ਆਲਮੀ ਤਪਸ਼ ਘਟਾਉਣ ਲਈ ਵਿਸ਼ਵ ਪੱਧਰੀ ਤਾਲਮੇਲ ਦੀ ਲੋੜ

Global Warming

Global Warming

ਵੈਨੇਜੁਐਲਾ ਆਪਣੇ ਸਾਰੇ ਗਲੇਸ਼ੀਅਰ ਗੁਆਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇੰਟਰਨੈਸ਼ਨਲ ਕਲਾਈਮੇਟ ਐਂਡ ਕ੍ਰਾਇਓਸਫੀਅਰ ਇਨੀਸ਼ੀਏਟਿਵ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵੈਨੇਜੁਐਲਾ ਦਾ ਆਖਰੀ ਗਲੇਸ਼ੀਅਰ ਹੰਬੋਲਟ ਗਲੋਬਲ ਵਾਰਮਿੰਗ (Global Warming) ਕਾਰਨ ਸੁੰਗੜਦਾ-ਸੁੰਗੜਦਾ ਐਨਾ ਛੋਟਾ ਹੋ ਗਿਆ ਹੈ ਕਿ ਹੁਣ ਉਹ ਗਲੇਸ਼ੀਅਰ ਹੋਣ ਦੇ ਮਾਪਦੰਡ ਨੂੰ ਪੂਰਾ ਨਹੀਂ ਕਰਦਾ। ਇਹ ਇੱਕ ਮਹੱਤਵਪੂਰਨ ਤੇ ਚਿੰਤਾਜਨਕ ਘਟਨਾ ਹੈ, ਕਿਉਂਕਿ ਕਦੇ ਵੈਨੇਜੁਐਲਾ ’ਚ ਛੇ ਗਲੇਸ਼ੀਅਰ ਹੁੰਦੇ ਸਨ। ਪਰ, ਗਲੋਬਲ ਵਾਰਮਿੰਗ ਤੇ ਜਲਵਾਯੂ ਬਦਲਾਅ ਕਾਰਨ ਇਨ੍ਹਾਂ ਦਾ ਆਕਾਰ ਹੌਲੀ-ਹੌਲੀ ਘੱਟ ਹੁੰਦਾ ਗਿਆ ਅਤੇ 2011 ਤੱਕ ਇਨ੍ਹਾਂ ’ਚੋਂ ਪੰਜ ਗਲੇਸ਼ੀਅਰ ਪੂਰੀ ਤਰ੍ਹਾਂ ਖਤਮ ਹੋ ਗਏ ਸਨ। ਹੁਣ ਹੰਬੋਲਟ ਗਲੇਸ਼ੀਅਰ ਦੇ ਵੀ ਖ਼ਤਮ ਹੋਣ ਨਾਲ ਵੈਨੇਜੁਐਲਾ ਗਲੇਸ਼ੀਅਰ ਤੋਂ ਸੱਖਣਾ ਦੇਸ਼ ਬਣ ਗਿਆ ਹੈ।

Also Read : Ferozepur News: ਮੋਬਾਇਲ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਚੋਰੀ

ਗਲੇਸ਼ੀਅਰਾਂ ਦਾ ਪਿਘਲਣਾ ਨਾ ਸਿਰਫ਼ ਵਾਤਾਵਰਨ ਸੰਤੁਲਨ ਲਈ ਸਗੋਂ ਸਥਾਨਕ ਅਤੇ ਸੰਸਾਰਿਕ ਜਲ ਪ੍ਰਣਾਲੀਆਂ ਲਈ ਵੀ ਗੰਭੀਰ ਸਮੱਸਿਆ ਹੈ। ਗਲੇਸ਼ੀਅਰਾਂ ਦਾ ਪਿਘਲਣਾ ਸਮੁੰਦਰ ਪੱਧਰ ’ਚ ਵਾਧਾ, ਜਲ ਸਪਲਾਈ ’ਚ ਕਮੀ ਤੇ ਵੱਖ-ਵੱਖ ਵਾਤਾਵਰਣਕ ਪ੍ਰਣਾਲੀਆਂ ’ਚ ਬਦਲਾਅ ਲਿਆ ਸਕਦਾ ਹੈ। ਇਸ ਘਟਨਾ ਨੇ ਸੰਸਾਰਿਕ ਭਾਈਚਾਰੇ ਨੂੰ ਇਹ ਸੋਚਣ ’ਤੇ ਮਜ਼ਬੂਰ ਕੀਤਾ ਹੈ ਕਿ ਜਲਵਾਯੂ ਬਦਲਾਅ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤੁਰੰਤ ਅਤੇ ਠੋਸ ਕਦਮ ਚੁੱਕਣ ਦੀ ਲੋੜ ਹੈ। ਜੇਕਰ ਇਸੇ ਤਰ੍ਹਾਂ ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਰਿਹਾ, ਤਾਂ ਇਹ ਪੂਰੀ ਧਰਤੀ ’ਤੇ ਡੂੰਘਾ ਪ੍ਰਭਾਵ ਪਾ ਸਕਦਾ ਹੈ, ਜਿਸ ਨਾਲ ਨਾ ਸਿਰਫ਼ ਕੁਦਰਤੀ ਵਾਤਾਵਰਨ ਸਗੋਂ ਮਨੁੱਖੀ ਸਮਾਜ ਵੀ ਪ੍ਰਭਾਵਿਤ ਹੋਵੇਗਾ।

‘ਰੈਫ੍ਰੀਜਰੇਟਰ’ ਵਾਂਗ ਕੰਮ | Global Warming

ਗਲੇਸ਼ੀਅਰ ਜੀਵਨ ਦੀ ਲਗਾਤਾਰਤਾ ਤੇ ਵਾਤਾਵਰਣ ਤੰਤਰ ਦੇ ਸੰਤੁਲਨ ਲਈ ਬੇਹੱਦ ਜ਼ਰੂਰੀ ਹਨ। ਇਹ ਬਰਫ ਦੀਆਂ ਵੱਡੀਆਂ ਚਾਦਰਾਂ ਹੁੰਦੀਆਂ ਹਨ ਜੋ ਹੌਲੀ-ਹੌਲੀ ਇੱਕ ਥਾਂ ਤੋਂ ਦੂਜੀ ਥਾਂ ’ਤੇ ਖਿਸਕਦੀਆਂ ਰਹਿੰਦੀਆਂ ਹਨ। ਗਲੇਸ਼ੀਅਰ ਸੂਰਜ ਦੀ ਵਧੇਰੇ ਗਰਮੀ ਨੂੰ ਪੁਲਾੜ ’ਚ ਮੋੜ ਕੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ। ਗਲੇਸ਼ੀਅਰ ਧਰਤੀ ਲਈ ਇੱਕ ਤਰ੍ਹਾਂ ‘ਰੈਫ੍ਰੀਜਰੇਟਰ’ ਵਾਂਗ ਕੰਮ ਕਰਦੇ ਹਨ। ਗਲੇਸ਼ੀਅਰ ਵਿਸ਼ਵ ਦੇ ਤਾਜ਼ੇ ਪਾਣੀ ਦਾ ਇੱਕ ਮਹੱਤਵਪੂਰਨ ਸਰੋਤ ਹਨ। ਗਰਮੀਆਂ ’ਚ ਜਦੋਂ ਗਲੇਸ਼ੀਅਰ ਪਿਘਲਦੇ ਹਨ, ਤਾਂ ਉਹ ਨਦੀਆਂ ਅਤੇ ਝੀਲਾਂ ’ਚ ਪਾਣੀ ਦੀ ਸਪਲਾਈ ਕਰਦੇ ਹਨ, ਜਿਸ ਨਾਲ ਖੇਤੀ, ਪੀਣ ਵਾਲੇ ਪਾਣੀ ਅਤੇ ਪਾਣੀ ਬਿਜਲੀ ਉਤਪਾਦਨ ’ਚ ਸਹਾਇਤਾ ਮਿਲਦੀ ਹੈ।

Global Warming

ਗਲੇਸ਼ੀਅਰ ਕਾਰਬਨ ਸੋਖਣ ’ਚ ਵੀ ਭੂਮਿਕਾ ਨਿਭਾਉਂਦੇ ਹਨ। ਇਹ ਗ੍ਰੀਨ ਹਾਊਸ ਗੈਸਾਂ ਨੂੰ ਸੋਖਣ ’ਚ ਮੱਦਦ ਕਰਦੇ ਹਨ, ਜਿਸ ਨਾਲ ਵਾਯੂਮੰਡਲ ’ਚ ਇਸ ਦੀ ਮਾਤਰਾ ਕੰਟਰੋਲ ਰਹਿੰਦੀ ਹੈ। ਇਸ ਨਾਲ ਜਲਵਾਯੂ ਬਦਲਾਅ ਦੇ ਅਸਰ ਨੂੰ ਘੱਟ ਕਰਨ ’ਚ ਮੱਦਦ ਮਿਲਦੀ ਹੈ। ਹਾਲਾਂਕਿ, ਜਲਵਾਯੂ ਬਦਲਾਅ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਨਾਲ ਕਈ ਵਾਤਾਵਣਕ, ਸਮਾਜਿਕ ਤੇ ਆਰਥਿਕ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ। ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਤੇ ਜੀਵਾਸ਼ਮ ਈਂਧਨ ਦੇ ਦੋਹਨ ਕਾਰਨ ਧਰਤੀ ਦਾ ਔਸਤ ਤਾਪਮਾਨ ਲਗਾਤਾਰ ਵਧ ਰਿਹਾ ਹੈ, ਜਿਸ ਨਾਲ ਗਲੇਸ਼ੀਅਰਾਂ ਦਾ ਪਿਘਲਣਾ ਜ਼ਾਰੀ ਹੈ। ਇਸ ਦੇ ਨਤੀਜੇ ਵਜੋਂ ਨਦੀਆਂ ਦਾ ਜਲ ਪੱਧਰ ਬੇਕਾਬੂ ਹੋ ਰਿਹਾ ਹੈ, ਸਮੁੰਦਰ ਦਾ ਪੱਧਰ ਵਧ ਰਿਹਾ ਹੈ ਤੇ ਕਈ ਵਾਤਾਵਰਣ ਤੰਤਰਾਂ ’ਤੇ ਉਲਟ ਅਸਰ ਪੈ ਰਿਹਾ ਹੈ।

ਗਲੇਸ਼ੀਅਰਾਂ ਦੀ ਔਸਤ ਮੋਟਾਈ

ਸੰਯੁਕਤ ਰਾਸ਼ਟਰ ਦੇ ਵਿਸ਼ਵ ਮੌਸਮ ਵਿਗਿਆਨ ਸੰਗਠਨ ਅਨੁਸਾਰ, ਜਲਵਾਯੂ ਬਦਲਾਅ ਅਤੇ ਕਾਰਬਨ ਡਾਇਆਕਸਾਈਡ ਵਰਗੀਆਂ ਗ੍ਰੀਨ ਹਾਊਸ ਗੈਸਾਂ ਦੀ ਸੰਘਣਤਾ ਵਧਣ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਗਲੇਸ਼ੀਅਰ ਲਗਾਤਾਰ ਪਿਘਲ ਰਹੇ ਹਨ। ਸੰਯੁਕਤ ਰਾਸ਼ਟਰ ਅਨੁਸਾਰ, 1970 ਤੋਂ ਬਾਅਦ ਵਿਸ਼ਵ ਦੇ ਗਲੇਸ਼ੀਅਰਾਂ ਦੀ ਔਸਤ ਮੋਟਾਈ ਲਗਭਗ 30 ਮੀਟਰ ਘੱਟ ਹੋ ਗਈ ਹੈ। ਵਿਗਿਆਨੀਆਂ ਅਨੁਸਾਰ, ਗਲੇਸ਼ੀਅਰਾਂ ਦੇ ਪਿਘਲਣ ਦੀ ਸ਼ੁਰੂਆਤ 18ਵੀਂ ਸਦੀ ਦੇ ਅੱਧੋਂ ਬਾਅਦ ਸ਼ੁਰੂ ਹੋਈ ਉਦਯੋਗਿਕ ਕ੍ਰਾਂਤੀ ਦੇ ਨਤੀਜੇ ਵਜੋਂ ਹੋਈ।

ਉਦਯੋਗਿਕ ਕ੍ਰਾਂਤੀ ਤੋਂ ਬਾਅਦ ਫੈਕਟਰੀਆਂ- ਕਾਰਖਾਨਿਆਂ ਦੀ ਗਿਣਤੀ ਵਧਣ ਨਾਲ ਕਾਰਬਨ ਡਾਇਆਕਸਾਈਡ ਅਤੇ ਹੋਰ ਗ੍ਰੀਨ ਹਾਊਸ ਗੈਸਾਂ ਦੀ ਬੇਤਹਾਸ਼ਾ ਨਿਕਾਸੀ ਹੋਈ, ਜਿਸ ਨਾਲ 1900 ਦੇ ਬਾਅਦ ਤੋਂ ਦੁਨੀਆ ਭਰ ਦੇ ਗਲੇਸ਼ੀਅਰਾਂ ਦਾ ਪਿਘਲਣਾ ਸ਼ੁਰੂ ਹੋ ਗਿਆ। ਵਰਲਡ ਵਾਈਲਡਲਾਈਫ ਫੰਡ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਸਦੀ ਦੇ ਅੰਤ ਤੱਕ ਦੁਨੀਆ ਦੇ ਬਚੇ ਹੋਏ ਇੱਕ ਤਿਹਾਈ ਤੋਂ ਜ਼ਿਆਦਾ ਗਲੇਸ਼ੀਅਰ ਪਿਘਲ ਸਕਦੇ ਹਨ। ਜੇਕਰ ਕਾਰਬਨ ਨਿਕਾਸੀ ਦੀ ਮੌਜੂੂਦਾ ਦਰ ’ਚ ਕਟੌਤੀ ਨਾ ਕੀਤੀ ਗਈ ਤਾਂ 2040 ਤੱਕ ਆਰਕਟਿਕ ਖੇਤਰ ਗਰਮੀਆਂ ’ਚ ਬਰਫ ਰਹਿਤ ਹੋ ਸਕਦਾ ਹੈ।

ਛੋਟੇ ਦੀਪ ਦੇਸ਼ਾਂ ਲਈ ਗੰਭੀਰ ਖ਼ਤਰਾ

ਗਲੇਸ਼ੀਅਰਾਂ ਦੇ ਪਿਘਲਣ ਦੇ ਪ੍ਰਭਾਵਾਂ ਨੂੰ ਸਮਝਣਾ ਮਹੱਤਵਪੂਰਨ ਹੈ, ਕਿਉਂਕਿ ਇਹ ਇੱਕ ਵਿਆਪਕ ਅਤੇ ਗੁੰਝਲਦਾਰ ਮੁੱਦਾ ਹੈ ਜੋ ਕਈ ਕੁਦਰਤੀ ਅਤੇ ਮਨੁੱਖ ਨਿਰਮਿਤ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰਦਾ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਦੀ ‘ਸਟੇਟ ਆਫ਼ ਦਾ ਗਲੋਬਲ ਕਲਾਈਮੇਟ ਰਿਪੋਰਟ-2022’ ਅਨੁਸਾਰ, 2013 ਅਤੇ 2022 ਵਿਚਕਾਰ ਸਮੁੰਦਰ ਦਾ ਜਲ ਪੱਧਰ ਔਸਤਨ 4.62 ਮਿਲੀਮੀਟਰ ਹਰ ਸਾਲ ਵਧਿਆ ਹੈ, ਜੋ 1993 ਤੇ 2002 ਵਿਚਲੀ ਦਰ ਤੋਂ ਦੁੱਗਣਾ ਹੈ। ਵਧਦਾ ਸਮੁੰਦਰੀ ਜਲ ਪੱਧਰ ਕੰਢੀ ਸ਼ਹਿਰਾਂ ਅਤੇ ਛੋਟੇ ਦੀਪ ਦੇਸ਼ਾਂ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ।

ਇੱਕ ਰਿਪੋਰਟ ਅਨੁਸਾਰ, ਸਮੁੰਦਰ ਪੱਧਰ ’ਚ ਇੱਕ ਮੀਟਰ ਦੇ ਵਾਧੇ ਨਾਲ ਮਾਲਦੀਵ ਦਾ 80 ਫੀਸਦੀ ਹਿੱਸਾ ਜਲਥਲ ਹੋ ਸਕਦਾ ਹੈ, ਜਿਸ ਨਾਲ ਉੱਥੋਂ ਦੇ ਨਿਵਾਸੀਆਂ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਵੇਗਾ। ਸਮੁੰਦਰ ਪੱਧਰ ’ਚ ਵਾਧੇ ਨਾਲ ਬੰਗਲਾਦੇਸ਼, ਭਾਰਤ ਅਤੇ ਇੰਡੋਨੇਸ਼ੀਆ ਦੇ 24 ਮਿਲੀਅਨ ਲੋਕ ਆਪਣੇ ਘਰਾਂ ਤੋਂ ਉੱਜੜ ਜਾਣਗੇ। ਇਹ ਉਜਾੜਾ ਮਨੁੱਖੀ ਸੰਕਟ ਨੂੰ ਜਨਮ ਦੇਵੇਗਾ, ਜਿਸ ’ਚ ਰਿਹਾਇਸ਼, ਖੁਰਾਕ ਸੁਰੱਖਿਆ ਅਤੇ ਸਵੱਛਤਾ ਵਰਗੀਆਂ ਬੁਨਿਆਦੀ ਲੋੜਾਂ ਦੀ ਗੰਭੀਰ ਕਮੀ ਹੋ ਸਕਦੀ ਹੈ। ਗਲੇਸ਼ੀਅਰਾ ਦੇ ਪਿਘਲਣ ਨਾਲ ਉਨ੍ਹਾਂ ’ਤੇ ਨਿਰਭਰ ਜਾਨਵਰਾਂ, ਜਿਵੇਂ ਧਰੁਵੀ ਭਾਲੂ ਅਤੇ ਪੇਂਗੁਇਨ ਨੂੰ ਉਨ੍ਹਾਂ ਦੀਆਂ ਰਿਹਾਇਸ਼ਾਂ ਅਲੋਪ ਹੋਣ ਨਾਲ ਅਲੋਪ ਹੋਣ ਦਾ ਖਤਰਾ ਹੈ।

Global Warming

ਸਮੁੰਦਰ ਦੇ ਜਲ ਪੱਧਰ ’ਚ ਵਾਧੇ ਨਾਲ ਮੈਂਗ੍ਰੋਵ ਜੰਗਲ ਅਤੇ ਉਸ ’ਚ ਰਹਿਣ ਵਾਲੀਆਂ ਸੈਂਕੜੇ ਪ੍ਰਜਾਤੀਆਂ ਅਲੋਪ ਹੋ ਸਕਦੀਆਂ ਹਨ। ਮੈਂਗ੍ਰੋਵ ਜੰਗਲਾਂ ਦੀ ਤਬਾਹੀ ਸਮੁੰਦਰੀ ਵਾਤਾਵਰਣਕ ਤੰਤਰ ਨੂੰ ਪ੍ਰਭਾਵਿਤ ਕਰੇਗੀ, ਉੁਥੇ ਕੰਢੀ ਖੇਤਰਾਂ ’ਚ ਹੜ੍ਹ ਅਤੇ ਕਟਾਅ ਨਾਲ ਬੁਨਿਆਦੀ ਢਾਂਚੇ ਨੂੰ ਨੁਕਸਾਨ ਹੋਵੇਗਾ, ਜਿਸ ਨਾਲ ਆਰਥਿਕ ਲਾਗਤ ਵਧੇਗੀ। ਕੰਢੀ ਸ਼ਹਿਰਾਂ ’ਚ ਰਹਿਣ ਵਾਲੇ ਲੋਕਾਂ ਲਈ ਬੀਮੇ ਦੀਆਂ ਕੀਮਤਾਂ ਵਧਣਗੀਆਂ ਅਤੇ ਜਾਇਦਾਦ ਦੀਆਂ ਕੀਮਤਾਂ ਘਟਣਗੀਆਂ।

ਫਿਲਹਾਲ ਗਲੇਸ਼ੀਅਰਾਂ ਦੇ ਪਿਘਲਣ ਨਾਲ ਨਾ ਸਿਰਫ਼ ਸਮੁੰਦਰ ਪੱਧਰ ’ਚ ਵਾਧਾ ਹੁੰਦਾ ਹੈ, ਸਗੋਂ ਇਹ ਸੰਸਾਰਕ ਵਾਤਾਵਰਣਕ ਤੰਤਰ, ਮਨੁੱਖੀ ਸਮਾਜ ਅਤੇ ਆਰਥਿਕ ਸਥਿਰਤਾ ’ਤੇ ਵੀ ਡੂੰਘਾ ਅਸਰ ਪਾਉਂਦਾ ਹੈ। ਇਸ ਸਮੱਸਿਆ ਨਾਲ ਨਜਿਠਣ ਲਈ ਸੰਸਾਰਿਕ ਪੱਧਰ ’ਤੇ ਤਾਲਮੇਲਪੂਰਨ ਯਤਨਾਂ ਦੀ ਜ਼ਰੂਰਤ ਹੈ, ਜਿਸ ’ਚ ਕਾਰਬਨ ਨਿਕਾਸੀ ਨੂੰ ਘੱਟ ਕਰਨ, ਟਿਕਾਊ ਵਿਕਾਸ ਨੂੰ ਹੱਲਾਸ਼ੇਰੀ ਦੇਣ ਅਤੇ ਜਲਵਾਯੂ ਬਦਲਾਅ ਦੇ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਭਾਈਚਾਰਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਉਪਾਅ ਸ਼ਾਮਲ ਹਨ।

ਸੁਧੀਰ ਕੁਮਾਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)