ਵਿਅਕਤੀ ਦੀ ਸ਼ਖਸੀਅਤ ਦਾ ਦਰਪਣ, ਗੱਲਾਂ
ਕਿਸੇ ਵੀ ਵਿਅਕਤੀ ਦਾ ਰੰਗ-ਰੂਪ, ਕੱਦ-ਕਾਠ ਜਾਂ ਸੋਹਣੀ ਸ਼ਕਲ-ਸੂਰਤ ਅਤੇ ਉਸ ਦੀਆਂ ਯੋਗਤਾਵਾਂ ਜਿੱਥੇ ਉਸ ਦੀ ਸ਼ਖਸੀਅਤ ਨੂੰ ਨਿਖਾਰਦੀਆਂ ਹਨ, ਉੱਥੇ ਵਿਅਕਤੀ ਦੁਆਰਾ ਗੱਲਬਾਤ ਦੌਰਾਨ ਵਰਤੇ ਸ਼ਬਦ ਵੀ ਸ਼ਖਸੀਅਤ ਨੂੰ ਚਾਰ ਚੰਨ ਲਾ ਦਿੰਦੇ ਹਨ। ਕਈ ਵਿਅਕਤੀਆਂ ਦੀਆਂ ਗੱਲਾਂ ਉਨ੍ਹਾਂ ਫੁੱਲਾਂ ਦੀ ਖੁਸ਼ਬੂ, ਮਹਿਕ ਜਾਂ ਉਸ ਕੋਇਲ ਦੀ ਆਵਾਜ਼ ਵਰਗੀਆਂ ਹੁੰਦੀਆਂ ਹਨ ਜੋ ਦੂਜਿਆਂ ਨੂੰ ਪ੍ਰਭਾਵਿਤ ਕਰਨ, ਮੋਹ ਲੈਣ ਜਾਂ ਆਕਰਸ਼ਿਤ ਕਰ ਲੈਣ ਦੀ ਯੋਗਤਾ ਰੱਖਦੀਆਂ ਹਨ। ਗੱਲਾਂ ਦੀ ਸਾਂਝ ਦਿਲ ਦੀਆਂ ਡੂੰਘਾਈਆਂ ਨਾਲ ਹੁੰਦੀ ਹੈ। ਇਹ ਵਿਅਕਤੀ ਦੀਆਂ ਗੱਲਾਂ ਹੀ ਹੁੰਦੀਆਂ ਹਨ ਜਿਨ੍ਹਾਂ ਤੋਂ ਵਿਅਕਤੀ ਦੀ ਸ਼ਖਸੀਅਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਉਸ ਤਰ੍ਹਾਂ ਕਿਸੇ ਦੂਸਰੇ ਦੇ ਮਨ ਨੂੰ ਫਰੋਲਣ ਦੀ ਸ਼ਕਤੀ ਕਿਸੇ ਵਿਚ ਨਹੀਂ ਹੁੰਦੀ। ਗੱਲਾਂ ਦਾ ਖਜ਼ਾਨਾ ਚੰਗੇ ਵਿਅਕਤੀਤਵ ਦਾ ਆਧਾਰ ਹੈ। ਵਿਅਕਤੀ ਦੀਆਂ ਗੱਲਾਂ ਵਿਚੋਂ ਹੀ ਮਜ਼ਾਕ ਤੇ ਟਿੱਚਰਾਂ ਕਈਆਂ ਲਈ ਮਨੋਰੰਜਨ ਦਾ ਸਾਧਨ ਬਣਦੀਆਂ ਹਨ ਅਤੇ ਕਈਆਂ ਲਈ ਹਮਦਰਦੀ ਤੇ ਹੱਲਾਸ਼ੇਰੀ ਦਾ। ਸ਼ਖਸੀਅਤ ਵਿਚ ਬੋਲਣ ਦੇ ਸਲੀਕੇ ਦੇ ਨਾਲ ਕਿਹੜੀ ਗੱਲ ਕਿਸ ਜਗ੍ਹਾ ‘ਤੇ ਕਿਸ ਢੰਗ ਨਾਲ ਕਹਿਣੀ ਹੈ ਵੀ ਅਹਿਮ ਸਥਾਨ ਰੱਖਦੀ ਹੈ।
ਸੁੰਦਰ ਗੱਲਾਂ ਜਦੋਂ ਮਿਠਾਸ ਭਰੇ ਬੋਲਾਂ ਨਾਲ ਦੂਸਰਿਆਂ ਤੱਕ ਪਹੁੰਚਦੀਆਂ ਹਨ ਤਾਂ ਉਨ੍ਹਾਂ ਦੇ ਮਨਾਂ ਨੂੰ ਤਰੋਤਾਜ਼ਾ ਕਰ ਦਿੰਦੀਆਂ ਹਨ ਤੇ ਉਨ੍ਹਾਂ ਦਾ ਮਨ ਨਹੀਂ ਅੱਕਦਾ। ਲੋਕ ਅਜਿਹੇ ਬੋਲ ਬੋਲਣ ਵਾਲਿਆਂ ਵੱਲ ਖਿੱਚੇ ਚਲੇ ਜਾਂਦੇ ਹਨ ਤੇ ਉਨ੍ਹਾਂ ਦਾ ਸੰਗ ਮਾਣਨ ਲਈ ਤੱਤਪਰ ਰਹਿੰਦੇ ਹਨ। ਉਨ੍ਹਾਂ ਦਾ ਰਿਸ਼ਤਾ ਕੋਮਲਤਾ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਅਜਿਹੇ ਵਿਅਕਤੀਆਂ ਦੇ ਭਾਵ ਫਿਰ ਅਜਿਹੀ ਛੋਹ ਛੱਡ ਜਾਂਦੇ ਹਨ ਕਿ ਅਸੀਂ ਸਾਰੀ ਜ਼ਿੰਦਗੀ ਇਸ ਦੇ ਅਹਿਸਾਸ ਨਾਲ ਆਨੰਦਮਈ ਜੀਵਨ ਬਤੀਤ ਕਰ ਲੈਂਦੇ ਹਾਂ।
ਤਪਦੀ ਧਰਤੀ ‘ਤੇ ਬਾਰਸ਼ ਤੋਂ ਬਾਅਦ ਵਾਲੀ ਮਹਿਕ ਵਰਗੀ ਹੁੰਦੀ ਹੈ ਅਜਿਹੇ ਲੋਕਾਂ ਦੇ ਬੋਲਾਂ ਦੀ ਮਹਿਕ ਜੋ ਅੰਦਰ ਤੱਕ ਖੁਸ਼ਬੂਦਾਰ ਕਰ ਦਿੰਦੀ ਹੈ। ਇਸ ਦੇ ਉਲਟ ਕਠੋਰਤਾ ਤੇ ਕੁੜੱਤਣ ਭਰੇ ਸ਼ਬਦਾਂ ਨਾਲ ਗੱਲਾਂ ਕਰਨ ਵਾਲਿਆਂ ਦੇ ਬੋਲ ਉਸ ਲਾਵੇ ਦੀ ਤਰ੍ਹਾਂ ਹੁੰਦੇ ਹਨ ਜੋ ਜਿੱਧਰ ਵੀ ਜਾਂਦਾ ਹੈ ਅੱਗਾਂ ਲਾਈ ਜਾਂਦਾ ਹੈ ਅਤੇ ਸੁਣਨ ਵਾਲਿਆਂ ਦਾ ਕਲੇਜਾ ਛਲਣੀ ਕਰੀ ਜਾਂਦਾ ਹੈ। ਜਿਸ ਤਰ੍ਹਾਂ ਪਾਣੀ ਗਰਮ ਹੋਵੇ ਤਾਂ ਹੱਥ ਸੜਦਾ ਹੈ ਉਸੇ ਤਰ੍ਹਾਂ ਕੁੜੱਤਣ ਭਰੇ ਬੋਲਾਂ ਨਾਲ ਕਾਲਜਾ।
ਉਨ੍ਹਾਂ ਦੀ ਜ਼ੁਬਾਨ ਵਿਚੋਂ ਨਿੱਕਲੇ ਭੈੜੇ ਬੋਲ ਤਲਵਾਰ ਤੋਂ ਵੀ ਡੂੰਘਾ ਜ਼ਖਮ ਦੇ ਜਾਂਦੇ ਹਨ ਅਤੇ ਹਮੇਸ਼ਾਂ ਰੜਕਦੇ ਰਹਿੰਦੇ ਹਨ। ਲੋਕ ਅਜਿਹੇ ਬੋਲਾਂ ਵਾਲਿਆਂ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ। ਰੋਜ਼ਮਰਾ ਦੇ ਜੀਵਨ ਵਿਚ ਸਾਡਾ ਵਾਹ ਅਨੇਕਾਂ ਲੋਕਾਂ ਨਾਲ ਪੈਂਦਾ ਹੈ।ਉਨ੍ਹਾਂ ਦੀਆਂ ਗੱਲਾਂ ਅਤੇ ਵਿਵਹਾਰ ਤੋਂ ਹੀ ਉਨ੍ਹਾਂ ਦੀ ਸ਼ਖਸੀਅਤ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ। ਕਈ ਵਾਰ ਜੀਵਨ ਵਿਚ ਅਜਿਹੇ ਲੋਕ ਮਿਲ ਜਾਂਦੇ ਹਨ ਜੋ ਸ਼ਹਿਦ ਨਾਲੋਂ ਵੀ ਮਿੱਠੇ ਸ਼ਬਦਾਂ ਨਾਲ ਤੁਹਾਡੀ ਸ਼ਖਸੀਅਤ ਵਿਚ ਰੰਗ ਭਰ ਕੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਗੁਣ ਗਾਉਂਦੇ ਨਹੀਂ ਥੱਕਦੇ। ਤੁਹਾਡੇ ਨਿੱਕੇ ਤੋਂ ਵੀ ਨਿੱਕੇ ਕੰਮ ਨੂੰ ਵੱਡਾ ਕਰਕੇ ਵਿਖਾਉਂਦੇ ਹਨ ਅਤੇ ਝੂਠੀਆਂ ਗੱਲਾਂ ਨਾਲ ਤੁਹਾਡੀ ਤਾਰੀਫ ਕਰਦੇ ਰਹਿੰਦੇ ਹਨ।
ਹੌਲੀ-ਹੌਲੀ ਤੁਹਾਡਾ ਭਰੋਸਾ ਜਿੱਤ ਕੇ ਤੁਹਾਡੀਆਂ ਕਮਜ਼ੋਰੀਆਂ ਨੂੰ ਢਾਲ ਬਣਾ ਕੇ ਤੁਹਾਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ। ਅਕਸਰ ਅਜਿਹੇ ਲੋਕ ਤੁਹਾਡੇ ਦੋਸਤਾਂ, ਕੰਮ ਵਾਲੇ ਸਥਾਨ, ਆਂਢ-ਗੁਆਂਢ ਅਤੇ ਰਿਸ਼ਤਿਆਂ ਵਿਚ ਵੀ ਮਿਲ ਜਾਂਦੇ ਹਨ। ਅਜਿਹੇ ਬਹੁਰੂਪੀਆਂ ਤੋਂ ਚੁਕੰਨੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਗੱਲਾਂ ਕਰਨ ਵਾਲਾ ਉੱਘ ਪਤਾਲ ਦੀਆਂ ਮਾਰੀ ਜਾਵੇ ਤੇ ਸੁਣਨ ਵਾਲਿਆਂ ਦੇ ਹੱਥ-ਪੱਲੇ ਕੁਝ ਨਾ ਪਵੇ ਤਾਂ ਅਜਿਹੇ ਲੋਕਾਂ ਨੂੰ ਕਮਲੇ ਕਹਿ ਦਿੰਦੇ ਹਨ ਤੇ ਉਨ੍ਹਾਂ ਦੀਆਂ ਗੱਲਾਂ ਨੂੰ ਯੱਭਲੀਆਂ।
ਕਈ ਲੋਕ ਆਪਣੀ ਗੱਲਬਾਤ ਦੌਰਾਨ ਆਪਣੀ ਪਿੱਠ ਖੁਦ ਹੀ ਥਾਪੜਦੇ ਨਜ਼ਰ ਆਉਂਦੇ ਹਨ। ਖੁਦ ਹੀ ਡੀਂਗਾਂ ਮਾਰਨ ਲੱਗਦੇ ਹਨ। ਅਜਿਹੇ ਲੋਕ ਅਸਲ ਵਿਚ ਜ਼ਿੰਦਗੀ ਤੋਂ ਹਾਰੇ ਹੁੰਦੇ ਹਨ ਅਤੇ ਆਪਣੀ ਹਾਰ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਆਪਣੀਆਂ ਇਨ੍ਹਾਂ ਹਰਕਤਾਂ ਕਾਰਨ ਅਕਸਰ ਲੋਕਾਂ ਦੀ ਨਜ਼ਰ ‘ਚੋਂ ਗਿਰਦੇ ਰਹਿੰਦੇ ਹਨ। ਕਈ ਲੋਕ ਵਾਅਦੇ ਦੇ ਇੰਨੇ ਪੱਕੇ ਹੁੰਦੇ ਹਨ ਕਿ ਵਾਅਦਿਆਂ ਨੂੰ ਪੂਰਾ ਕਰਨ ਲਈ ਉਹ ਪੂਰਾ ਜ਼ੋਰ ਲਾ ਦਿੰਦੇ ਹਨ। ਇੱਥੋਂ ਤੱਕ ਕਿ ਕਈ ਵਾਰ ਆਪਣੀਆਂ ਖੁਸ਼ੀਆਂ ਨੂੰ ਵੀ ਕੁਰਬਾਨ ਕਰ ਦਿੰਦੇ ਹਨ।
ਅਜਿਹੇ ਲੋਕਾਂ ਦਾ ਦੂਸਰਿਆਂ ਦੀ ਨਜ਼ਰ ਵਿਚ ਸਥਾਨ ਬਹੁਤ ਉੱਚਾ ਹੁੰਦਾ ਹੈ। ਸਮਾਜ ਵਿਚ ਵਿਚਰਦਿਆਂ ਕਈ ਵਾਰ ਵਿਅਕਤੀ ਅਜਿਹੇ ਮੋੜ ‘ਤੇ ਆਣ ਖੜ੍ਹਾ ਹੁੰਦਾ ਹੈ ਕਿ ਉਹ ਫੈਸਲਾ ਨਹੀਂ ਕਰ ਸਕਦਾ ਕਿ ਕਿਹੜਾ ਰਾਹ ਚੁਣਿਆ ਜਾਵੇ।ਅਜਿਹੇ ਮੌਕੇ ਸਮੇਂ ਉਹ ਕਿਸੇ ਦੂਸਰੇ ਦੀ ਰਾਏ ਚਾਹੁੰਦਾ ਹੈ। ਜੋ ਵਿਅਕਤੀ ਆਪਣੀ ਸਮਝ ਅਨੁਸਾਰ ਉਸ ਦਾ ਸਹੀ ਮਾਰਗਦਰਸ਼ਨ ਕਰਦਾ ਹੈ ਉਹ ਵਧੀਆ ਸਲਾਹਕਾਰ ਮੰਨਿਆ ਜਾਂਦਾ ਤੇ ਅਕਸਰ ਲੋਕ ਉਸ ਵੱਲੋਂ ਕਹੀਆਂ ਗੱਲਾਂ ਨੂੰ ਸਲਾਹ ਦੇ ਰੂਪ ਵਿਚ ਲੈਂਦੇ ਹਨ।
ਪਰ ਜੋ ਲੋਕ ਦੂਜੇ ਨੂੰ ਸਲਾਹ ਦੇਣ ਸਮੇਂ ਹੋਰ ਅਤੇ ਆਪਣੇ ਵਾਸਤੇ ਕੁਝ ਹੋਰ ਰਸਤਾ ਚੁਣਦੇ ਹਨ ਉਨ੍ਹਾਂ ਬਾਰੇ ਲੋਕਾਂ ਦੇ ਮਨ ਵਿਚ ਨਕਾਰਾਤਮਕ ਰਾਏ ਬਣ ਜਾਂਦੀ ਹੈ। ਕਈ ਲੋਕ ਦੂਸਰਿਆਂ ਦੇ ਹਰ ਕੰਮ ਵਿਚ ਕੇਵਲ ਟੀਕਾ-ਟਿੱਪਣੀ ਹੀ ਕਰਦੇ ਹਨ ਭਾਵੇਂ ਕੰਮ ਵਧੀਆ ਵੀ ਕੀਤਾ ਹੋਵੇ।ਅਜਿਹਿਆਂ ਦੀ ਸ਼ਖਸੀਅਤ ਦਾ ਕੋਈ ਮਹੱਤਵ ਨਹੀਂ ਹੁੰਦਾ। ਜਿਵੇਂ ਜਿਊਂਦੇ ਰਹਿਣ ਲਈ ਭੋਜਨ ਖਾਂਦੇ ਰਹਿਣਾ ਜ਼ਰੂਰੀ ਹੈ, ਉਸੇ ਤਰ੍ਹਾਂ ਜੀਵਨ ਨੂੰ ਰੋਚਕ ਬਣਾਉਣ ਤੇ ਆਪਣੀ ਸ਼ਖਸੀਅਤ ਨੂੰ ਨਿਖਾਰਨ ਲਈ ਰਸਭਰੇ ਸ਼ਬਦਾਂ ਵਾਲੀਆਂ ਗੱਲਾਂ ਦਾ ਆਸਰਾ ਤੱਕਿਆ ਜਾਂਦਾ ਹੈ। ਇਸ ਲਈ ਗੱਲਬਾਤ ਸਮੇਂ ਸਾਨੂੰ ਤੋਲ-ਮੋਲ ਕੇ ਹੀ ਬੋਲਣਾ ਚਾਹੀਦਾ ਹੈ।
ਗੱਲਾਂ ਕਰਦੇ ਸਮੇਂ ਸੂਈ ਭਾਵੇਂ ਰੱਖੋ ਪਰ ਨਾਲ ਹੀ ਉਸ ਵਿਚ ਧਾਗਾ ਵੀ ਪਾ ਕੇ ਰੱਖੋ ਤਾਂ ਜੋ ਸੂਈ ਕੇਵਲ ਛੇਕ ਹੀ ਨਾ ਕਰੇ, ਆਪਸ ਵਿਚ ਫੁੱਲਾਂ ਦੀ ਮਾਲਾ ਵਾਂਗ ਜੋੜੀ ਵੀ ਰੱਖੇ ਕਿਉਂਕਿ ਇਹ ਤੁਹਾਡੇ ਬੋਲ ਹੀ ਹਨ ਜੋ ਤੁਹਾਡੀ ਸ਼ਖਸੀਅਤ ਦੇ ਦੁਸ਼ਮਣ ਵੀ ਹਨ ਅਤੇ ਦੋਸਤ ਵੀ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
ਕੈਲਾਸ਼ ਚੰਦਰ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।