ਮਾਮਲਾ ਭੱਠਲ ਕਾਲਜ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ (Laheragaga News )
(ਨੈਨਸੀ ਇੰਸਾਂ) ਲਹਿਰਾਗਾਗਾ। ਬੀਤੇ ਦਿਨੀਂ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਮਾਲਵੇ ਦੀ ਅਹਿਮ ਸਿੱਖਿਆ ਸੰਸਥਾ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਜੀ ਨੂੰ 31 ਅਕਤੂਬਰ 2023 ਤੋਂ ਬੰਦ ਕਰਨ ਦੇ ਨਾਲ-ਨਾਲ ਸਮੂਹ ਸਟਾਫ਼ ਦੀਆਂ ਸੇਵਾਵਾਂ ਵੀ 31 ਅਕਤੂਬਰ 2023 ਤੋਂ ਖਤਮ ਕਰਨ ਦੇ ਸਰਕਾਰ ਦੇ ਫਰਮਾਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਤੇ ਹੋਰ ਸੰਸਥਾਵਾਂ ਦੇ ਨਾਲ ਨਾਲ ਆਮ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੈ। ਹਰ ਵਰਗ ਵੱਲੋਂ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਜਾ ਰਹੀ ਹੈ। Laheragaga News
ਜਥੇਬੰਦੀਆਂ ਤੇ ਆਮ ਜਨਤਾ ’ਚ ਸਰਕਾਰ ਪ੍ਰਤੀ ਭਾਰੀ ਰੋਸ
ਭੱਠਲ ਕਾਲਜ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਮੁੱਦਾ ਸੋਸ਼ਲ ਮੀਡੀਆ ’ਤੇ ਵੀ ਛਾਇਆ ਹੋਇਆ ਹੈ ਤੇ ਹਰ ਵਿਅਕਤੀ ਸਰਕਾਰ ਦਾ ਵਿਰੋਧ ਕਰ ਰਿਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕਹਿੰਦੇ ਸਨ ਕਿ ਉਨ੍ਹਾਂ ਦਾ ਹਰਾ ਪੈਨ ਰੁਜ਼ਗਾਰ ਦੇਣ ਲਈ ਚੱਲੇਗਾ, ਪਰ ਮਾਨ ਸਾਹਿਬ ਦਾ ਹਰਾ ਪੈਨ ਭੱਠਲ ਕਾਲਜ ਦੇ 100 ਮੁਲਾਜ਼ਮਾਂ ਦੇ ਚੁੱਲਿਆਂ ਦੀ ਅੱਗ ਬੁਝਾਉਣ ਲਈ ਹੀ ਚੱਲ ਪਿਆ ਸਰਕਾਰ ਦੇ ਫੈਸਲੇ ਵਿਰੁੱਧ ਕਿਸਾਨ ਤੇ ਹੋਰ ਜਥੇਬੰਦੀਆਂ ਅੰਦਰ ਸੰਘਰਸ਼ ਕਰਨ ਦੀ ਸੁਲਗ ਰਹੀ ਚੰਗਿਆੜੀ ਕਦੇ ਵੀ ਭਾਂਬੜ ਬਣ ਕੇ ਬਾਹਰ ਆ ਸਕਦੀ ਹੈ।
ਇਹ ਵੀ ਪੜ੍ਹੋ : Morning Cough : ਸਵੇਰੇ ਖੰਘ ਦੀ ਸਮੱਸਿਆ ਨੂੰ ਨਜ਼ਰਅੰਦਾਜ ਨਾ ਕਰੋ, ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ
ਬੇਸ਼ੱਕ ਤਕਨੀਕੀ ਸਿੱਖਿਆ ਮੰਤਰੀ ਵੱਲੋਂ ਮੁਲਾਜ਼ਮਾਂ ਦੀ ਐਡਜਸਟਮੈਂਟ ਕਰਨ ਦੇ ਬਿਆਨ ਦਿੱਤੇ ਜਾ ਰਹੇ ਹਨ, ਪਰ ਹੈਰਾਨੀ ਇਹ ਹੈ ਕਿ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਅਤੇ ਸੰਸਥਾ ਨੂੰ ਬੰਦ ਕਰਨ ਦਾ ਤਾਂ ਲਿਖਤੀ ਫਰਮਾਨ ਜਾਰੀ ਕਰ ਦਿੱਤਾ ਗਿਆ, ਪਰ ਮੁਲਾਜ਼ਮਾਂ ਦੀ ਐਡਜਸਟਮੈਂਟ ਕਰਨ ਸਬੰਧੀ ਕੋਈ ਵੀ ਸਰਕਾਰ ਜਾਂ ਵਿਭਾਗ ਵੱਲੋਂ ਅਜੇ ਤੱਕ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ, ਜਿਸ ਨੂੰ ਲੈ ਕੇ ਸਮੁੱਚਾ ਸਟਾਫ਼ ਗਹਿਰੇ ਸਦਮੇ ’ਚ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਤਨਖਾਹ ਨਾ ਮਿਲਣ ਦੇ ਚਲਦੇ ਆਰਥਿਕ ਤੰਗੀ ਦੇ ਕਾਰਨ ਪਿਛਲੇ ਦਿਨੀਂ ਇੱਕ ਮੁਲਾਜ਼ਮ ਵੱਲੋਂ ਕਾਲਜ ਦੇ ਅੰਦਰ ਹੀ ਖੁਦਕੁਸ਼ੀ ਕਰ ਲਈ ਗਈ ਸੀ, ਪਰ ਅਜੇ ਤੱਕ ਸਰਕਾਰ ਦੇ ਵਾਅਦਿਆਂ ਦੇ ਬਾਵਜ਼ੂਦ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ।
‘ਮੁਲਾਜ਼ਮਾਂ ਦੇ ਹਿੱਤਾਂ ਦੀ ਕਰਾਂਗੇ ਰਾਖੀ’ (Laheragaga News )
ਭੱਠਲ ਕਾਲਜ ਦੇ ਮੁਲਾਜ਼ਮਾਂ ਨੂੰ 31 ਅਕਤੂਬਰ ਤੋਂ ਬਾਅਦ ਸੇਵਾਵਾਂ ਤੋਂ ਫਾਰਗ ਕਰਨ ਸਬੰਧੀ ਜਾਰੀ ਫਰਮਾਨ ’ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਬੀਕੇਯੂ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸੌਰ, ਭਾਜਪਾ ਦੇ ਸੀਨੀਅਰ ਉਪ ਪ੍ਰਧਾਨ ਅਰਵਿੰਦ ਖੰਨਾ ਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਮੈਂਬਰ ਬੀਬੀ ਭੱਠਲ ਦੇ ਸਪੁੱਤਰ ਰਾਹੁਲ ਸਿੱਧੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਨਮੀਕ ਸਿੰਘ ਹੈਨਰੀ ਨੇ ਸੋਸਲ ਮੀਡੀਆ ’ਤੇ ਲਾਇਵ ਹੁੰਦਿਆਂ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਉਹ ਮੁਲਾਜ਼ਮਾਂ ਦੇ ਹਿੱਤਾਂ ਦਾ ਘਾਣ ਨਹੀਂ ਹੋਣ ਦੇਣਗੇ। (Laheragaga News )
ਉਨ੍ਹਾਂ ਕਿਹਾ ਕਿ ਸਰਕਾਰ ਦਾ ਫੈਸਲਾ ਤਾਨਾਸਾਹੀ ਫੈਸਲਾ ਹੈ ਜੋ ਪੰਜਾਬ ਦੇ ਇਤਿਹਾਸ ਦੇ ਕਾਲੇ ਪੰਨਿਆਂ ’ਤੇ ਲਿਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਸਰਕਾਰ ਨੇ ਮੁਲਾਜ਼ਮਾਂ ਦੀ ਨੌਕਰੀ ਨੂੰ ਬਹਾਲ ਨਾ ਕੀਤਾ ਤਾਂ ਉਹ ਸਰਕਾਰ ਵਿਰੁੱਧ ਸੂਬਾ ਪੱਧਰ ਤੇ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰਨਗੇ।