ਵਿਦਿਆਰਥੀ ਤੇ ਹਮਲਾਵਰਾਂ ਵੱਲੋਂ ਕੀਤਾ ਗਿਆ ਤੇਜ਼ਧਾਰ ਹਥਿਆਰਾਂ ਨਾਲ ਵਾਰ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਵਿਖੇ ਇੱਕ ਵਿਦਿਆਰਥੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਯੂਨੀਵਰਸਿਟੀ ਕੈਂਪਸ ‘ਚ ਸਥਿਤ ਇੰਜੀਨੀਅਰਿੰਗ ਵਿਭਾਗ ਕੋਲ ਹੋਏ ਝਗੜੇ ‘ਚ ਵਿਦਿਆਰਥੀ ਨਵਜੋਤ ਸਿੰਘ ਵਾਸੀ ਪਿੰਡ ਸੰਗਤਪੁਰਾ ਦੇ ਢਿੱਡ ਵਿਚ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ।
ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਤੇ ਜ਼ਖ਼ਮੀ ਵਿਦਿਆਰਥੀ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਹੈ। ਮੌਕੇ ‘ਤੇ ਮੌਜੂਦ ਵਿਦਿਆਰਥੀਆਂ ਨੇ ਦੱਸਿਆ ਕਿ ਕਰੀਬ 12 ਵਜੇ ਕੁਝ ਨੌਜਵਾਨ ਇਕੱਠੇ ਹੋਏ ਤੇ ਦੋ ਧਿਰਾਂ ‘ਚ ਖਿੱਚ-ਧੂਹ ਸ਼ੁਰੂ ਹੋ ਗਈ।
ਇਸੇ ਦੌਰਾਨ ਹੀ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਨਵਜੋਤ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਇਆ ਹੈ। ਥਾਣਾ ਅਰਬਨ ਅਸਟੇਟ ਮੁਖੀ ਅਮ੍ਰਿਤਵੀਰ ਸਿੰਘ ਚਹਿਲ ਨੇ ਦੱਸਿਆ ਕਿ ਨੌਜਵਾਨਾਂ ‘ਚ ਆਪਸੀ ਝਗੜਾ ਹੋਇਆ ਹੈ। ਇਸ ਦੌਰਾਨ ਇਕ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। (Punjabi University)