ਨਸ਼ੇ ਲਈ ਮਾਰੋਮਾਰ ਬਹੁਤ ਹੀ ਨਮੋਸ਼ੀ ਵਾਲੀ ਗੱਲ
ਪੰਜਾਬ ਦੀ ਪਵਿੱਤਰ ਧਰਤੀ ’ਤੇ ਅੱਜ-ਕੱਲ੍ਹ ਸਰਕਾਰੀ ਨਸ਼ਾ ਛੁਡਾੳੂ, ਨਸ਼ੇ ਦੀਆਂ ਈ ਗੋਲੀਆਂ ਲਈ ਵੀ ਸੜਕਾਂ ’ਤੇ ਧਰਨੇ ਲੱਗ ਰਹੇ ਹਨ, ਹਜ਼ਾਰਾਂ ਲੋਕ ਸ਼ਰੇਆਮ ਸਰਕਾਰੀ ਹਸਪਤਾਲਾਂ ’ਚ ਬਣੇ ਵਿਸ਼ੇਸ਼ ਸੈਂਟਰਾਂ ’ਤੇ ਲੰਮੀਆਂ ਲਾਈਨਾਂ ’ਚ ਖੜ੍ਹ ਕੇ ਨਸ਼ੇ ਦੀਆਂ ਗੋਲੀਆਂ ਲਈ ਲੇਲੜੀਆਂ ਕੱਢਦੇ, ਸਿਹਤ ਵਿਭਾਗ ਦੇ ਮੁਲਾਜ਼ਮਾਂ ਨਾਲ ਤੇ ਆਪਸ ’ਚ ਸ਼ਰੇਆਮ ਲੜਦੇ-ਝਗੜਦੇ ਰੋਜ਼ ਦੇਖੇ ਜਾ ਸਕਦੇ ਨੇ। ਦਰਅਸਲ ਪੰਜਾਬ ਦੀ ਪਿਛਲੀ ਸਰਕਾਰ ਸਮੇਂ 2017 ’ਚ ਨਸ਼ੇ ਦੇ ਖਿਲਾਫ ਇੱਕ ਵਿਸ਼ੇਸ਼ ਪਾਇਲਟ ਪ੍ਰੋਜੈਕਟ ਞਞਅਣ (ਞਤਣਟਅਣਘਹਝਣ ਞਟਘਞਸ ਅਢਘਢਣਹਸ ਣਡਹਅਣਜਹਝਣ) ਅਮਰੀਕਾ ਦੇ ਡ੍ਰਗ ਥੈਰੇਪਿਸਟ ਕੁੰਵਰ ਅਜੀਤ ਸਿੰਘ ਦੀ ਸਲਾਹ ’ਤੇ ਚਲਾਇਆ ਸੀ, ਜੋ ਅਮਰੀਕਾ ’ਚ ਬੇਹੱਦ ਕਾਰਗਰ ਸਿੱਧ ਹੋਇਆ ਸੀ।
ਇਸ ਇਲਾਜ ਅਧੀਨ ਨਸ਼ੇ ਦੇ ਆਦੀ ਲੋਕਾਂ ਨੂੰ ਸਰਕਾਰ ਵੱਲੋਂ ਬੁਪਰਨੋਰਫਿਨ ਤੇ ਨੇਲੋਕਸੋਨ ਨਾਂਅ ਦੇ ਵਿਸ਼ੇਸ਼ ਮਿਕਸ ਸਾਲਟ (ਜੀਭ ਥੱਲੇ ਦੇਣ ਵਾਲੀ ਵਿਸ਼ੇਸ਼ ਗੋਲੀ) ਦੀ ਡੋਜ ਦੇਣੀ ਸ਼ੁਰੂ ਕੀਤੀ ਗਈ ਤਾਂ ਜੋ ਹੌਲੀ-ਹੌਲੀ ਉਨ੍ਹਾਂ ਨੂੰ ਨਸ਼ਾਮੁਕਤ ਕਰਦਿਆਂ, ਮੁੱਖਧਾਰਾ ’ਚ ਵਾਪਸ ਲਿਆਇਆ ਜਾਵੇ। ਇਸ ਪ੍ਰੋਜੈਕਟ ਨੂੰ ਟਰਾਇਲ ਅਧੀਨ ਸਭ ਤੋਂ ਪਹਿਲਾਂ ਪੰਜਾਬ ਦੇ ਤਿੰਨ ਜਿਲ੍ਹਿਆਂ ਅੰਮਿ੍ਰਤਸਰ, ਤਰਨਤਾਰਨ ਤੇ ਮੋਗਾ ਦੇ 25 ਸੈਂਟਰਾਂ ’ਚ ਸ਼ੁਰੂ ਕੀਤਾ ਗਿਆ ਪਰ ਸ਼ੁਰੂਆਤੀ ਸਫਲਤਾ ਤੋਂ ਬਾਅਦ ਅਗਲੇ ਹੀ ਸਾਲ ਇਸ ਪ੍ਰੋਜੈਕਟ ਨੂੰ ਪੂਰੇ ਪੰਜਾਬ ’ਚ, ਸਰਕਾਰੀ ਤੌਰ ’ਤੇ ਮੁਫ਼ਤ ਤੇ ਕੁੱਝ ਪ੍ਰਾਈਵੇਟ ਮਾਨਸਿਕ ਰੋਗਾਂ ਦੇ ਹਸਪਤਾਲਾਂ ਰਾਹੀਂ ਸ਼ੁਰੂ ਕਰ ਦਿੱਤਾ ਗਿਆ, ਜੋ ਅੱਜ ਵੀ 208 ਸੈਂਟਰਾਂ ’ਤੇ ਜਾਰੀ ਹੈ, ਜਿਨ੍ਹਾਂ ’ਚੋਂ 16 ਜੇਲ੍ਹਾਂ ਵਿੱਚ ਹਨ।
ਇਸ ਪ੍ਰੋਜੈਕਟ ਦਾ ਉਦੇਸ਼ ਪੰਜਾਬ ਦੇ ਨਸ਼ੇ ਦੇ ਆਦੀ ਲੋਕਾਂ ਨੂੰ ਦਵਾਈ ਰਾਹੀਂ ਨਸ਼ੇ ਤੋਂ ਛੁਟਕਾਰਾ ਦਿਵਾਉਣਾ ਸੀ ਪਰ ਇਹ ਬੇਹੱਦ ਮਹੱਤਵਪੂਰਨ ਪਾਇਲਟ ਪ੍ਰੋਜੈਕਟ, ਨਾਕਾਮ ਪ੍ਰਬੰਧਨ ਕਾਰਨ ਪਿਛਲੇ ਲੰਬੇ ਸਮੇਂ ਤੋਂ ਵੱਡੀਆਂ ਕਮੀਆਂ ਦਾ ਸ਼ਿਕਾਰ ਨਜਰ ਆ ਰਿਹਾ ਹੈ। ਦਰਅਸਲ ਸ਼ੁਰੂਆਤ ਵਿੱਚ ਇਨ੍ਹਾਂ ਸੈਂਟਰਾਂ ’ਚ ਰਜਿਸਟਰਡ ਲੋਕਾਂ ਦੀ ਗਿਣਤੀ ਠੀਕ-ਠਾਕ ਹੀ ਸੀ, ਪਰ ਇਸ ਤੋਂ ਬਾਅਦ ਆ ਗਿਆ ਕੋਰੋਨਾ ਤੇ ਲਾਕਡਾੳੂਨ ਲੱਗ ਜਾਣ ਕਾਰਨ, ਹੋਰ ਸਾਰੇ ਨਸ਼ੇ ਬੰਦ ਹੋਣ ਕਾਰਨ ਮੁਫ਼ਤ ਮਿਲਦੀ ਇਸ ਗੋਲੀ ਰਾਹੀਂ ਮਿਲਦੇ ਨਸ਼ੇ ਦੀ ਝਾਤ ’ਚ ਨਸ਼ੇੜੀ ਲੋਕਾਂ ਨੇ ਵੱਡੇ ਪੱਧਰ ’ਤੇ ਸਰਕਾਰੀ ਹਸਪਤਾਲਾਂ ’ਚ ਪਹੁੰਚ ਆਪਣੇ ਰਜਿਸਟਰਡ ਕਾਰਡ ਬਣਵਾ ਲਏ। ਇਨ੍ਹਾਂ ਕਾਰਡਾਂ ’ਤੇ ਸਬੰਧਤ ਵਿਅਕਤੀ ਦੀ ਨਸ਼ੇ ਦੀ ਡੋਜ਼ ਮਾਨਸਿਕ ਰੋਗਾਂ ਦੇ ਡਾਕਟਰਾਂ ਤੇ ਕਾਉਂਸਲਰ ਦੀ ਵੈਰੀਫਿਕੇਸ਼ਨ ਉਪਰੰਤ ਤੈਅ ਹੁੰਦੀ ਹੈ, ਜੋ ਆਨਲਾਈਨ ਸਿਸਟਮ ’ਤੇ ਰਜਿਸਟਰਡ ਹੁੰਦੀ ਹੈ।
ਪਰ ਉਸ ਸਮੇਂ ਬਹੁਤ ਜਿਆਦਾ ਭੀੜਭਾੜ, ਸਬੰਧਤ ਸਟਾਫ ਦੀ ਘਾਟ ਤੇ ਜਿਆਦਾ ਕੰਮ ਦੇ ਬੋਝ ਕਾਰਨ ਬਹੁਤ ਸਾਰੇ ਲੋਕਾਂ ਨੇ ਨਜਾਇਜ਼ ਕਾਰਡ ਵੀ ਬਣਵਾ ਲਏ। ਤੁਸੀਂ ਹੈਰਾਨ ਹੋ ਜਾਵੋਗੇ ਸੁਣ ਕੇ ਕਿ ਕੁੱਝ ਲੋਕਾਂ ਨੇ ਤਾਂ ਆਪਣੇ ਪਰਿਵਾਰ ਦੇ ਵਾਧੂ ਤੇ ਵੱਧ ਡੋਜ ਦੇ ਕਾਰਡ ਬਣਵਾ ਕੇ, ਇਨ੍ਹਾਂ ਕਾਰਡਾਂ ਰਾਹੀਂ ਵਾਧੂ ਨਸ਼ੇ ਦੀਆਂ ਗੋਲੀਆਂ ਮੁਫ਼ਤ ਹਾਸਲ ਕਰਕੇ, ਵੇਚਣ ਦਾ ਗੰਦਾ ਧੰਦਾ ਵੀ ਤੋਰ ਰੱਖਿਆ ਹੈ।
ਇਸ ਪ੍ਰੋਜੈਕਟ ਰਾਹੀਂ, ਸਿਹਤ ਵਿਭਾਗ ਦੀ ਅਥਾਹ ਮਿਹਨਤ ਨਾਲ ਜਿੱਥੇ ਬਹੁਤ ਸਾਰੇ ਨਸ਼ੇੜੀ ਨਸ਼ਾ ਛੱਡਣ ’ਚ ਕਾਮਯਾਬ ਹੋਏ ਹਨ, ਉੱਥੇ ਹੀ ਕਈਆਂ ਦੀ ਡੋਜ਼ ਘਟ ਗਈ। ਪਰ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਹੁਣ ਇਸ ਗੋਲੀ ਦੀ ਘਾਟ ਕਾਰਨ ਤੇ ਇਸ ਨਸ਼ੇ ਦੇ ਆਦੀ ਹੋਣ ਕਾਰਨ ਲੋਕਾਂ ਦੀਆਂ ਲੰਮੀਆਂ ਲਾਈਨਾਂ ਰੋਜ ਸ਼ਰੇ੍ਹਆਮ ਹਸਪਤਾਲ ਖੁੱਲ੍ਹਣ ਤੋਂ ਪਹਿਲਾਂ ਹੀ ਲੱਗ ਜਾਂਦੀਆਂ ਨੇ, ਵੱਡੀ ਗਿਣਤੀ ’ਚ ਮੂੰਹ ਲੁਕੋਈ ਖੜ੍ਹੇ ਚੰਗੇ ਘਰਾਂ ਦੇ ਨੌਜਵਾਨਾਂ ਤੇ ਮਜ਼ਦੂਰ ਕਾਮਿਆਂ ਨੂੰ ਦੇਖ ਕੇ ਦੇਖਣ ਆਲੇ ਨੂੰ ਵੀ ਕਚਿਆਣ ਜਿਹੀ ਆਉਣ ਲੱਗ ਜਾਂਦੀ ਹੈ।
ਜੇਕਰ ਕਾਰਡ ਧਾਰਕ ਇਹੀ ਗੋਲੀ ਪ੍ਰਾਈਵੇਟ ਹਸਪਤਾਲ ਤੋਂ ਖਰੀਦਦਾ ਏ ਤਾਂ ਇੱਕ ਗੋਲੀ ਦੀ ਕੀਮਤ ਲਗਭਗ 30-40 ਰੁਪਏ ਦੇ ਕਰੀਬ ਹੈ, ਜਦਕਿ ਸਰਕਾਰੀ ਸੈਂਟਰਾਂ ’ਤੇ ਰੋਜ, ਮੁਫ਼ਤ ਇਹ ਗੋਲੀਆਂ ਰਜਿਸਟਰਡ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਕਰਕੇ ਇਨ੍ਹਾਂ ਗੋਲੀਆਂ ਦੀ ਵੱਧ ਮੰਗ ਕਾਰਨ ਡਰੱਗ ਮਾਫੀਆ, ਕੁੱਝ ਕੁ ਭਿ੍ਰਸ਼ਟ ਸਰਕਾਰੀ ਅਫਸਰਾਂ ਦੀ ਮਿਲੀਭੁਗਤ ਨਾਲ, ਇਨ੍ਹਾਂ ਗੋਲੀਆਂ ਨੂੰ ਬਲੈਕ ’ਚ ਬਹੁਤ ਮਹਿੰਗੀਆਂ ਵੇਚ ਕੇ ਪੰਜਾਬੀਆਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰਦਿਆਂ, ਵੱਡਾ ਮੁਨਾਫਾ ਵੀ ਕਮਾ ਰਿਹਾ ਹੈ।
ਹਾਲਾਤ ਇਹ ਬਣ ਚੁੱਕੇ ਨੇ ਕਿ ਅੱਜ-ਕੱਲ੍ਹ ਤਾਂ ਨਸ਼ਾ ਛੁਡਾੳੂ ਡਾਕਟਰਾਂ ਵੱਲੋਂ ਵੀ ‘ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਛੁਡਾਓ’ ਦੇ ਇਸ਼ਤਿਹਾਰ ਦਿੱਤੇ ਜਾਣ ਲੱਗ ਪਏ ਹਨ। ਸਰਕਾਰ ਵੱਲੋਂ ਜਲਦੀ ਤੋਂ ਜਲਦੀ ਇਸ ਗੋਲੀ ਦੀ ਵੱਡੇ ਪੱਧਰ ’ਤੇ ਲੱਗ ਰਹੀ ਲਤ ਨੂੰ ਰੋਕਣ ਲਈ ਨਸ਼ਾ ਛੁਡਾਉਣ ਦੇ ਹੋਰ ਤਰੀਕਿਆਂ ਬਾਰੇ ਸੋਚਣ ਦੀ ਲੋੜ ਹੈ, ਕਿਉਂਕਿ ਇਹ ਗੋਲੀ ਹੁਣ ਨਸ਼ੇੜੀਆਂ ਲਈ ਮਹਿੰਗੇ ਨਸ਼ੇ ਦਾ ਮੁਫ਼ਤ ਮਿਲਦਾ ਬਦਲ ਬਣਦਾ ਜਾ ਰਿਹਾ ਹੈ।
ਇਸ ਸਮੇਂ ਪੰਜਾਬ ਦੇ ਲਗਭਗ 2.5 ਲੱਖ ਲੋਕ ਇਨ੍ਹਾਂ ਸੈਂਟਰਾਂ ਅਧੀਨ ਰਜਿਸਟਰਡ ਹਨ ਤੇ ਲਗਭਗ 16.5 ਲੱਖ ਲੋਕ ਹਰ ਮਹੀਨੇ ਇਨ੍ਹਾਂ ਸੈਂਟਰਾਂ ’ਤੇ ਜਾਂਦੇ ਹਨ। ਸਭ ਤੋਂ ਵੱਡੀ ਤੇ ਅਹਿਮ ਗੱਲ ਸਰਕਾਰ ਨੂੰ ਇਨ੍ਹਾਂ ਰਜਿਸਟਰਡ ਲੋਕਾਂ ਦੀ ਪਛਾਣ ਜਨਤਕ ਹੋਣ ਤੋਂ ਰੋਕਣ ਲਈ ਖਾਸ ਕਦਮ ਚੁੱਕਣ ਦੀ ਲੋੜ ਹੈ। ਅਸਲ ਵਿਚ ਇਹ ਲੋਕ ਮਾਨਸਿਕ ਬਿਮਾਰ ਹਨ, ਇਨ੍ਹਾਂ ’ਤੇ ਤਰਸ ਕਰਦਿਆਂ, ਇਨ੍ਹਾਂ ਦਾ ਇਲਾਜ ਕਰਨ ਦੀ ਲੋੜ ਹੈ, ਨਾ ਕਿ ਉੱਥੇ ਸ਼ਰੇਆਮ ਲਾਈਨਾਂ ’ਚ ਲਾ ਕੇ ਇਨ੍ਹਾਂ ਦੀ ਬਿਮਾਰੀ ਦਾ ਜਨਤਕ ਪ੍ਰਦਰਸ਼ਨ ਕਰਕੇ ਇਨ੍ਹਾਂ ਨੂੰ ਸ਼ਰਮਸਾਰ ਕਰਨ ਦੀ।
ਸੈਂਟਰਾਂ ਦੀ, ਗੋਲੀਆਂ ਦੀ ਤੇ ਸੰਬੰਧਤ ਮੁਲਾਜ਼ਮਾਂ ਦੀ ਘਾਟ ਕਾਰਨ ਕੁੱਝ ਗਲਤ ਅਨਸਰ ਇਨ੍ਹਾਂ ਸੈਂਟਰਾਂ ’ਤੇ ਨਿੱਤ ਹੀ ਵਿਵਸਥਾ ਖਰਾਬ ਕਰਦਿਆਂ ਉੱਥੇ ਡਿਊਟੀ ’ਤੇ ਮੌਜੂਦ ਮੁਲਾਜ਼ਮਾਂ ਨੂੰ ਵੀ ਬੇਹੱਦ ਪਰੇਸ਼ਾਨ ਕਰਦੇ ਹਨ, ਜੋ ਚਿੰਤਾ ਦਾ ਵਿਸ਼ਾ ਹੈ ਨਾਲ ਹੀ ਡਰੱਗ ਮਾਫੀਆ ’ਤੇ ਤੁਰੰਤ ਨਕੇਲ ਕੱਸਦਿਆਂ ਕਾਲੀਆਂ ਭੇਡਾਂ ’ਤੇ ਵੀ ਸਖਤ ਕਾਰਵਾਈ ਕਰਨ ਦੀ ਲੋੜ ਹੈ। ਆਸ ਹੈ ਪੰਜਾਬ ਸਰਕਾਰ ਇਸ ਪ੍ਰੋਜੈਕਟ ’ਚ ਸੁਧਾਰ ਕਰਦਿਆਂ ਬੇਹੱਦ ਜਲਦ ਨਸ਼ੇ ਦੀਆਂ ਜੜ੍ਹਾਂ ਪੁੱਟ ਦੇਵੇਗੀ!
ਖੂਈ ਖੇੜਾ, ਫਾਜ਼ਿਲਕਾ
ਮੋ. 98727-05078
ਅਸ਼ੋਕ ਸੋਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ