ਦੇ 47.8 ਫ਼ੀਸਦੀ, ਦਾਦਰ ਤੇ ਨਗਰ ਹਵੇਲੀ ਦੇ 8.4 ਫ਼ੀਸਦੀ, ਦਮਨ ਅਤੇ ਦੀਵ ਦੇ 22 ਫ਼ੀਸਦੀ, ਲਕਸ਼ਦੀਪ ਦੇ 0 ਫ਼ੀਸਦੀ ਤੇ ਪੁਡੂਚੇਰੀ ਦੇ 70 ਫ਼ੀਸਦੀ ਪੇਂਡੂ ਘਰਾਂ ’ਚ ਪਾਈਪ ਲਾਈਨਾਂ ਨਾਲ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।

ਉਪਰੋਕਤ ਅੰਕੜਿਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਹਰ ਘਰ ਤੱਕ ਸ਼ੁੱਧ ਪਾਣੀ ਪਹੁੰਚਾਏ ਜਾਣ ਦੀਆਂ ਕੋਸ਼ਿਸ਼ਾਂ ਨਾਕਾਫੀ ਹਨ। ਅੱਜ ਦੇ ਦਿਨ ਜਿੱਥੇ ਦੁਨੀਆ ਦੇ ਹਰ ਖਿੱਤੇ ਵਿੱਚ ਡਿੱਗ ਰਹੇ ਪਾਣੀ ਦੇ ਮਿਆਰ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ, ਉੱਥੇ ਹੀ ਦੇਸ਼ ਦੇ ਨਾਗਰਿਕਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਪ੍ਰਤੀ ਵੀ ਜਾਗਰੂਕ ਹੋਣਾ ਪਵੇਗਾ। ਜੇਕਰ ਅਸੀਂ ਅਜੇ ਵੀ ਆਪਣੇ ਫਰਜ਼ਾਂ ਤੋਂ ਮੁਨਕਰ ਹੋਏ ਰਹੇ ਤਾਂ ਉਹ ਸਮਾਂ ਦੂਰ ਨਹੀਂ ਲੱਗਦਾ ਜਦੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਅੰਮ੍ਰਿਤ ਰੂਪੀ ਦਾਤ ਲਈ ਤਰਸਦੀਆਂ ਨਜ਼ਰ ਆਉਣਗੀਆਂ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਦੇਸ਼ ਦੇ ਹਰ ਘਰ ਤੱਕ ਸ਼ੁੱਧ ਪਾਣੀ ਪਹੁੰਚਾਏ ਜਾਣ ਦੇ ਉਪਰਾਲਿਆਂ ਵਿੱਚ ਤੇਜੀ ਲਿਆਂਦੀ ਜਾਵੇ।
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.