ਝੀਲ ਦਾ ਚੰਨ
ਇੱਕ ਵਿਅਕਤੀ ਇੱਕ ਫਕੀਰ ਕੋਲ ਗਿਆ ਤੇ ਕਹਿੰਦਾ, ‘‘ਗੁਰੂ ਜੀ! ਮੈਨੂੰ ਜੀਵਨ ਦੇ ਸੱਚ ਦਾ ਸਾਰਾ ਗਿਆਨ ਹੈ। ਮੈਂ ਸ਼ਾਸਤਰਾਂ ਦਾ ਅਧਿਐਨ ਵੀ ਕੀਤਾ ਹੈ ਪਰ ਮੇਰਾ ਮਨ ਕਿਸੇ ਕੰਮ ’ਚ ਨਹੀਂ ਲੱਗਦਾ, ਭਟਕਣ ਲੱਗਦਾ ਹੈ। ਮੇਰੀ ਇਸ ਭਟਕਣ ਦਾ ਕਾਰਨ ਕੀ ਹੈ? ਕਿਰਪਾ ਕਰਕੇ ਮੇਰੀ ਇਸ ਸਮੱਸਿਆ ਦਾ ਹੱਲ ਕਰੋ।’’
ਫ਼ਕੀਰ ਨੇ ਉਸ ਨੂੰ ਰਾਤ ਦਾ ਇੰਤਜ਼ਾਰ ਕਰਨ ਲਈ ਕਿਹਾ। ਰਾਤ ਹੋਣ ’ਤੇ ਫ਼ਕੀਰ ਉਸ ਨੂੰ ਇੱਕ ਝੀਲ ਦੇ ਕੋਲ ਲੈ ਗਿਆ ਤੇ ਝੀਲ ਦੇ ਅੰਦਰ ਚੰਨ ਦਿਖਾ ਕੇ ਕਿਹਾ, ‘‘ਇੱਕ ਚੰਨ ਅਕਾਸ਼ ਵਿੱਚ ਹੈ ਅਤੇ ਇੱਕ ਝੀਲ ਵਿੱਚ। ਤੇਰਾ ਮਨ ਇਸ ਝੀਲ ਦੇ ਚੰਨ ਵਾਂਗ ਹੈ। ਤੇਰੇ ਕੋਲ ਗਿਆਨ ਤਾਂ ਹੈ ਪਰ ਤੂੰ ਉਸ ਦੀ ਵਰਤੋਂ ਕਰਨ ਦੀ ਬਜਾਏ ਉਸ ਨੂੰ ਸਿਰਫ਼ ਆਪਣੇ ਮਨ ’ਚ ਲੈ ਕੇ ਬੈਠਾ ਹੈਂ, ਜਿਵੇਂ ਝੀਲ ਅਸਲੀ ਚੰਨ ਦਾ ਪਰਛਾਵਾਂ ਲੈ ਕੇ ਬੈਠੀ ਹੈ। ਤੇਰਾ ਗਿਆਨ ਤਾਂ ਹੀ ਸਾਰਥਿਕ ਹੋ ਸਕਦਾ ਹੈ
ਜੇਕਰ ਤੂੰ ਉਸ ਨੂੰ ਇਕਾਗਰਤਾ ਨਾਲ ਅਪਨਾਉਣ ਦੀ ਕੋਸ਼ਿਸ਼ ਕਰੇਂ। ਝੀਲ ਦਾ ਚੰਨ ਪਾਣੀ ’ਚ ਕੰਕੜ ਡਿੱਗਣ ’ਤੇ ਹਿੱਲਣ ਲੱਗਦਾ ਹੈ। ਤੇਰਾ ਮਨ ਵੀ ਜਰਾ ਜਿੰਨੀ ਗੱਲ ’ਤੇ ਡੋਲਣ ਲੱਗ ਜਾਂਦਾ ਹੈ। ਤੈਨੂੰ ਆਪਣੇ ਗਿਆਨ ਅਤੇ ਵਿਵੇਕ ਨੂੰ ਜੀਵਨ ’ਚ ਨਿਯਮਪੂਰਵਕ ਵਰਤੋਂ ’ਚ ਲਿਆਉਣਾ ਪਵੇਗਾ, ਤਾਂ ਹੀ ਤੂੰ ਆਪਣਾ ਟੀਚਾ ਹਾਸਲ ਕਰ ਸਕੇਂਗਾ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.